ਐਨ ਜ਼ੈਡ ਟੀ ਏ ‘ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਲੱਗੇ ਵੱਡੀ ਅਣਗਹਿਲੀ ਦੇ ਦੋਸ਼

0
104

ਆਕਲੈਂਡ (13 ਮਾਰਚ) 13 ਅਜਿਹੇ ਅਪਰਾਧੀ ਜਿਨ੍ਹਾਂ ਵੱਲੋਂ ਕੁੱਲ ਮਿਲਾ ਕੇ 169 ਵੱਖੋ-ਵੱਖ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਨ੍ਹਾਂ ਅਪਰਾਧਾਂ ਦੇ ਵਿੱਚ ਹਿੰਸਕ ਚੋਰੀਆਂ, ਪੁਲਿਸ 'ਤੇ ਹਮਲਾ, ਸ਼ਰਾਬ ਪੀਕੇ ਗੱਡੀ ਚਲਾਉਣਾ, ਲੁੱਟਾਂ-ਖੋਹਾਂ, ਜਾਨੋ-ਮਾਰਨ ਦੀ ਧਮਕੀ ਦੇਣਾ ਆਦਿ ਜਿਹੇ ਗੰਭੀਰ ਅਪਰਾਧ ਸ਼ਾਮਿਲ ਸਨ।ਆਂਕੜਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਅਪਰਾਧੀਆਂ ਨੂੰ ਐੱਨ ਜ਼ੈੱਡ ਟੀ ਏ ਵੱਲੋਂ ਬਤੌਰ ਡਰਾਈਵਿੰਗ ਇੰਸਟਰਕਟਰ ਮਾਨਤਾ ਦਿੱਤੀ ਗਈ, ਜੋ ਕਿ ਕਾਨੂੰਨ ਦੇ ਬਿਲਕੁਲ ਖ਼ਿਲਾਫ਼ ਹੈ।

ਆਟੋ ਮੋਬਾਈਲ ਐਸੋਸੀਏਸ਼ਨ (ਏ ਏ) ਦੇ ਰੋਜਰ ਵੈਨ ਦਾ ਕਹਿਣਾ ਹੈ ਕਿ ਉਹ ਹੈਰਾਨ ਹਨ ਕਿ ਐਨ ਜੈਡ ਟੀ ਏ ਇਸ ਤਰ੍ਹਾਂ ਦੀ ਗੰਭੀਰ ਗ਼ਲਤੀ ਕਿਵੇਂ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕਿਤੇ ਨਾ ਕਿਤੇ ਲੋਕਾਂ ਦੀ ਨਿੱਜਤਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਗੰਭੀਰ ਮੁੱਦਾ ਹੈ।

ਐੱਨ ਜ਼ੈੱਡ ਟੀ ਏ ਵੱਲੋਂ ਪੁੱਛੇ ਜਾਣ 'ਤੇ ਆਪਣੀ ਸਫਾਈ ਵਿੱਚ ਇਹ ਦੱਸਿਆ ਗਿਆ ਕਿ ਇਨ੍ਹਾਂ ਇੰਸਟਰਕਟਰਾਂ ਨੂੰ ਲਾਈਸੈਂਸ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਅੰਜਾਮ ਨਹੀਂ ਦਿੱਤਾ ਗਿਆ ਹੈ, ਪਰ ਰੋਜਰ ਵੈਨ ਦਾ ਕਹਿਣਾ ਹੈ ਕਿ ਜੋ ਅਪਰਾਧਾਂ ਨੂੰ ਇਨ੍ਹਾਂ ਲੋਕਾਂ ਨੇ ਅੰਜਾਮ ਦਿੱਤਾ ਹੈ, ਉਹ ਬਿਲਕੁਲ ਵੀ ਅਣਗੌਲੇ ਨਹੀਂ ਜਾ ਸਕਦੇ ਅਤੇ ਇਨ੍ਹਾਂ ਨੂੰ ਮਾਨਤਾ ਦੇਣਾ ਐਨ ਜੈਡ ਟੀ ਏ ਦੀ ਵੱਡੀ ਗਲਤੀ ਹੈ।