ਪਿਆਰ ਬਨਾਮ ਪੀਆਰ ਪਾਸਪੋਰਟ ‘ਤੇ ਪੱਕੀ ਮੋਹਰ ਅਤੇ ਪੈਸੇ ਦੇ ਲਾਲਚੀਆਂ ਨੇ ਨਰਕ ਬਣਾਈ ਕਈਆਂ ਦੀ ਜ਼ਿੰਦਗੀ

0
373

 

ਆਕਲੈਂਡ (15 ਸਤੰਬਰ)  (ਅਵਤਾਰ ਸਿੰਘ ਟਹਿਣਾ ) ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਆਪਣੀ ਜਨਮ-ਭੂਮੀ ਛੱਡ ਕੇ ਵਿਦੇਸ਼ਾਂ ਵੱਲ ਰੁਖ ਕਰਨ ਵਾਲੇ ਹਰ ਵਿਅਕਤੀ ਲਈ ਉਸ ਧਰਤੀ ਦਾ ਪੱਕਾ ਬਾਸ਼ਿੰਦਾ ਬਣਨਾ ਪਹਿਲਾ ਸੁਪਨਾ ਹੁੰਦਾ ਹੈ। ਅਜਿਹੇ ਸਿਲਸਿਲੇ 'ਚ ਕਈ ਵਾਰ ਕਾਨੂੰਨੀ ਸੀਮਾਵਾਂ ਦਾ ਘੇਰਾ ਟੱਪਣ ਦੇ ਨਾਲ-ਨਾਲ ਕਈ ਲੋਕ ਖੁਦ ਤਾਂ ਆਪਣੇ ਸੁਪਨਿਆਂ ਦਾ ਸੰਸਾਰ ਸਿਰਜ ਲੈਂਦੇ ਹਨ ਪਰ ਦੂਜਿਆਂ ਦੀ ਜ਼ਿੰਦਗੀ ਨੂੰ ਨਰਕ ਤੋਂ ਵੀ ਬਦਤਰ ਬਣਾ ਦਿੰਦੇ ਹਨ। ਕਈ ਕੇਸ ਅਜਿਹੇ ਵੀ ਹਨ, ਜਿਥੇ ਦੋਹਾਂ ਦਾ ਪਾਲਣ-ਪੋਸ਼ਣ ਵੱਖੋ-ਵੱਖ ਸੱਭਿਆਚਾਰਾਂ ਹੋਇਆ ਹੋਣ ਕਰਕੇ ਜੋੜੀਆਂ ਬਣ ਕੇ ਵਿਛੜ ਗਈਆਂ।

 ਕੁਰਦਤੀ ਸੁਹੱਪਣ ਨਾਲ ਲੱਦੀ ਹੋਈ ਨਿਊਜ਼ੀਲੈਂਡ ਦੀ ਧਰਤੀ 'ਤੇ ਵੀ ਅਜਿਹੀਆਂ ਕਈ ਔਰਤਾਂ ਹਨ, ਜਿਨ੍ਹਾਂ ਦੀ ਜ਼ਿੰਦਗੀ 'ਮਾਰੂਥਲ' ਬਣੀ ਹੋਈ ਹੈ। ਉਨ੍ਹਾਂ 'ਤੇ ਰਹਿਮਤ ਦੀ ਬਰਸਾਤ ਕਦੋਂ ਹੋਵੇਗੀ? ਇਸ ਸਵਾਲ ਦਾ ਜਵਾਬ ਕੋਈ ਨਹੀਂ ਜਾਣਦਾ। ਅਜਿਹੀ ਮਾਰ ਕਈ ਆਦਮੀ ਵੀ ਝੱਲ ਰਹੇ ਹਨ, ਜਿਨ੍ਹਾਂ ਨੇ ਪੱਕੇ ਹੋਣ ਤੋਂਂ ਬਾਅਦ ਆਪਣੀਆਂ ਜੀਵਨ ਸਾਥਣਾਂ ਨੂੰ ਵੀ ਪੱਕੀ ਰਿਹਾਇਸ਼ ਦਿਵਾਈ ਪਰ ਉਹ ਪਵਿੱਤਰ ਰਿਸ਼ਤੇ ਨੂੰ ਪੱਕੇ ਪੈਰੀਂਂ ਕਰਨ ਦੀ ਬਜਾਏ ਇਕਰਾਰ ਦੀਆਂ ਕੱਚੀਆਂ ਨਿਕਲੀਆਂ। ਪੱਕੀ ਮੋਹਰ ਵਾਲਾ ਪਾਸਪੋਸਟ ਹੱਥ ਆਉਂਦਿਆਂ ਹੀ ਆਪਣੇ ਪੁਰਾਣੇ ਸਾਂਝੀਦਾਰਾਂ ਦਾ ਪੱਲਾ ਜਾ ਫੜਿਆ।

ਅਜਿਹੀਆਂ ਕੁੱਝ ਜਿੰਦਾਂ ਕਦੇ ਪਿਆਰ ਵਰਗੇ ਪਵਿੱਤਰ ਰਿਸ਼ਤੇ ਰਾਹੀਂਂ ਵਿਆਹ ਵਾਲੀ  ਡੋਰ ਵਿੱਚ ਬੱਝੀਆਂ ਪਰ ਉਨ੍ਹਾਂ ਦੇ ਧੋਖੇਬਾਜ ਜੀਵਨ ਸਾਥੀਆਂ ਨੇ ਪੀਆਰ(ਪੱਕੀ ਰਿਹਾਇਸ਼) ਮਿਲਦਿਆਂ ਹੀ ਅੱਖਾਂ ਫੇਰ ਲਈਆਂ। ਕਈ ਵਿਚਾਰੀਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਪਿਆਰ ਦੇ ਨਾਂ 'ਤੇ ਉਨ੍ਹਾਂ ਨਾਲ ਅਜਿਹੀ ਖੇਡ ਖੇਡੀ ਜਾ ਰਹੀ ਹੈ, ਜੋ ਉਨ੍ਹਾਂ ਦੇ ਜੀਵਨ ਨੂੰ ਅਜਿਹੀ ਹਨ੍ਹੇਰੀਆਂ ਖੱਡਾਂ ਵੱਲ ਲੈ ਜਾਵੇਗੀ, ਜਿੱਥੋਂ ਸੌਖਿਆਂ ਨਿਕਲਣਾ ਖਾਲਾ ਜੀ ਵਾੜਾ ਨਹੀਂ। ਕਾਨੂੰਨੀ ਹੱਥ ਹੀ ਉਨ੍ਹਾਂ ਨੂੰ ਮੁੜ ਰੌਸ਼ਨੀ ਵੱਲ ਲਿਜਾ ਸਕਦਾ ਹੈ। ਅਜਿਹੀ ਖੇਡ ਖੇਡਣ ਵਾਲੇ ਕਿਸੇ ਧਰਮ,ਜਾਤ,ਉਮਰ ਆਦਿ ਦਾ ਲਿਹਾਜ ਨਹੀਂ ਕਰਦੇ। ਜਦੋਂ ਵੀ ਕਿਸੇ ਦਾ ਦਾਅ ਲੱਗਾ, ਦਾਅ ਲਾ ਕੇ ਆਪੋ-ਆਪਣੇ ਰਾਹ ਪੈ ਗਏ।

ਕਈਆਂ ਨੇ ਇੱਥੋਂ ਦੀਆਂ ਭੋਲੀਆਂ ਕੁੜੀਆਂ ਨਾਲ ਵਿਆਹ ਕਰਵਾਇਆ ਪਰ ਮਕਸਦ ਪੂਰਾ ਹੋਣ ਪਿੱਛੋਂ ਕੱਪੜੇ ਬਦਲਣ ਵਾਂਗ ਆਪਣਾ ਸੁਭਾਅ ਬਦਲ ਕੇ ਕੁੱਝ ਸਮੇਂ ਬਾਅਦ ਹੀ ਪੱਲਾ ਛੁਡਵਾ ਲਿਆ। ਉਸ ਮਗਰੋਂ ਆਪਣੇ ਵਤਨੀਂ ਜਾ ਕੇ ਮਾਪਿਆਂ ਦੇ ਪਸੰਦ ਦੀ ਨੂੰਹ ਨੂੰ ਆਪਣੀ ਪਤਨੀ ਬਦਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਪਰ ਪਹਿਲੀ ਦਰ ਦਰ ਦੇ ਧੱਕੇ ਖਾਣ ਲਈ ਮਜ਼ਬੂਰ ਹੋ ਗਈ। ਇਸੇ ਕਰਕੇ ਇੱਥੋਂ ਦਾ ਇੱਕ ਵਿਸ਼ੇਸ਼ ਭਾਈਚਾਰਾ ਸਾਡੇ ਭਾਰਤੀ ਭਾਈਚਾਰੇ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਵੇਖਣ ਲੱਗ ਪਿਆ ਹੈ। ਨਫ਼ਰਤ ਕਰੇ ਵੀ ਕਿਉਂ ਨਾ? ਜਿਨ੍ਹਾਂ ਦੀਆਂ ਜਵਾਨ ਧੀਆਂ ਨੂੰ ਪਹਿਲਾਂ ਪਿਆਰ ਦੇ ਜਾਲ 'ਚ ਫਸਾ ਕੇ ਪੱਕੇ ਹੋ  ਗਏ ਅਤੇ ਪਿੱਛੋਂ ਬਿਨ੍ਹਾਂ ਦੱਸਿਆਂ ਆਪਣੇ ਅਸਲੀ ਘਰਾਂ ਵੱਲ ਉਡਾਰੀ ਮਾਰ ਗਏ। ਜਿਸਦਾ ਵੱਧ ਨੁਕਸਾਨ ਹੁਣ ਇੱਥੇ ਪੁੱਜ ਚੁੱਕੀ ਵਿਦਿਆਰਥੀ ਪੀੜ੍ਹੀ ਨੂੰ ਹੋਇਆ ਹੈ, ਜੋ ਕਿਸੇ ਗੈਰ-ਭਾਰਤੀ ਭਾਈਚਾਰੇ ਚੋਂ ਜੀਵਨ ਸਾਥੀ ਲੱਭਣ ਲਈ ਭਾਵੇਂ ਸੱਚੇ ਦਿਲੋਂਂ ਚਾਹਤ ਰੱਖਦੇ ਹੋਣ ਪਰ ਪਹਿਲਾਂ ਵਾਲਿਆਂ ਵੱਲੋਂ ਕੀਤੇ ਗਏ ਵਿਸ਼ਵਾਸ਼ਘਾਤ ਨੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ ਹੋਇਆ ਹੈ। ਜਿਨ੍ਹਾਂ ਦੇ ਹੱਥਾਂ ਦੀਆਂ ਦਿੱਤੀਆਂ ਅੱਜ ਅਗਲੀ ਪੀੜ੍ਹੀ ਨੂੰ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ। ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਹੋ ਜਿਹੀਆਂ ਸਰਾਪੀਆਂ ਕੁੱਝ ਜ਼ਿੰਦਗੀਆਂ ਹਨ, ਜੋ ਚੈਰੀਟੇਰਬਲ ਟਰੱਸਟਾਂ ਦੀ ਸਹਾਇਤਾ ਨਾਲ ਕਾਨੂੰਨ ਦੇ ਦਰਾਂ 'ਤੇ ਪੁੱਜ ਕੇ ਇਨਸਾਫ ਲਈ ਚਾਰਜੋਈ ਕਰ ਰਹੀਆਂ ਹਨ।

ਭਾਰਤੀਆ ਸਮਾਜ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜੀਤ ਸੱਚਦੇਵ ਅਨੁਸਾਰ ਸੈਂਕੜੇ ਸਾਊਥ ਏਸ਼ੀਅਨ ਲੋਕ ਫਰਜ਼ੀ ਵਿਆਹਾਂ ਦਾ ਲਾਹਾ ਲੈ ਰਹੇ ਹਨ। ਪਹਿਲਾਂ ਇੱਥੇ ਪੱਕੇ ਹੋ ਜਾਂਦੇ ਹਨ ਅਤੇ ਬਾਅਦ 'ਚ ਆਪਣੇ ਇਸੇ ਸਟੇਟਸ ਫਾਇਦਾ ਆਪਣੇ ਦੇਸ਼ 'ਚ ਹੋਰ ਵਿਆਹ ਕਰਵਾ ਕੇ ਦਾਜ ਦੇ ਰੂਪ ਵਿੱਚ ਲੈਂਦੇ ਹਨ।

 ਰੂਪਾ ਔਰ ਆਪ ਚੈਰੀਟੇਬਲ ਟਰੱਸਟ ਦੀ ਚੀਫ਼ ਐਗਜ਼ੈਕਟਿਵ ਰੂਪਾ ਸੱਚਦੇਵ ਅਨੁਸਾਰ ਪੈਸੇ ਅਤੇ ਪੱਕੇ ਹੋਣ ਦੀ ਅੰਨ੍ਹੀ ਹੋੜ ਨੇ ਪੰਜਾਬੀ ਸਮਾਜ ਦੀ ਰਵਾਇਤਾਂ ਰੋਲ ਕੇ ਰੱਖ ਦਿੱਤੀਆਂ ਹਨ। ਜਿਸ ਕਰਕੇ ਇਮੀਗਰੇਸ਼ਨ ਦੇ ਅੱਖੀਂ ਘੱਟਾ ਪਾਉਣ ਲਈ ਕਈ ਵਾਰ ਪਤੀ-ਪਤਨੀ ਦਾ ਰਿਸ਼ਤਾ ਝੂਠ ਦੀ ਬੁਨਿਆਦ 'ਤੇ ਉਸਾਰ ਲਿਆ ਜਾਂਦਾ ਹੈ। 'ਦਿਨ ਚੜ੍ਹੇ ਤੋਂ ਦੀਵਾ ਬੁਝਾ ਦਿੱਤੇ ਜਾਣ' ਵਾਲੀ ਕਹਾਵਤ ਵਾਂਗੂ ਕਈ ਲੋਕ ਪੱਕੇ ਹੋਣ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਛੱਡ ਕੇ ਹੋਰ ਰਾਹ ਮੱਲ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇ ਦੌਰਾਨ ਅਜਿਹੇ ਕੇਸ ਬਹੁਤ ਵਧ ਗਏ ਹਨ। ਘਰੇਲੂ ਹਿੰਸਾ ਨਾਲ ਸਬੰਧਤ ਹਰ ਹਫ਼ਤੇ ਨਵੇਂ ਤੋਂਂ ਨਵਾਂ ਕੇਸ ਸਾਹਮਣੇ ਆਉਂਦਾ ਹੈ।         ਰੂਪਾ ਅਨੁਸਾਰ ਪੀਆਰ ਲੈਣ ਵਾਲੇ ਚੱਕਰ 'ਚ ਇੱਕ 22-23 ਸਾਲ ਦੇ ਪੰਜਾਬੀ ਵਿਦਿਆਰਥੀ ਨੇ ਇਥੋਂ ਦੀ ਜੰਮਪਲ 18 ਕੁ ਸਾਲ ਦੀ ਗੈਰ-ਪੰਜਾਬੀ ਕੁੜੀ ਨੂੰ ਆਪਣੇ ਪਿਆਰ ਦੇ ਚੱਕਰਾਂ 'ਚ ਫਸਾ ਰੱਖਿਆ ਹੈ, ਜੋ ਮਾਨਸਿਕ ਪੱਖੋਂਂ ਸਿਹਤਮੰਦ ਵੀ ਨਹੀਂਂ ਹੈ ਤੇ ਉਸਦੀ ਬੁੱਧੀ ਮਸਾਂ 7-8 ਸਾਲ ਦੇ ਬੱਚੇ ਜਿੰਨੀ ਹੋਵੇਗੀ। ਇਸ ਬਾਰੇ ਕੁੜੀ ਦੀ ਦਾਦੀ ਨੇ ਸ਼ਿਕਾਇਤ ਕੀਤੀ ਸੀ ਅਤੇ ਪੁਲੀਸ ਨੇ ਹਾਈ ਅਲਰਟ ਜਾਰੀ ਕਰਕੇ ਅੰਬੈਸੀ ਨੂੰ ਵੀ ਸੂਚਿਤ ਕੀਤਾ ਹੋਇਆ ਹੈ। ਖਦਸ਼ਾ ਪ੍ਰਗਟਾਇਆ ਜਾ  ਰਿਹਾ ਹੈ ਕਿ ਪੱਕੇ ਹੋਣ ਦੇ ਚੱਕਰ 'ਚ ਕਿਤੇ ਉਹ ਮੁੰਡਾ ਇਸ ਕੁੜੀ ਨੂੰ ਇੰਡੀਆ ਭਜਾ ਕੇ ਨਾ ਲੈ ਜਾਵੇ। ਕ੍ਰਾਈਸਟਚਰਚ ਨਾਲ ਸਬੰਧਤ ਅਜਿਹਾ ਹੀ ਇੱਕ ਕੇਸ ਕੁੱਝ ਮਹੀਨੇ ਪਹਿਲਾਂ ਚਰਚਾ ਵਿੱਚ ਆਇਆ ਸੀ,ਜਦੋਂਂ ਪਟਿਆਲੇ ਦੇ ਇੱਕ ਮੁੰਡੇ ਦੇ ਪਿੱਛੇ ਅਜਿਹੇ ਹੀ ਮਾਨਸਿਕ ਪੱਧਰ ਵਾਲੀ ਲੜਕੀ ਭੱਜ ਕੇ ਪਿੱਛੇ ਚਲੀ ਗਈ ਸੀ।

 ਅਜਿਹਾ ਹੀ ਕੇਸ ਇਕ ਹੋਰ ਅਜਿਹੀ ਔੌਰਤ ਨਾਲ ਸਬੰਧਤ ਹੈ, ਜਿਸਨੇ ਨਿਊਜ਼ੀਲੈਂਡ ਦੇ ਪੱਕੇ ਵਿਅਕਤੀ ਨਾਲ ਭਾਰਤ 'ਚ ਵਿਆਹ ਕਰਵਾਇਆ ਸੀ। ਮਾਪਿਆਂ ਨੇ ਵਿਆਹ ਦੌਰਾਨ ਦਾਜ ਦੇ ਰੂਪ 'ਚ ਲਾੜੇ ਦੀ ਝੋਲੀ ਵੀ ਪੈਸਿਆਂ ਨਾਲ ਭਰੀ। ਜਦੋਂਂ ਇੱਥੇ ਆਈ ਤਾਂ ਉਸਦਾ ਪਤਾ ਪਹਿਲਾਂ ਹੀ ਕਿਸੇ ਔਰਤ ਨਾਲ ਰਹਿ ਰਿਹਾ ਸੀ। ਜਿਸ ਕਰਕੇ ਉਹ ਘਰ 'ਚ ਬਿਨ੍ਹਾਂ ਤਨਖਾਹ ਤੋਂ ਕੰਮ ਕਰਨ ਵਾਲੀ 'ਵਰਕਰ' ਬਣ ਕੇ ਰਹਿ ਗਈ। ਉਸਨੇ ਕੁੱਝ ਸਮਾਂ ਤਾਂ ਸਾਰਾ ਕੁੱਝ ਬਰਦਾਸ਼ਤ ਕੀਤਾ ਪਰ ਅਖੀਰ ਉਹ ਨਰਕ ਵਾਲੀ ਜ਼ਿੰਦਗੀ ਤੋਂ ਖਹਿੜਾ ਛੁਡਵਾਉਣ ਲਈ ਟਰੱਸਟ ਦੇ ਦਫ਼ਤਰ ਜਾ ਪੁੱਜੀ ਅਤੇ ਹੁਣ ਕਾਨੂੰਨੀ ਸਹਾਰੇ ਰਾਹੀਂ ਆਪਣੀ ਜ਼ਿੰਦਗੀ ਦੀ ਬੇੜੀ ਕਿਸੇ ਤਣ ਪੱਤਣ ਲਈ ਜ਼ੋਰ ਲਾ ਰਹੀ ਹੈ। ਇਕ ਹੋਰ ਕੇਸ 'ਚ ਇਕ ਔਰਤ ਆਪਣੇ ਪਤੀ ਦੀ ਰਜ਼ਾ ਨਾਲ ਭਾਰਤ ਗਈ ਸੀ ਤਾਂ ਔਲਾਦ ਦੀ ਖਾਤਰ 'ਆਈਵੀਐਫ ਟਰੀਟਮੈਂਟ' ਕਰਵਾ ਸਕੇ। ਪਰ ਜਦੋਂਂ ਪਿਛਲੇ ਹਫ਼ਤੇ ਵਾਪਸ ਮੁੜੀ ਤਾਂ ਘਰ ਵਾਲਾ ਘਰ ਛੱਡ ਕੇ ਆਸਟਰੇਲੀਆ ਜਾ ਚੁੱਕਾ ਸੀ। ਇੱਥੋਂ ਤੱਕ ਉਸਦਾ ਸਕੂਟਰ ਵੀ ਵੇਚ ਗਿਆ, ਜਿਸ ਰਾਹੀਂ ਉਹ ਕੰਮ 'ਤੇ ਜਾਂਦੀ ਸੀ। ਉਹ ਹੁਣ ਡੂੰਘੇ ਸਦਮੇ ਦਾ ਸ਼ਿਕਾਰ ਹੈ।

ਤਸਵੀਰ ਦਾ ਦੂਜਾ ਪਾਸਾ ਵੀ ਕੋਈ ਘੱਟ ਨਿਰਾਸ਼ਜਨਕ ਨਹੀਂ। ਕਈ ਅਜਿਹੇ ਕੇਸ ਹਨ, ਜਿਨ੍ਹਾਂ 'ਚ ਕੁੜੀਆਂ ਨੇ ਪੱਕੇ ਹੋਣ ਤੋਂ ਬਾਅਦ ਆਪਣੇ ਸਿਰ ਦੇ ਸਾਈਂ ਵੱਲੋਂ ਅੱਖਾਂ ਫੇਰ ਲਈਆਂ। ਇੱਥੇ ਪੜ੍ਹਨ ਆਈ ਕੁੜੀ ਨੂੰ ਮੁੰਡੇ ਦੇ ਸਹਾਰਾ ਦਿੱਤਾ। ਗੱਲ ਦੋਸਤੀ ਤੋਂ ਵਧ ਕੇ ਵਿਆਹ ਤੱਕ ਜਾ ਪੁੱਜੀ। ਜਦੋਂ ਘਰ ਵਾਲਾ ਖੁਸ਼ਖ਼ਬਰੀ ਦੇਣ ਲਈ ਘਰ ਪੁੱਜਾ ਤਾਂ ਘਰ ਵਾਲੀ ਆਪਣੇ ਪੱਕੇ ਹੋਣ ਤੋਂ ਤੁਰੰਤ ਬਾਅਦ ਕਿਸੇ ਪੁਰਾਣੇ ਦੋਸਤ ਨੂੰ ਆਪਣਾ ਹਮਸਫਰ ਬਣਾਉਣ ਲਈ ਉਸ ਨਾਲ ਫ਼ੋਨ 'ਤੇ ਵਿਚਾਰਾਂ ਕਰ ਰਹੀ ਸੀ। ਅਜਿਹੇ ਆਲਮ 'ਚ ਘਰ ਦਾ ਮਾਹੌਲ ਘਰੇਲੂ ਹਿੰਸਾ ਤੱਕ ਪੁੱਜਣ ਦਾ ਡਰ ਅਕਸਰ ਵਧ ਜਾਂਦਾ ਹੈ।

ਇਕ ਅਜਿਹਾ ਕੇਸ ਵੀ ਸਾਹਮਣੇ ਆਇਆ ਹੈ,ਜਿੱਥੇ ਮੰਡਾ ਤਾਂ ਨਿਊਜ਼ੀਲੈਂਡ ਦਾ ਜੰਮਪਲ ਸੀ ਅਤੇ ਕੁੜੀ ਇੰਡੀਆ ਦੀ। ਮਾਪਿਆਂ ਦੀ ਰਜਾਮੰਦੀ ਨਾਲ ਦੋਹਾਂ ਦਾ ਵਿਆਹ ਤਾਂ ਹੋ ਗਿਆ ਪਰ ਦੋਵੇਂ ਵੱਖੋ-ਵੱਖ ਮਾਹੌਲ 'ਚ ਪਲੇ ਹੋਣ ਕਰਕੇ ਇਕੱਠੇ ਜ਼ਿੰਦਗੀ ਦੇ ਪੰਧ 'ਤੇ ਨਹੀਂਂ ਤੁਰ ਸਕੇ। ਇਸ ਇਕ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਕੁੜੀ ਘੱਟ-ਪੜ੍ਹੀ ਲਿਖੀ ਹੋਣ ਕਰਕੇ ਨਿਊਜ਼ੀਲੈਂਡ ਵਰਗੇ ਮੁਲਕ 'ਚ ਜੰਮੇ ਪਤੀ ਅਨੁਸਾਰ ਆਪਣੇ ਆਪ ਨੂੰ ਢਾਲ ਨਹੀਂ ਸਕੀ।

ਅਜਿਹੇ ਮਾਮਲਿਆਂ ਸਬੰਧੀ ਇਮੀਗਰੇਸ਼ਨ ਨਿਊਜ਼ੀਲੈਂਡ ਦੇ ਅਸਿਸਟੈਂਟ ਜਨਰਲ ਮੈਨੇਜਰ ਪੀਟਰ ਡੀਵੋਏ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਘਰੇਲੂ ਹਿੰਸਾ (ਡੋਮੈਸਟਿਕ ਵਾਇਓਲੈਂਸ) ਨਾਲ ਸਬੰਧਤ ਇਮੀਗਰੇਸ਼ਨ ਕੋਲ 808 ਕੇਸ ਆਏ ਸਨ, ਜਿਨ੍ਹਾਂ ਵਿੱਚ ਪੀੜਿਤਾਂ ਦੇ ਪਤੀ ਨਿਊਜ਼ੀਲੈਂਡ ਦੇ ਸਿਟੀਜ਼ਨ ਜਾਂ ਪੱਕੀ ਰਿਹਾਇਸ਼ ਵਾਲੇ ਸਨ। ਜਿਨ੍ਹਾਂ ਵਿੱਚੋਂ ਰੈਜੀਡੈਂਸੀ ਦੇ 160 ਕੇਸ ਅਤੇ ਵਰਕ ਵੀਜੇ ਦੇ 517 ਕੇਸ ਅਪਰੂਪ ਕੀਤੇ ਗਏ ਸਨ। ਇਸ ਤਰ੍ਹਾਂ ਜੁਲਾਈ 2010 ਤੋਂ ਲੈ ਹੁਣ ਤੱਕ 1300 ਕੇਸ ਸਾਹਮਣੇ ਆਏ ਸਨ, ਜੋ ਧੋਖਾਧੜੀ ਵਾਲੀ ਰਿਲੇਸ਼ਨਸ਼ਿਪ ਨਾਲ ਸਬੰਧਤ ਸਨ ਅਤੇ ਅਜਿਹੇ 50 ਕੇਸਾਂ ਦੀ ਜਾਂਚ ਹੋ ਚੁੱਕੀ ਹੈ।

 ਆਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ ਦੀ ਪ੍ਰੋਫ਼ੈਸਰ ਆਫ ਡਾਇਵਰਸਿਟੀ ਐਡਵਿਨਾ ਪਾਓ ਅਨੁਸਾਰ ਟਰਾਂਸਨੈਸ਼ਨਲ ਵਿਆਹਾਂ ,ਦਾਜ ਅਤੇ ਘਰੇਲੂ ਹਿੰਸਾ ਵਾਲੇ ਕੇਸ ਆਮ ਜਿਹੀ ਗੱਲ ਹੋ ਗਈ ਹੈ ਅਤੇ ਬਹੁਤ ਘੱਟ ਕੇਸ ਅਥਾਰਿਟੀਆਂ ਦੇ ਧਿਆਨ ਵਿੱਚ ਲਿਆਂਦੇ ਜਾਂਦੇ ਹਨ।