ਨਿਊਜ਼ੀਲੈਂਡ ਵਾਸੀਆਂ ਨੇ ਸੋਗ ‘ਚ ਡੁੱਬ ਕੇ ਵੀ ਵਿਖਾਈ ਇੱਕਜੁੱਟਤਾ

0
169

ਪ੍ਰਧਾਨ ਮੰਤਰੀ ਨੇ ਵੰਡਾਇਆ ਦੁੱਖ, ਸਿੱਖ ਭਾਈਚਾਰਾ ਮੱਦਦ ਲਈ ਸਰਗਰਮ 

ਆਕਲੈਂਡ (ਅਵਤਾਰ ਸਿੰਘ ਟਹਿਣਾ) ਕ੍ਰਾਈਸਟਚਰਚ ਸਿਟੀ 'ਚ ਦੋ ਮਸਜਿਦਾਂ 'ਤੇ ਗੋਲੀਆਂ ਨਾਲ ਹਮਲੇ ਦੌਰਾਨ 49 ਲੋਕਾਂ ਦੇ ਮਾਰੇ ਜਾਣ ਪਿੱਛੋਂ ਨਿਊਜ਼ੀਲੈਂਡ ਵਾਸੀਆਂ ਨੇ ਅੱਜ ਸਾਰਾ ਦਿਨ ਸੋਗ 'ਚ ਡੁੱਬੇ ਰਹਿਣ ਦੇ ਬਾਵਜੂਦ ਮੁਸਲਿਮ ਭਾਈਚਾਰੇ ਨਾਲ ਇੱਕਜੁੱਟਤਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਵੀ ਪੀੜਿਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਜਿੱਥੇ ਕਈ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ, ਉੱਥੇ ਸਿੱਖ ਭਾਈਚਾਰੇ ਨੇ ਵਿੱਤੀ ਮੱਦਦ ਦੇ ਨਾਲ-ਨਾਲ ਪੀੜਿਤ ਪਰਿਵਾਰਾਂ ਦੇ ਰਹਿਣ ਲਈ ਖਾਣ-ਪੀਣ ਲਈ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਵੀ ਹਮਲੇ ਦੌਰਾਨ ਮੌਤ ਦੀ ਭੇਟ ਚੜ੍ਹ ਜਾਣ ਵਾਲੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਅਤੇ ਉੱਚ ਅਧਿਕਾਰੀਆਂ ਤੋਂ ਘਟਨਾ ਸਬੰਧੀ ਜਵਾਬ ਵੀ ਮੰਗਿਆ। ਇਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਥਾਈਂ ਆਮ ਲੋਕਾਂ ਨੇ ਮੋਮਬੱਤੀਆਂ ਜਗਾ ਅਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਮੀਡੀਆ ਨਾਲ ਗੱਲਬਾਤ ਦੌਰਾਨ ਕਰਦਿਆਂ ਸ਼ਰਧਾਂਜਲੀ ਦਿੰਦੇ ਸਮੇਂ ਕਈ ਲੋਕਾਂ ਦੇ ਅੱਖਾਂ 'ਚ ਪਾਣੀ ਭਰਿਆ ਵੀ ਵੇਖਿਆ ਗਿਆ। ਆਕਲੈਂਡ ਸਿਟੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਨੂੰ ਸ਼ਰਧਾਂਜਲੀ ਦਿੱਤੀ।  ਜਿਸ ਦੌਰਾਨ ਆਕਲੈਂਡ 'ਚ ਭਾਰਤ ਸਰਕਾਰ ਦੇ ਆਨਰੇਰੀ ਕਨਸੁਲ ਭਵ ਢਿੱਲੋਂ, ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ, ਭਾਰਤੀਆ ਸਮਾਜ ਦੇ ਜੀਤ ਸੱਚਦੇਵ ਅਤੇ ਹੋਰ ਕਈ ਸੱਜਣ ਮੌਜੂਦ ਸਨ। 
ਇਸ ਘਟਨਾ ਤੋਂ ਬਾਅਦ ਦਲਜੀਤ ਸਿੰਘ ਦੀ ਅਗਵਾਈ 'ਚ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਵੀ ਫੇਸਬੁੱਕ ਪੇਜ ਬਣਾ ਕੇ ਪੀੜਿਤਾਂ ਲਈ ਰਾਸ਼ੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਅਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਨਿਊਜ਼ੀਲੈਂਡ ਸਿੱਖ ਸੁਸਾਇਟੀ ਆਫ਼ ਕ੍ਰਾਈਸਟਚਰਚ ਨੇ ਗੁਰੂਘਰ 'ਚ ਪੀੜਤ ਪਰਿਵਾਰਾਂ ਲਈ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਹੈ। 
ਇਸ ਮਾਮਲੇ ਨੂੰ ਕਰਾਈਮ ਪ੍ਰੀਵੈਨਸ਼ਨ ਗਰੁੱਪ ਵੱਲੋਂ ਸੰਨੀ ਕੌਸ਼ਲ ਦੀ ਅਗਵਾਈ 'ਚ ਅੱਜ ਇੱਕ ਐਮਰਜੈਂਸੀ ਮੀਟਿੰਗ ਵੀ ਬੁਲਾਈ ਗਈ ਸੀ। ਜਿਸ ਦੌਰਾਨ ਮਜਸਿਦ 'ਤੇ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਇਸਦੇ ਨਾਲ ਹੀ ਧਾਰਮਿਕ ਸੰਸਥਾਵਾਂ ਨੂੰ ਵੀ ਸੁਰੱਖਿਆ ਪ੍ਰਤੀ ਚੌਕਸ ਰਹਿਣ ਲਈ ਅਪੀਲ ਕੀਤੀ ਗਈ।