ਅੱਜ ਨਿਊਜ਼ੀਲੈਂਡ ਦਾ ਟਾਕਰਾ ਹੋਵੇਗਾ ਵੈਸਟ ਇੰਡੀਜ਼ ਨਾਲ…

0
93

ਆਕਲੈਂਡ (22 ਜੂਨ) : ਵੈਸਟ ਇੰਡੀਜ਼ ਦੀ ਟੀਮ ਸ਼ੁਰੂ ਵਿੱਚ ਚੰਗਾ ਪ੍ਰਦਰਸ਼ਨ ਕਰਨ ਮਗਰੋਂ ਇਸ ਨੂੰ ਲਗਾਤਾਰ ਕਾਇਮ ਨਹੀਂ ਰੱਖ ਸਕੀ ਅਤੇ ਹੁਣ ਬਿਹਤਰੀਨ ਲੈਅ ਵਿੱਚ ਚੱਲ ਰਹੇ ਨਿਊਜ਼ੀਲੈਂਡ ਖ਼ਿਲਾਫ਼ ਸ਼ਨਿੱਚਰਵਰ ਨੂੰ ਇੱਥੇ ਹੋਣ ਵਾਲਾ ਵਿਸ਼ਵ ਕੱਪ ਲੀਗ ਮੈਚ ਉਸ ਦੇ ਲਈ 'ਕਰੋ ਜਾਂ ਮਰੋ' ਵਰਗਾ ਬਣ ਗਿਆ ਹੈ। ਵੈਸਟ ਇੰਡੀਜ਼ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ ਸੀ, ਪਰ ਇਸ ਮਗਰੋਂ ਕੈਰੇਬਿਆਈ ਟੀਮ ਚੰਗਾ ਪ੍ਰਰਦਸ਼ਨ ਨਹੀਂ ਕਰ ਸਕੀ ਅਤੇ ਉਸ ਨੂੰ ਆਸਟਰੇਲੀਆ, ਇੰਗਲੈਂਡ ਅਤੇ ਬੰਗਲਾਦੇਸ਼ ਤੋਂ ਹਾਰ ਝੱਲਣੀ ਪਈ, ਜਦਕਿ ਦੱਖਣੀ ਅਫਰੀਕਾ ਖ਼ਿਲਾਫ਼ ਉਸ ਦਾ ਮੈਚ ਮੀਂਹ ਨੇ ਧੋ ਦਿੱਤਾ ਸੀ।
ਵੈਸਟ ਇੰਡੀਜ਼ ਇਸ ਸਮੇਂ ਦਸ ਟੀਮਾਂ ਵਿੱਚ ਤਿੰਨ ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ ਅਤੇ ਸੈਮੀ-ਫਾਈਨਲ ਦੀਆਂ ਉਮੀਦਾਂ ਨੂੰ ਕਾਇਮ ਰੱਖਣ ਲਈ ਉਸ ਨੂੰ ਹੁਣ ਸਾਰੇ ਮੈਚਾਂ ਵਿੱਚ ਜਿੱਤ ਦਰਜ ਕਰਨੀ ਹੋਵੇਗੀ। ਬੰਗਲਾਦੇਸ਼ ਖ਼ਿਲਾਫ਼ ਵੈਸਟ ਇੰਡੀਜ਼ ਨੂੰ ਵੱਡੇ ਸਕੋਰ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਅੱਠ ਵਿਕਟਾਂ 'ਤੇ ੩੨੧ ਦੌੜਾਂ ਦਾ ਸਕੋਰ ਬਣਾਇਆ, ਪਰ ਬੰਗਲਾਦੇਸ਼ ਨੇ ਆਸਾਨੀ ਨਾਲ ੪੧.੩ ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। ਕ੍ਰਿਸ ਗੇਲ ਨੂੰ ਛੱਡ ਕੇ ਵੈਸਟ ਇੰਡੀਜ਼ ਦੇ ਬਾਕੀ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਪਰ ਉਸ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਨਿਰਾਸ਼ ਕੀਤਾ। ਬੱਲੇਬਾਜ਼ੀ ਵਿੱਚ ਈਵਨ ਲੂਈ, ਸ਼ਾਈ ਹੋਪ, ਸ਼ਿਮਰੋਨ ਹੈਟਮਾਇਰ ਅਤੇ ਕਪਤਾਨ ਜੇਸਨ ਹੋਲਡਰ ਨੇ ਜ਼ਿੰਮਾ ਸੰਭਾਲੀ ਰੱਖਿਆ, ਪਰ ਗੇਲ ਅਤੇ ਆਂਦਰੇ ਰੱਸਲ ਨੇ ਟੀਮ ਨੂੰ ਨਿਰਾਸ਼ ਕੀਤਾ ਹੈ।
ਟੀਮ ਨੇ ਜੇਕਰ ਮੈਚ ਜਿੱਤਣਾ ਹੈ ਤਾਂ ਸ਼ੇਲਡਨ ਕੋਟਰੇਲ, ਸ਼ੈਨਨ ਗੈਬਰੀਅਲ ਅਤੇ ਓਸ਼ੇਨ ਥੌਮਸ ਨੂੰ ਗੇਂਦਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਉਸ ਨੂੰ ਨਿਊਜ਼ੀਲੈਂਡ ਨੂੰ ਰੋਕਣਾ ਹੋਵੇਗਾ, ਜਿਸ ਨੇ ਹੁਣ ਤੱਕ ਪੰਜ ਵਿੱਚੋਂ ਚਾਰ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਭਾਰਤ ਖ਼ਿਲਾਫ਼ ਉਸ ਦਾ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ।