ਚੰਗੇ ਮਾੜੇ ਕਾਨੂੰਨਾਂ ਦੇ ਬਾਵਜੂਦ ਨਿਊਜ਼ੀਲੈਂਡ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਹੋਰ ਰਿਹਾ ਲਗਾਤਾਰ ਵਾਧਾ

0
179

ਆਕਲੈਂਡ (13 ਜੂਨ, ਹਰਪ੍ਰੀਤ ਸਿੰਘ): ਸਟੈਟਿਸਟਿਕਸ ਨਿਊਜ਼ੀਲੈਂਡ ਦੇ ਤਾਜ਼ਾ ਜਾਰੀ ਅੰਕੜਿਆਂ ਅਨੁਸਾਰ ਇਸ ਵਰ੍ਹੇ ਵੀ ਨਿਊਜ਼ੀਲੈਂਡ ਵਿਚ ਪ੍ਰਵਾਸੀਆਂ ਦੀ ਆਉਣ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਇਸ ਵਰ੍ਹੇ 151,000 ਪ੍ਰਵਾਸੀਆਂ ਦੀ ਆਮਦਗੀ ਹੋਈ ਹੈ, ਜਦਕਿ ਨਿਊਜ਼ੀਲੈਂਡ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ 95,100 ਹੈ ਅਤੇ ਇਸ ਵਰ੍ਹੇ ਦੀ ਨੈੱਟ ਮਾਈਗ੍ਰੇਸ਼ਨ 55,900 ਰਹੀ।

ਹਾਲਾਂਕਿ ਇਨ੍ਹਾਂ ਪ੍ਰਵਾਸੀਆਂ ਦੇ ਵਿੱਚ ਨਿਊਜ਼ੀਲੈਂਡ ਦੇ ਪੱਕੇ ਵਸਨੀਕਾਂ ਦੀ ਵੀ ਕਾਫੀ ਗਿਣਤੀ ਹੈ, ਜੋ ਹੋਰਨਾਂ ਮੁਲਕਾਂ ਵਿੱਚ ਰਹਿ ਰਹੇ ਸਨ, ਪਰ ਇਸ ਤੋਂ ਇਲਾਵਾ ਆਸਟਰੇਲੀਆ, ਚੀਨ ਅਤੇ ਭਾਰਤ ਵਰਗੇ ਦੇਸ਼ਾਂ ਤੋਂ ਵੀ ਕਾਫੀ ਗਿਣਤੀ ਵਿੱਚ ਨਵੇਂ ਪ੍ਰਵਾਸੀ ਇੱਥੇ ਆਏ ਹਨ ਅਤੇ ਇਨ੍ਹਾਂ ਵਿੱਚ ਜਿਆਦਾਤਰ ਵਿਦਿਆਰਥੀ ਵੀਜਾ ਅਤੇ ਵਰਕ ਵੀਜਾ ਦੀ ਸ਼੍ਰੇਣੀ ਦੇ ਬਿਨੈਕਾਰ ਸ਼ਾਮਿਲ ਹਨ ਅਤੇ ਲਗਭਗ 15,000 ਭਾਰਤੀ ਇਸ ਪ੍ਰਵਾਸ ਦਾ ਹਿੱਸਾ ਬਣੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸੀਨੀਅਰ ਡੈਮੋਗ੍ਰਾਫਰ ਕਿਮ ਡਸਟਨ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਨੈੱਟ ਮਾਈਗ੍ਰੇਸ਼ਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਹ ਨਿਊਜ਼ੀਲੈਂਡ ਦੀ ਆਰਥਿਕਤਾ ਦੇ ਲਈ ਕਿਤੇ ਨਾ ਕਿਤੇ ਆਪਣੇ ਚੰਗੇ-ਮਾੜੇ ਪ੍ਰਭਾਵ ਛੱਡ ਰਿਹਾ ਹੈ।