ਪਰਿਵਾਰਾਂ ਨਾਲ ਗੱਲਬਾਤ ਲਈ ਟੀਮ ਕ੍ਰਾਈਸਟਚਰਚ ਰਵਾਨਾ
ਭਾਰਤੀ ਭਾਈਚਾਰੇ ਨਾਲ ਸਬੰਧਤ 8-9 ਵਿਅਕਤੀ ਅਜੇ ਵੀ ਗੁੰਮ
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸਿਟੀ 'ਚ ਸ਼ੁੱਕਰਵਾਰ ਨੂੰ ਦੋ ਮਸਜਿਦਾਂ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਦੌਰਾਨ ਮਾਰੇ 49 ਵਿਅਕਤੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਿੱਖ ਭਾਈਚਾਰਾ ਸਰਗਰਮ ਹੋ ਗਿਆ ਹੈ। ਇੱਥੋਂ ਦੀ ਸਭ ਤੋਂਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਆਪਣਾ ਦੋ ਮੈਂਬਰੀ ਵਫ਼ਦ ਕ੍ਰਾਈਸਟਚਰਚ ਲਈ ਰਵਾਨਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਲਈ ਰਾਸ਼ੀ ਇਕੱਠੀ ਕਰਨ ਲਈ ਫੇਸਬੁੱਕ ਪੇਜ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਪੀੜਿਤ ਪਰਿਵਾਰਾਂ ਲਈ ਜਿੱਥੇ ਅਰਵਿੰਦਰ ਸਿੰਘ ਦੀ ਅਗਵਾਈ 'ਚ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਫ਼ ਕ੍ਰਾਈਸਟਚਰਚ ਨੇ ਲੋੜਵੰਦਾਂ ਨੂੰ ਸਹਾਰਾ ਦੇਣ ਲਈ ਪੂਰੇ ਕਰ ਲਏ ਹਨ, ਉੱਥੇ ਸੁਪਰੀਮ ਸਿੱਖ ਸੁਸਾਇਟੀ ਨੇ ਦੋ ਮੈਂਬਰੀ ਵਫ਼ਦ ਭੇਜ ਦਿੱਤਾ ਹੈ। ਜੋ ਮੁੱਖ ਤੌਰ 'ਤੇ ਪੀੜਿਤਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਹਾਸਲ ਕਰੇਗਾ। ਸੁਸਾਇਟੀ ਤਰਫੋਂ ਦਲਜੀਤ ਸਿੰਘ ਨੇ ਦੱਸਿਆ ਕਿ ਸਿੱਖ ਭਾਈਚਾਰਾ ਇਸ ਵੇਲੇ ਪੂਰੀ ਤਰ੍ਹਾਂ ਪੀੜਿਤ ਮੁਸਲਿਮ ਭਾਈਚਾਰੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਯਤਨ ਕਰ ਰਿਹਾ ਹੈ। ਉਨ੍ਹਾਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਪੀੜਿਤਾਂ ਲਈ ਫੰਡ ਇਕੱਠਾ ਕਰਨ ਵਾਸਤੇ "ਕ੍ਰਾਈਸਟਚਰ ਮੌਸਕਿਊ ਵਿਕਟਮਜ ਹੈੱਲਪ ਬਾਇ ਸਿੱਖ ਕਮਿਊਨਿਟੀ" ਦੇ ਨਾਂ ਹੇਠ ਬਣਾਏ ਗਏ ਫੇਸਬੁੱਕ ਪੇਜ 'ਤੇ ਹਰ ਸਿੱਖ ਨੂੰ ਖੁੱਲ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਔਖ ਦੀ ਘੜੀ ਵਿੱਚ ਮੁਸਲਿਮ ਭਾਈਚਾਰੇ ਦੀ ਵਿੱਤੀ ਮੱਦਦ ਦਿੱਤੀ ਜਾ ਸਕੇ।
ਵਿਸ਼ੇਸ਼ ਮਕਸਦ ਲਈ ਕ੍ਰਾਈਸਟਚਰਚ ਰਵਾਨਾ ਹੋਏ ਐੱਨਜ਼ੈੱਡ ਪੰਜਾਬੀ ਨਿਊਜ਼ ਅਤੇ ਅਣਖੀਲਾ ਪੰਜਾਬ ਟੀਵੀ ਦੇ ਟੀਮ ਮੈਂਬਰ ਜਸਪ੍ਰੀਤ ਸਿੰਘ ਰਾਜਪੁਰਾ ਤੇ ਤਰਨਦੀਪ ਬਿਲਾਸਪੁਰ ਉੱਥੋਂ ਦੇ ਤਾਜ਼ਾ ਹਾਲਾਤ ਦੀ ਵੀ ਨਜ਼ਰਸਾਨੀ ਕਰਨਗੇ ਅਤੇ ਲੋੜੀਂਦੀ ਜਾਣਕਾਰੀ ਪਾਠਕਾਂ ਤੱਕ ਪਹੁੰਚਾਉਣਗੇ। ਦੋਹਾਂ ਮੈਂਬਰਾਂ ਨੇ ਉੱਥੋਂ ਦੀਆਂ ਸਿੱਖ ਸੰਸਥਾਵਾਂ ਨਾਲ ਰਾਬਤਾ ਕਾਇਮ ਕਰ ਲਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਭਾਈਚਾਰੇ ਨਾਲ ਸਬੰਧਤ 8-9 ਵਿਅਕਤੀ ਹਮਲੇ ਤੋਂ ਬਾਅਦ ਅਜੇ ਵੀ ਲਾਪਤਾ ਹਨ। ਹਾਲਾਂਕਿ ਸਰਕਾਰੀ ਤੌਰ 'ਤੇ ਅਜੇ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ ਅਤੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।