ਨੈਸ਼ਨਲ ਪਾਰਟੀ ਵੱਲੋਂ ਦਰਦਨਿਵਾਰਕ ਕੈਨਬਸ ਸਕੀਮ ਦੀ ਪਹਿਲ 

0
132

ਆਕਲੈਂਡ (8 ਅਗਸਤ):ਨਿਊਜ਼ੀਲੈਂਡਰ ਦਰਦ ਅਤੇ ਤਕਲੀਫ਼ ਘੱਟ ਕਰਨ ਲਈ ਕੈਨਬਸ (ਭੰਗ) ਦੀਆਂ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਦੇ ਹੱਕਦਾਰ ਹਨ, ਪਰ ਇਸਨੂੰ ਲਾਗੂ ਕਰਨ ਲਈ ਸਾਡੇ ਕੋਲ ਸਹੀ ਨਿਯੰਤਰਣ ਤੇ ਸੰਵਿਧਾਨਕ ਨਿਯਮ ਹੋਣੇ ਜ਼ਰੂਰੀ ਹਨ। ਇਸ ਕਰਕੇ ਨੈਸ਼ਨਲ ਪਾਰਟੀ ਨੇ ਨਵੇਂ ਕਨੂੰਨ ਦਾ ਪ੍ਰਸਤਾਵ ਪੇਸ਼ ਕੀਤਾ ਹੋਇਆ ਹੈ ਜਿਸ ਨਾਲ ਸਖ਼ਤ ਲੋੜਵੰਦਾਂ ਅਤੇ ਡਾਕਟਰਾਂ ਵਲ੍ਹੋਂ ਤਜਵੀਜ਼ ਕੀਤੇ ਮਰੀਜਾਂ ਲਈ ਦਰਦ ਨਿਵਾਰਕ ਦਵਾਈ ਦੇ ਰੂਪ 'ਚ ਭੰਗ ਉਪਲਬਧ ਹੋਵੇਗੀ। ਸਰਕਾਰ ਕੋਲ ਭੰਗ ਨੂੰ ਦਵਾਈ ਵਜੋਂ ਇਸਤੇਮਾਲ ਕਰਨ ਲਈ ਆਪਣਾ ਅਲੱਗ ਬਿੱਲ ਹੈ। ਬਦਕਿਸਮਤੀ ਨਾਲ ਇਹ ਬਿੱਲ ਗੱਲਾਂ ਅਤੇ ਸ਼ਾਬਦਿਕ ਪੱਖੋਂ ਬਹੁਤ ਬੜਾ ਹੈ ਪਰ ਅਖੀਰ 'ਚ ਇਹ ਇੱਕ ਚੰਗੀ ਨੀਤੀ ਦੀ ਕਿਸੇ ਪਰਖ 'ਤੇ ਖਰਾ ਨਹੀਂ ਉੱਤਰਦਾ। ਜਿਵੇਂ ਕਿ ਅਸੀਂ ਇਸ ਸਰਕਾਰ ਨਾਲ ਅਕਸਰ ਦੇਖਦੇ ਹਾਂ, ਉਨ੍ਹਾਂ ਨੇ ਇਸ ਬਿੱਲ ਪਿੱਛੇ ਵੀ ਕੋਈ ਸੋਚ ਜਾਂ ਸਖ਼ਤ ਮਿਹਨਤ ਨਹੀਂ ਕੀਤੀ ਜਾਪਦੀ। ਇਸ ਸਰਕਾਰ ਵਲ੍ਹੋਂ ਪਿਛਲੀ ਨੈਸ਼ਨਲ ਸਰਕਾਰ ਦੇ ਭੰਗ ਦੇ ਉਤਪਾਦਾਂ ਦੀ ਵਰਤੋਂ ਸੰਬੰਧੀ ਬਿੱਲ ਵਿੱਚ ਛੋਟੇ-ਮੋਟੇ ਸੁਧਾਰ ਕਰਕੇ ਇਹ ਬਿੱਲ ਪੇਸ਼ ਕਰ ਦਿੱਤਾ ਹੈ। ਇਹ ਸਰਕਾਰ ਇਸ 'ਤੇ ਵੀ ਚੁੱਪ ਹੈ ਕਿ ਭੰਗ ਲਈ ਚਿਕਿਤਸਕ ਪ੍ਰਣਾਲੀ ਅਸਲ ਵਿੱਚ ਕਿੱਦਾ ਕੰਮ ਕਰੇਗੀ। ਜਦਕਿ ਇਸ ਨਕਾਰਾ ਬਿੱਲ, ਮਾੜੇ ਖਰੜੇ ਵਾਲੇ ਕਨੂੰਨ ਅਤੇ ਪਾਲਸੀ ਦਾ ਕੰਮ ਗੈਰ ਚੁਣੇ ਹੋਏ ਨੌਕਰਸ਼ਾਹਾਂ ਦੇ ਹਵਾਲੇ ਕਰਨ ਦੀ ਸੋਚ ਨਾਲ ਸਰਕਾਰ ਦੇ ਅੱਗੇ ਵਧਣ ਦੇ ਇਰਾਦੇ ਦਾ ਸਹਿਯੋਗ ਸੰਸਦ ਦੀ ਸਿਹਤ ਕਮੇਟੀ ਵੀ ਨਹੀਂ ਕਰ ਸਕਦੀ। ਇਸ ਬਿੱਲ ਨਾਲ ਹੁਣ ਭੰਗ ਦੇ ਖੁੱਲ੍ਹੇ ਪੱਤਿਆਂ ਦੀ ਪ੍ਰਾਪਤੀ ਅਸਾਨ ਹੋ ਸਕੇਗੀ ਅਤੇ ਅਧਿਕਾਰੀਆਂ ਨੂੰ ਬਾਅਦ ਵਿੱਚ ਨਿਯਮਾਂ ਅਤੇ ਨਤੀਜਿਆਂ ਬਾਰੇ ਸੋਚਣ ਲਈ ਛੱਡ ਦਿੱਤਾ ਜਾਵੇਗਾ। ਇਹ ਇਸ ਸਰਕਾਰ ਦੀ ਖਾਸੀਅਤ ਹੈ ਪਰ ਇਹ ਸਵੀਕਾਰਯੋਗ ਨਹੀਂ ਹੈ।
ਨੈਸ਼ਨਲ ਪਾਰਟੀ ਨਵੇਂ ਵਿਚਾਰਾਂ ਅਤੇ ਨਵੀਂਆਂ ਨੀਤੀਆਂ 'ਤੇ ਕੰਮ ਕਰਨ ਵਾਲੀ ਇੱਕ ਰਚਨਾਤਮਕ ਵਿਰੋਧੀ ਬਨਣ ਲਈ ਦ੍ਰਿੜ ਹੈ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਬਿਹਤਰ ਕੰਮ ਕਰ ਸਕਦੇ ਹਾਂ। ਇਹੀ ਕਾਰਨ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ, ਅਸੀਂ ਵਿਕਲਪ ਦੇ ਤੌਰ 'ਤੇ ਇੱਕ ਵਿਵਹਾਰਕ ਨੀਤੀ ਲਿਆਉਣ ਲਈ ਸਖਤ ਮਿਹਨਤ ਕੀਤੀ ਹੈ, ਜੋ ਕਿ ਅੰਤਰਰਾਸ਼ਟਰੀ ਪੱਧਰ 'ਤੇ ਬਿਹਤਰੀਨ ਅਭਿਆਸ ਉਲੀਕਦੀ ਹੈ ਅਤੇ ਨਿਊਜ਼ੀਲੈਂਡ ਦੇ ਪ੍ਰਸੰਗ ਮੁਤਾਬਕ ਚਿਕਿਤਸਾ ਦੇ ਪੱਖ ਤੋਂ ਭੰਗ ਦੀ ਵਰਤੋਂ ਕਰਨ ਲਈ ਇਕ ਵਿਆਪਕ ਪ੍ਰਣਾਲੀ ਤੈਅ ਕਰਦੀ ਹੈ।
ਸਾਡੇ ਮੈਂਬਰਜ਼ ਦਾ ਇਹ ਬਿੱਲ ਸਿਹਤ ਲਈ ਭੰਗ ਦੀ ਵਰਤੋਂ ਕਰਨ ਲਈ ਇਕ ਵਿਆਪਕ ਪ੍ਰਣਾਲੀ ਲਾਗੂ ਕਰੇਗਾ ਜਿਸ ਨਾਲ ਚਿਕਿਤਸਕ ਭੰਗ ਦੀ ਪਹੁੰਚ ਦਾ ਦਾਇਰਾ ਵਧਾਇਆ ਜਾਏਗਾ ਅਤੇ ਵਧੀਆ ਕਿਸਮ ਦੇ ਘਰੇਲੂ ਉਤਪਾਦਾਂ ਨੂੰ ਲਾਇਸੈਂਸ ਦਿੱਤਾ ਜਾਏਗਾ। ਸਾਨੂੰ ਡਾਕਟਰਾਂ ਅਤੇ ਨਰਸਾਂ 'ਤੇ ਭਰੋਸਾ ਹੈ ਅਤੇ ਅਸੀਂ ਉਨ੍ਹਾਂ ਨੂੰ ਸਭ ਤੋਂ ਵਧੀਆ ਅਤੇ ਮੁਮਕਿਨ ਸਮੱਗਰੀ ਮੁਹੱਈਆ ਕਰਵਾਉਣਾ ਚਾਹੁੰਦੇ ਹਾਂ।
ਅਸੀਂ ਅਜਿਹਾ ਢਾਂਚਾ ਪੇਸ਼ ਕਰ ਰਹੇ ਹਾਂ ਜਿਸ ਵਿੱਚ ਭੰਗ ਨੂੰ ਕਿਸੇ ਵੀ ਹੋਰ ਦੂਜੀ ਦਵਾਈ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਇਸਦਾ ਨਿਰਮਾਣ ਸਖ਼ਤ ਲਾਇਸੈਂਸ ਦੀਆਂ ਸ਼ਰਤਾਂ ਅਧੀਨ ਉੱਚ ਗੁਣਵੱਤਾ ਵਾਲੇ ਮਿਆਰ ਦੇ ਨਾਲ ਕੀਤਾ ਜਾਵੇਗਾ, ਜਿਵੇਂ ਕਿਸੇ ਵੀ ਹੋਰ ਦਵਾਈ ਦਾ ਹੁੰਦਾ ਹੈ। ਇਹ ਫਾਰਮੇਸੀਆਂ ਦੇ ਜ਼ਰੀਏ ਹੀ ਮਿਲੇਗੀ ਅਤੇ ਪ੍ਰਮਾਣਿਤ ਉਪਭੋਗਤਾਵਾਂ ਲਈ ਹੀ ਉਪਲਬਧ ਹੋਵੇਗੀ। ਇਸ ਬਿੱਲ ਵਿਚ ਕਾਸ਼ਤ ਲਈ ਥਾਵਾਂ ਦੇ ਆਲੇ-ਦੁਆਲੇ ਲਈ ਵੀ ਸਖਤ ਨਿਯਮ ਹਨ। ਕਾਸ਼ਤ ਦੀਆਂ ਥਾਵਾਂ ਨੂੰ ਸਕੂਲਾਂ ਅਤੇ ਘਰੇਲੂ ਖੇਤਰਾਂ ਤੋਂ ਦੂਰ ਰੱਖਿਆ ਜਾਵੇਗਾ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਇਸ ਉਤਪਾਦ ਦੀ ਆਮ ਲੋਕਾਂ ਵਿੱਚ ਵਿੱਕਰੀ ਨਹੀਂ ਕੀਤੀ ਜਾਂਦੀ। ਇਹ ਬਿੱਲ ਭੰਗ ਦੀ ਨਿਜੀ ਖੇਤੀ ਅਤੇ ਪੱਤਿਆਂ ਦੀ ਖੁੱਲ੍ਹੀ ਵਿਕਰੀ ਨੂੰ ਵੀ ਰੋਕਦਾ ਹੈ।
ਇੱਕ ਚੰਗੀ ਸਰਕਾਰ ਕੋਈ ਮਾਇਨੇ ਰੱਖਦੀ ਹੈ ਅਤੇ ਚੰਗੀ ਸਰਕਾਰ ਦੀ ਸ਼ੁਰੂਆਤ ਚੰਗੀਆਂ ਨੀਤੀਆਂ ਨਾਲ ਹੁੰਦੀ ਹੈ। ਵਿਰੋਧੀ ਧਿਰ ਵਿਚ ਰਹਿੰਦੇ ਹੋਏ ਸਾਡੀ ਨੈਸ਼ਨਲ ਪਾਰਟੀ ਦੁਆਰਾ ਵੱਡੇ ਪੱਧਰ 'ਤੇ ਕੀਤੇ ਇਸ ਕੰਮ ਅਤੇ ਸਾਡੇ ਵਿਆਪਕ ਸੁਧਾਰਾਂ ਨੂੰ ਅਪਨਾਉਣ ਲਈ ਅਸੀਂ ਸਰਕਾਰ ਨੂੰ ਉਤਸ਼ਾਹਿਤ ਕਰਦੇ ਹਾਂ, ਜਿਸ ਨਾਲ ਜ਼ਰੂਰਤਮੰਦ ਨਿਊਜ਼ੀਲੈਂਡਰ ਆਪਣੇ ਦਰਦ ਨੂੰ ਘਟਾਉਣ ਲਈ ਵਧੀਆ ਕਿਸਮ ਦੀ ਭੰਗ ਦੇ ਉਤਪਾਦ ਪ੍ਰਾਪਤ ਕਰ ਸਕਣਗੇ।

ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਮੈਨੁਕਾਓ ਈਸਟ। ।