ਇੱਛਾ ਮੌਤ ਵਾਲੇ ਬਿੱਲ ਦੀ ਦੂਜੀ ਰੀਡਿੰਗ ਪਾਰਲੀਮੈਂਟ ‘ਚ ਪਾਸ

0
167

ਬਿੱਲ ਦੇ ਹੱਕ 'ਚ 70 ਅਤੇ ਵਿਰੋਧ 'ਚ ਪਈਆਂ 50 ਵੋਟਾਂ
ਆਕਲੈਂਡ,29 ਜੂਨ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਲਾਇਲਾਜ ਬਿਮਾਰੀਆਂ ਤੋਂ ਪੀੜਿਤ ਲੋਕਾਂ ਨੂੰ ਆਪਣੀ ਇੱਛਾ ਨਾਲ ਮੌਤ ਨੂੰ ਗਲੇ ਲਾਉਣ ਸਬੰਧੀ ਬਿੱਲ ਦੀ ਦੂਜੀ ਰੀਡਿੰਗ ਵੀ ਅੱਜ ਪਾਰਲੀਮੈਂਟ 'ਚ ਪਾਸ ਹੋ ਗਈ ਹੈ। ਐਕਟ ਪਾਰਟੀ ਦੇ ਆਗੂ ਅਤੇ ਐਪਸਮ ਤੋਂ ਪਾਰਲੀਮੈਂਟ ਮੈਂਬਰ ਡੈਵਿਡ ਸੀਮੌਰ ਵੱਲੋਂ ਪੇਸ਼ ਕੀਤੇ ਗਏ ਬਿੱਲ ਦੇ ਹੱਕ 'ਚ 70 ਅਤੇ ਵਿਰੋਧ 'ਚ 50 ਵੋਟਾਂ ਪਈਆਂ। ਹਾਲਾਂਕਿ ਪਹਿਲਾਂ ਸਪੀਕਰ ਟਰੇਵਰ ਮਾਲਾਰਡ ਨੇ ਗਲਤੀ ਨਾਲ 70:51 ਦਾ ਅਨੁਪਾਤ ਦੱਸਿਆ ਸੀ ਪਰ ਬਾਅਦ 'ਚ ਉਨ੍ਹਾਂ ਮਾਫੀ ਮੰਗ ਕੇ ਦੁਰੱਸਤੀ ਕਰ ਲਈ।
ਇਸ ਬਿੱਲ ਸਬੰਧੀ ਕਰੀਬ 40 ਹਜ਼ਾਰ ਲੋਕਾਂ ਨੇ ਰਾਇ ਦਿੱਤੀ ਸੀ ਅਤੇ 36 ਹਜ਼ਾਰ 700 ਭਾਵ 90 ਫੀਸਦ ਲੋਕਾਂ ਨੇ ਬਿੱਲ ਦਾ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਇੱਕ ਹਜ਼ਾਰ ਡਾਕਟਰਾਂ ਨੇ ਵੀ ਲਿਖਤੀ ਰੂਪ 'ਚ ਵਿਰੋਧ ਕੀਤਾ ਸੀ। ਪਰ ਅੱਜ ਵੋਟਿੰਗ ਦੌਰਾਨ ਪਾਰਲੀਮੈਂਟ ਮੈਂਬਰਾਂ ਨੇ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਆਪਣੀ ਜ਼ਮੀਰ ਦੀ ਆਵਾਜ਼ 'ਤੇ ਵੋਟ ਪਾਈ ਸੀ।
ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਪਹਿਲੀ ਰੀਡਿੰਗ ਦੌਰਾਨ 74 ਹੱਕ 'ਚ ਅਤੇ 44 ਵਿਰੋਧ 'ਚ ਪਈਆਂ ਸਨ।