ਆਓ ਆਪਣੇ ਕਾਰਜਾਂ ਨਾਲ ਸਵੈ ਨੂੰ ਪਰਿਭਾਸ਼ਤ ਕਰੀਏ-ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ

0
127

ਆਕਲੈਂਡ (30 ਮਈ): ਨਿਊਜੀਲੈਂਡ ਦੇ ਵਿਚ ਪ੍ਰਵਾਸੀਆਂ ਨੇ ਜਨਤਕ ਅਤੇ ਪੇਸ਼ੇਵਾਰਾਨਾ ਜੀਵਨ ਦੇ ਸਾਰੇ ਖੇਤਰਾਂ ਵਿੱਚ ਨਵੇਂ ਚਿੱਨ੍ਹ ਪਾਏ ਹਨ ਅਤੇ ਲਗਾਤਾਰ ਪਾ ਰਹੇ ਹਨ। 
ਜਿਵੇਂ ਕਿ ਸਾਡੀ ਜਨਸੰਖਿਆ ਨਿਊਜ਼ੀਲੈਂਡ ਵਿੱਚ ਪਾਏ ਜਾ ਰਹੇ ਸਾਡੇ ਸਮਾਜਿਕ ਅਤੇ ਆਰਥਿਕ ਯੋਗਦਾਨ ਦੇ ਨਾਲ ਵੱਧਦੀ ਹੈ ਉਵੇਂ ਹੀ  ਜਨਤਕ ਅਤੇ ਪੇਸ਼ੇਵਰ ਖੇਤਰਾਂ ਵਿੱਚ ਵੀ ਸਾਡੀ ਸ਼ਮੂਲੀਅਤ ਅਤੇ ਪ੍ਰਭਾਵ ਵੀ ਲਗਾਤਾਰ ਵਾਧੇ ਵੱਲ ਹਨ।
ਵਿਅਕਤੀਗਤ ਤੌਰ 'ਤੇ ਜਿਵੇਂ ਕਿ ਸਾਬਕਾ ਗਵਰਨਰ ਸਰ ਆਨੰਦ ਸਤਿਆਨੰਦ, ਮਾਣਯੋਗ ਜੱਜ ਸ੍ਰੀ ਅਜੀਤ ਸਵਰਨ ਸਿੰਘ, ਆਨਰੇਰੀ ਕੌਂਸਿਲ  ਔਕਲੈਂਡ ਸ੍ਰੀ ਭਵਦੀਪ ਸਿੰਘ ਢਿਲੋਂ, ਸ੍ਰੀ ਰਾਬਿਨ ਰਾਬਿੰਦਰਨ, ਸਮਾਜ ਸੇਵਿਕਾ ਮਿਸਜ਼ ਰੰਜਨਾ ਪਟੇਲ ਅਤੇ ਸ੍ਰੀ ਸਮੀਰ ਹਾਂਡਾ ਆਦਿ ਨੇ ਆਪਣੀ ਦਿਆਨਤਦਾਰੀ ਕਾਇਮ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਇਸ ਪ੍ਰਕਿਰਿਆ ਦਾ ਨਤੀਜਾ ਇਹ ਹੈ ਕਿ ਨਿਊਜ਼ੀਲੈਂਡ ਦੇ ਵਿਚ ਭਾਰਤ ਅਤੇ ਭਾਰਤੀਆਂ ਦੀ ਇਕ ਵਿਲੱਖਣ ਛਾਪ ਬਣੀ ਹੈ ਅਤੇ ਮਾਨ-ਸਨਮਾਨ ਵੀ ਹਾਸਿਲ ਹੋਇਆ ਹੈ।
ਸਾਡੇ ਵਿੱਚੋਂ ਬਹੁਤ ਸਾਰੇ ਜੋ ਇੱਥੇ ਰਹਿ ਰਹੇ ਹਨ ਉਹ ਰੋਲ ਮਾਡਲ ਵਜੋਂ ਇਸ ਵੇਲੇ ਪੇਸ਼ ਹਨ ਅਤੇ ਅਸੀਂ ਵੀ ਅਜਿਹਾ ਮਹਾਨ ਕਾਰਜ ਕਰ ਸਕਦੇ ਹਾਂ ਤੇ ਕਰਨਾ ਚਾਹੀਦਾ ਵੀ ਹੈ। ਇਨ੍ਹਾਂ ਲੋਕਾਂ ਨੇ ਸਿੱਧ ਕੀਤਾ ਹੈ ਕਿ ਬਰਾਬਰਤਾ ਵੰਡਦੇ ਇਸ ਦੇਸ਼ ਦੇ ਵਿਚ ਭਾਰਤੀਆਂ ਲਈ ਬਰਾਬਰ ਦੇ ਮੌਕੇ ਹਨ ਜਿਨ੍ਹਾਂ ਦਾ ਫਾਇਦਾ ਲਿਆ ਜਾ ਸਕਦਾ ਹੈ।
ਸਾਡੇ ਏਥਨਕ ਭਾਈਚਾਰੇ ਦੇ ਲੋਕਾਂ ਵੱਲੋਂ ਸਾਲਾਂ ਦੇ ਕੀਤੇ ਉਪਰਾਲਿਆਂ ਦਾ ਸਾਰਥਿਕ ਅਸਰ ਸਮਾਜ ਦੇ ਨਾਲ-ਨਾਲ ਨਿਊਜ਼ੀਲੈਂਡ ਦੇ ਅਰਥਚਾਰੇ ਉਤੇ ਵੀ ਪਿਆ ਹੈ। ਜਿਨ੍ਹਾਂ ਲੋਕਾਂ ਦੇ ਨਾਲ ਅਸੀਂ ਵਿਚਰਦੇ ਹਾਂ ਉਨ੍ਹਾਂ ਲਈ ਇਹ ਇਕ ਸਕਾਰਾਤਮਕ ਸੰਕੇਤ ਦੇ ਬਰਾਬਰ ਹੈ। 
ਬੀਤੇ ਕੁਝ ਸਮੇਂ ਦੌਰਾਨ ਸਥਾਨਕ ਮੀਡੀਆ ਰਿਪੋਰਟਾਂ ਵਿਚ ਸਾਡੀ ਕਮਿਊਨਿਟੀ ਦੇ ਕੁਝ ਲੋਕਾਂ ਵੱਲੋਂ ਕੀਤੇ ਅਨੈਤਿਕ ਅਤੇ ਗੈਰ ਵਿਵਹਾਰਾਂ ਨੂੰ ਨਸ਼ਰ ਕੀਤਾ ਗਿਆ। ਜਿਨ੍ਹਾਂ ਨੇ ਵੀ ਅਜਿਹੇ ਅਨੈਤਿਕ ਤਰੀਕਿਆਂ ਦੀ ਚੌਣ ਕੀਤੀ ਉਹ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਦੇ ਲਈ ਹੋ ਸਕਦੇ ਹਨ ਪਰ ਇਨ੍ਹਾਂ ਘਟਨਾਵਾਂ ਦੇ ਨਾਲ ਸਮੁੱਚੇ ਭਾਈਚਾਰੇ ਦਾ ਨਾਂਅ ਖਰਾਬ ਹੋ ਰਿਹਾ ਹੈ। ਉਨ੍ਹਾਂ ਦੀਆਂ ਅਜਿਹੀਆਂ ਕਾਰਵਾਈਆਂ ਦਾ ਨਤੀਜਾ ਇਹ ਨਿਕਲਿਆ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਸਾਡੇ ਸਾਰਿਆਂ ਲਈ ਸ਼ਰਮਨਾਕ ਸਵਾਲ ਖੜ੍ਹੇ ਹੋਣ ਲੱਗ ਪਏ ਹਨ,  ਚਾਹੇ ਇਹ ਸਾਡੇ ਕੰਮ ਵਾਲੀ ਥਾਂ 'ਤੇ ਹੋਣ ਜਾਂ ਫਿਰ ਇੱਕ ਸਮੁਦਾਏ ਦੇ ਇਕੱਠ ਵਿੱਚ ਹੋਣ। ਅਜਿਹੇ ਕਲੰਕਿਤ ਮਾਮਲੇ ਪੂਰੇ ਭਾਈਚਾਰੇ ਨੂੰ ਸ਼ਰਮਸਾਰ ਕਰਨ ਲਈ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਨਾਲ ਨਿਊਜ਼ੀਲੈਂਡ ਵਸਦੇ ਭਾਰਤੀਆਂ ਦੀ ਤਸਵੀਰ ਨੂੰ ਖਰਾਬ ਕੀਤਾ ਜਾ ਰਿਹਾ ਹੈ। ਅਜਿਹੇ ਕੁਝ ਲੋਕਾਂ ਦੇ ਕਾਰੇ ਵੇਖ ਕੇ ਸਾਡੀ ਮਿਹਨਤ ਦਾ ਘੱਟ ਮੁੱਲ ਪਾਇਆ ਜਾਂਦਾ ਹੈ।
ਮੈਂ ਆਪਣੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ ਕੁਝ ਪਲ ਸਮਾਂ ਕੱਢ ਕੇ ਵਿਚਾਰ ਕਰੋ ਕਿ ਕਿਵੇਂ ਸਾਡਾ ਹਰ ਇੱਕ ਕਾਰਜ ਸਾਡੇ ਭਾਈਚਾਰੇ ਦੀ ਪਰਿਭਾਸ਼ਾ ਬਣ ਸਕਦਾ ਹੈ ਅਤੇ ਸਮੁੱਚੀ ਕਮਿਊਨਿਟੀ ਉਤੇ ਸਾਰਥਿਕ ਅਸਰ ਪਾ ਸਕਦਾ ਹੈ। ਅਸੀਂ ਨਿਊਜ਼ੀਲੈਂਡ ਰਹਿੰਦਿਆ ਆਪਣੇ ਮੂਲ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਾਂ। ਸਾਨੂੰ ਹਰ ਹਾਲਤ ਦੇ ਵਿਚ ਇਹ ਉਦਮ ਕਰਨਾ ਹੋਏਗਾ ਕਿ ਸਾਡੇ ਦੇਸ਼ ਦਾ ਭਵਿੱਖ ਕਹਾਉਣ ਵਾਲੀਆਂ ਸਾਡੀਆਂ ਮੌਜੂਦਾ ਪੀੜ੍ਹੀਆਂ ਸਾਡਾ ਸਾਰਥਿਕ ਸਮਰਥਨ ਪ੍ਰਾਪਤ ਕਰਦੀਆਂ ਰਹਿਣ ਅਤੇ ਉਨ੍ਹਾਂ ਨੂੰ ਵਿਕਾਸ ਕਰਨ ਲਈ ਇਕ ਵਧੀਆ ਪਲੇਟਫਾਰਮ ਮਿਲੇ। ਇਹ ਸਾਡਾ ਵਰਤਮਾਨ ਕਾਰਜ ਖੇਤਰ ਹੋਵੇ ਤਾਂ ਕਿ ਭਵਿੱਖ ਦੇ ਲਈ ਆ ਰਹੀ ਪੀੜ੍ਹੀ ਦੇ ਲਈ ਵਧੀਆ ਨੀਂਹ ਰੱਖ ਸਕੀਏ।