ਆਖ਼ਰ ਪ੍ਰਾਇਮਰੀ ਟੀਚਰਜ ਨੇ ਪ੍ਰਵਾਨ ਕੀਤੀ ਸਰਕਾਰ ਦੀ ਪੇਸ਼ਕਸ਼

0
168

ਆਕਲੈਂਡ,26 ਜੁਲਾਈ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਪਿਛਲੇ ਕਈ ਹਫ਼ਤਿਆਂ ਤੋਂ ਚੱਲ ਰਹੀ ਕਸ਼ਮਕਸ਼ ਤੋਂ ਬਾਅਦ ਪ੍ਰਾਇਮਰੀ ਸਕੂਲ ਟੀਚਰਜ ਨੇ ਆਖ਼ਰ ਸਰਕਾਰ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ ਹਾਲਾਂਕਿ ਕਿ ਪ੍ਰਿੰਸੀਪਲਜ ਨੂੰ ਮਨਜ਼ੂਰ ਨਹੀਂ। ਨਵਾਂ ਸਮਝੌਤਾ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਵੇਗਾ। ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਰੋਸ ਪ੍ਰਗਟਾਇਆ ਜਾ ਰਿਹਾ ਸੀ ਅਤੇ ਕੁੱਝ ਦਿਨ ਪਹਿਲਾਂ ਹੜਤਾਲ ਵੀ ਕੀਤੀ ਸੀ, ਜਿਸਨੂੰ ਨਿਊਜ਼ੀਲੈਂਡ ਦੇ ਇਤਿਹਾਸ 'ਚ ਟੀਚਰਜ ਦੀ ਸਭ ਤੋਂ ਵੱਡੀ ਹੜਤਾਲ ਮੰਨਿਆ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਡੇਢ ਬਿਲੀਅਨ ਡਾਲਰ ਦੀ ਸਾਂਝੀ ਪੇਸ਼ਕਸ਼ ਕੀਤੀ ਸੀ ਤਾਂ ਜੋ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ। ਐਨਜ਼ੈਡਈਆਈ (ਨਿਊਜ਼ੀਲੈਂਡ ਐਜੂਕੇਸ਼ਨ ਇੰਸਟੀਚਿਊਟ) ਵੱਲੋਂ ਨਸ਼ਰ ਕੀਤੀ ਗਈ ਜਾਣਕਾਰੀ ਰਾਹੀਂ ਸਾਹਮਣੇ ਆਇਆ ਹੈ ਕਿ ਪ੍ਰਾਇਮਰੀ ਟੀਚਰਜ ਤਾਂ ਖੁਸ਼ ਹੋ ਕੇ ਆਪਣੇ ਜਿੱਤ ਨੂੰ ਮਨਾਉਣ ਲਈ ਅੱਗੇ ਵਧਣਗੇ ਜਦੋਂ ਕਿ ਪ੍ਰਿੰਸੀਪਲਜ ਨਵੀਂ ਰਣਨੀਤੀ ਘੜ ਕੇ ਸਰਕਾਰ 'ਤੇ ਦਬਾਅ ਪਾਉਣ ਲਈ ਯਤਨ ਕਰਨਗੇ। ਐਨਜ਼ੈੱਡਆਈਈ ਦੀ ਪ੍ਰੈਜ਼ੀਡੈਂਟ ਲਿੰਡਾ ਸਟੂਅਰਟ ਦਾ ਕਹਿਣਾ ਹੈ ਕਿ ਟੀਚਰਜ ਦੀਆਂ ਤਨਖਾਹਾਂ 'ਚ ਕਾਫੀ ਵਾਧਾ ਹੋ ਗਿਆ ਹੈ ਅਤੇ ਪਹਿਲੀ ਜੁਲਾਈ ਤੋਂ ਨਵੇਂ ਨਿਯਮ ਲਾਗੂ ਹੋ ਜਾਣਗੇ।
ਮਨਿਸਟਰੀ ਆਫ ਐਜੂਕੇਸ਼ਨ ਦੀ ਸੈਕਟਰੀ ਲੋਨਾ ਹੋਲਸਟਡ ਦਾ ਕਹਿਣਾ ਹੈ ਇਹ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਪ੍ਰਿੰਸੀਪਲ ਨੇ ਪੇਸ਼ਕਸ਼ ਠੁਕਰਾ ਦਿੱਤੀ ਹੈ।
ਦੂਜੇ ਪਾਸੇ ਸਰਕਾਰ ਨਾਲ ਗੱਲਬਾਤ ਚਲਾਉਣ ਵਾਲੀ ਐਨਜ਼ੈਡਈਆਈ ਦੀ ਮੋਢੀ ਆਗੂ ਖੰਡਾਲਾ ਸਕੂਲ ਪ੍ਰਿੰਸੀਪਲ ਲੂਇਸ ਗਰੀਨ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਸਰਕਾਰ ਵੱਲੋਂ ਦਿੱਤੀ ਗਈ ਪੇਸ਼ਕਸ਼ ਜਿੱਥੇ ਪ੍ਰਿੰਸੀਪਲ ਨੂੰ ਆਪਣੇ ਪੇਸ਼ੇ ਨਾਲ ਜੋੜ ਕੇ ਰੱਖਣ ਅਤੇ ਨਵਿਆਂ ਨੂੰ ਇਸ ਵੱਲ ਖਿੱਚਣ ਲਈ ਬਹੁਤ ਹੀ ਘੱਟ ਸਹਾਈ ਹੋਈ ਹੈ। ਦੂਰ-ਦਰਾਡੇ ਦੇ ਖੇਤਰਾਂ 'ਚ ਪਿੰ੍ਰਸੀਪਲ ਵਜੋਂ ਡਿਊਟੀ ਦੇਣ ਵਾਲਿਆਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ। ਹਾਲਾਂਕਿ ਕਈ ਵੱਡੇ ਸਕੂਲਾਂ ਵਿੱਚ ਤਾਂ ਟੀਚਰਜ ਨੂੰ ਅਜਿਹੇ ਪ੍ਰਿੰਸੀਪਲਜ ਨਾਲੋਂ ਵੱਧ ਮਿਹਤਾਨਾ ਮਿਲਦਾ ਹੈ।
ਕ੍ਰਾਈਚਰਚ ਦੇ ਸੇਂਟ ਮਾਰਟਿਨ ਸਕੂਲ ਦੇ ਪ੍ਰਿੰਸੀਪਲ ਅਤੇ ਕੈਂਟਰਬਰੀ ਪ੍ਰਾਇਮਰੀ ਸਕੂਲ ਪ੍ਰਿੰਸੀਪਲ ਦੇ ਐਗਜ਼ੈਕਟਿਵ ਮੈਂਬਰ ਰੌਬ ਕੈਲਗਨ ਨੇ ਦੋਸ਼ ਲਾਇਆ ਹੈ ਸਰਕਾਰ ਪ੍ਰਿੰਸੀਪਲਜ ਦੀ ਜ਼ਿੰਮਵਾਰੀ ਵਾਲੀ ਡਿਊਟੀ ਨੂੰ ਪਛਾਨਣ 'ਚ ਫੇਲ੍ਹ ਰਹੀ ਹੈ। 34 ਸਾਲ ਦੀ ਸੇਵਾ ਉਪਰੰਤ ਰਿਟਾਇਰਮੈਂਟ ਨੇੜੇ ਪੁੱਜੇ ਰੌਬ ਦਾ ਕਹਿਣਾ ਹੈ ਕਿ ਪ੍ਰਿੰਸੀਪਲਜ ਦੀ ਜੌਬ 1980 ਤੋਂ ਬਾਅਦ ਕਾਫੀ ਬਦਲ ਗਈ ਹੈ। 
ਜ਼ਿਕਰਯੋਗ ਹੈ ਕਿ ਟੀਚਰਜ ਪਿਛਲੇ ਕਾਫੀ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਜਿਨ੍ਹਾਂ 'ਚ ਖਾਸ ਕਰਕੇ ਤਨਖਾਹ ਵਾਧੇ ਤੋਂ ਇਲਾਵਾ ਕਲਾਸ ਵਰਕਲੋਡ ਘਟਾਉਣ ਬਾਰੇ ਮੁੱਖ ਮੰਗਾਂ ਸਨ।