ਆਕਲੈਂਡ (26 ਅਗਸਤ): ਹੈਮਿਲਟਨ ਦੀ ਰਹਿਣ ਵਾਲੀ ਫੈਸ਼ਨ ਡਿਜਾਈਨਰ ਸਰਿਸ਼ਟੀ ਕੌਰ ਦੀ ਅਣਥੱਕ ਮਿਹਨਤ ਨੂੰ ਆਖਿਰ ਬੂਰ ਪੈ ਹੀ ਗਿਆ ਹੈ ਅਤੇ ਉਸ ਦੁਆਰਾ ਬਣਾਏ ਗਏ ਗਾਊਨ ਹੁਣ ਨਿਊਜੀਲੈਂਡ ਫੈਸ਼ਨ ਵੀਕ ਵਿੱਚ ਪ੍ਰਦਰਸ਼ਨੀ ਲਈ ਚੁਣੇ ਗਏ ਹਨ।
ਸਰਿਸ਼ਟੀ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਗਾਊਨਾਂ ਨੂੰ ਬਨਾਉਣ ਲਈ ਕੀਤੀ ਗਈ ਸਿਲਾਈ, ਕਢਾਈ ਸਭ ਉਸ ਵਲੋਂ ਹੀ ਕੀਤਾ ਗਿਆ ਹੈ ਅਤੇ ਗਾਊਨ ਨੂੰ ਬਹੁਤ ਪਿਆਰ ਨਾਲ ਬਨਾਇਆ ਗਿਆ ਹੈ। ਉਸਨੇ ਦੱਸਿਆ ਕਿ ਪ੍ਰਤੀ ਗਾਊਨ ਬਨਾਉਣ ਲਈ ਉਸਨੂੰ 20 ਘੰਟੇ ਤੋਂ 50 ਘੰਟੇ ਦਾ ਸਮਾਂ ਲੱਗਦਾ ਹੈ। ਪਰ ਉਸਨੂੰ ਹੁਣ ਜੋ ਮੌਕਾ ਮਿਲਿਆ ਹੈ ਉਹ ਸਭ ਮਿਹਨਤਾਂ ਨੂੰ ਸਾਰਥਕ ਕਰ ਦਿੰਦਾ ਹੈ।
ਦੱਸਣਯੋਗ ਹੈ ਕਿ ਸਰਿਸ਼ਟੀ ਕੌਰ ਦੇ ਵਿਆਹ ਮੌਕੇ ਪਾਉਣ ਵਾਲੇ ਅਤੇ ਸ਼ਾਮ ਮੌਕੇ ਪਾਉਣ ਵਾਲੇ ਗਾਊਨ ਈਮਰਜੀਂਗ ਕੂਚਰ ਡਿਜਾਈਨਰ ਸ਼੍ਰੇਣੀ ਵਿੱਚ ਸੋਮਵਾਰ ਨੂੰ ਆਕਲੈਂਡ ਵਿੱਚ ਹੋਣ ਵਾਲੇ 'ਨਿਊਜੀਲੈਂਡ ਫੈਸ਼ਨ ਵੀਕ' ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਇਹ ਸਰਿਸ਼ਟੀ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਆਪਣਾ ਕੰਮ ਦਿਖਾਉਣ ਦਾ ਸੁਨਿਹਰੀ ਮੌਕਾ ਦੇਣਗੇ।