ਪੰਜਾਬਣਾਂ ਨੇ ਵੋਮੈਨ ਕੇਅਰ ਟਰੱਸਟ ਦੀ ‘ਲੇਡੀਜ ਨਾਈਟ’ ‘ਚ ਪਾਈ ਧਮਾਲ…

0
278

ਆਕਲੈਂਡ (ਅਵਤਾਰ ਸਿੰਘ ਟਹਿਣਾ) ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜਾਂ 'ਚ ਜੁਟੇ ਹੋਏ ਇੱਥੋਂ ਦੇ ਵੋਮੈਨ ਕੇਅਰ ਟਰੱਸਟ ਵੱਲੋਂ ਸ਼ਨੀਵਾਰ ਨੂੰ ਮਾਨੁਕਾਊ ਦੇ ਵੋਡਾਫੋਨ ਈਵੈਂਟ ਸੈਂਟਰ 'ਚ ਕਰਵਾਏ ਗਏ ਰੰਗਾ-ਰੰਗ ਪ੍ਰੋਗਰਾਮ 'ਲੇਡੀਜ ਨਾਈਟ' 'ਚ ਪੰਜਾਬਣਾਂ ਨੇ ਦੇਰ ਰਾਤ ਤੱਕ ਧਮਾਲ ਪਾਈ ਰੱਖੀ। ਗੁਰਬਾਣੀ ਦੇ ਸ਼ਬਦ ਰਾਹੀਂਂ ਸ਼ੁਰੂ ਹੋਇਆ ਇਹ ਸਮਾਗਮ ਛੇਤੀ ਹੀ ਪੰਜਾਬੀ ਸੱਭਿਆਚਾਰ ਦੇ ਗੀਤਾਂ ਤੇ ਬੋਲੀਆਂ 'ਚ ਰੰਗਿਆ ਗਿਆ। ਛੋਟੇ ਬੱਚਿਆਂ ਨੇ ਵੀ ਆਪਣੀ ਕਲਾ ਰਾਹੀਂ ਪੰਜਾਬੀ ਲੋਕ ਨਾਚਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ। 
ਮੇਲੇ ਰੂਪੀ ਸਮਾਗਮ 'ਚ ਗਿੱਧੇ-ਭੰਗੜੇ ਦੀ ਪੇਸ਼ਕਾਰੀ 'ਚ ਵਿਰਸਾ ਅਕੈਡਮੀ, ਪੰਜਾਬੀ ਪ੍ਰਾਈਡ, ਸਾਂਝ ਸਪੋਰਟਸ ਅਤੇ ਕਲਚਰਲ ਕਲੱਬ, ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਗਰੁੱਪਾਂ ਨੇ ਆਪੋ-ਆਪਣੀ ਕਲਾ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ। ਦਰਸ਼ਕਾਂ ਨੇ ਇੱਕ ਨਾਟਕ ਅਤੇ ਫਿਟਨਸ ਵਾਲਿਆਂ ਦੇ ਜੁੰਬੇ ਦਾ ਰੰਗ ਵੀ ਮਾਣਿਆ। ਇਸੇ ਦੌਰਾਨ ਢੋਲੀ ਹੈਰੀ ਦੇ ਨਾਲ ਹਰਜੀਤ ਕੌਰ ਅਤੇ ਜਿਓਤੀ ਨੇ ਲੋਕ ਬੋਲੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ। ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਸਮਝੇ ਜਾਂਦੇ ਚਰਖੇ ਨੂੰ ਵੀ ਨੁਮਾਇਸ਼ 'ਚ ਰੱਖਿਆ ਗਿਆ ਸੀ ਅਤੇ ਔਰਤਾਂ ਨੇ ਚਰਖੇ,ਪੱਖੀਆਂ, ਜਾਗੋ ਕੱਢਣ ਵਾਲੀਆਂ ਗਾਗਰਾਂ, ਛੱਜ, ਪੀੜ੍ਹੀਆਂ ਆਦਿ ਨਾਲ ਪੂਰੇ ਉਤਸ਼ਾਹ ਨਾਲ ਫੋਟੋਆਂ ਖਿਚਵਾਈਆਂ ਅਤੇ ਨਿਊਜ਼ੀਲੈਂਡ 'ਚ ਜੰਮੀ ਪਨੀਰੀ ਨੂੰ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਇਆ। ਵਿਆਹ ਵਰਗੇ ਮੇਲੇ 'ਚ ਖੁਸ਼ੀਆਂ ਵਾਲਾ ਮਾਹੌਲ ਉਦੋਂ ਸਿਖਰ 'ਤੇ ਪੁੱਜ ਗਿਆ, ਜਦੋਂ ਸਟੇਜ ਤੋਂ ਚੱਲੇ ਡੀਜੇ ਨੇ ਸਮੁੱਚੇ ਪੰਡਾਲ 'ਚ ਬੈਠੀਆਂ ਔਰਤਾਂ ਨੂੰ ਨੱਚਣ ਲਾ ਦਿੱਤਾ ਤੇ ਪੰਜਾਬਣਾਂ ਨੇ ਖੁੱਲ੍ਹ ਕੇ ਆਪਣੇ ਦਿਲ ਦੀ ਭੜਾਸ ਕੱਢੀ। 
ਇਸ ਮੌਕੇ ਆਕਲੈਂਡ ਕੌਂਸਲ ਦੀ ਲਾਇਬ੍ਰੇਰੀ ਵੱਲੋਂ ਟਰੱਸਟ ਨਾਲ ਸਬੰਧਤ ਕੁੱਝ ਮੈਂਬਰਾਂ ਦੇ ਜੀਵਨ ਨੂੰ ਦਰਸਾਉਂਦੀ "ਪੰਜਾਬਣਾਂ ਦੀ ਕਹਾਣੀ, ਉਨ੍ਹਾਂ ਦੀ ਜ਼ੁਬਾਨੀ" ਨਾਂ ਹੇਠ ਪ੍ਰਦਰਸ਼ਨੀ ਵੀ ਲਾਈ ਗਈ। ਜਿਸ ਬਾਰੇ ਮੇਲੇ ਦੀ ਮੁੱਖ ਪ੍ਰਬੰਧਕ ਅਤੇ ਟਰੱਸਟੀ ਬਲਜੀਤ ਕੌਰ ਦੇਹਲ ਨੇ ਦੱਸਿਆ ਕਿ ਕੌਂਸਲ ਦੇ ਅਧਿਕਾਰੀ ਵੋਮੈਨ ਟਰੱਸਟ ਦੇ ਤਿੰਨ-ਚਾਰ ਸਾਲਾਂ ਦੇ ਕੰਮਾਂ ਨੂੰ ਵੇਖ ਕੇ ਪਿਛਲੇ ਦਿਨੀਂ ਬਹੁਤ ਪ੍ਰਭਾਵਿਤ ਹੋਏ ਸਨ, ਜਿਸ ਪਿੱਛੋਂ ਕੌਸਲ ਨੇ ਟਰੱਸਟ ਦੇ ਮੈਂਬਰਾਂ ਬਾਰੇ ਸਮੁੱਚੇ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਾਉਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਪੂਰਾ ਸਫ਼ਲ ਰਿਹਾ ਅਤੇ ਸਾਰੀਆਂ ਹੀ ਟਿਕਟਾਂ ਵਿਕ ਗਈਆਂ ਸਨ।

ਇਸ ਮੌਕੇ ਐਨਜ਼ੈੱਡ ਪੰਜਾਬੀ ਨਿਊਜ਼ ਅਤੇ ਅਣਖੀਲਾ ਪੰਜਾਬ ਦੀ ਟੀਮ ਨੇ ਪ੍ਰੋਗਰਾਮ ਵੇਖਣ ਆਈਆਂ ਬੀਬੀਆਂ ਤੇ ਪ੍ਰਬੰਧਕਾਂ ਨਾਲ ਗੱਲਬਾਤ ਵੀ ਕੀਤੀ। ਟੀਵੀ ਐਂਕਰ ਵਜੋਂ ਜਸਪ੍ਰੀਤ ਸਿੰਘ ਰਾਜਪੁਰਾ ਦੁਆਰਾ ਹਾਸੇ ਠੱਠੇ ਵਾਲੇ ਮਾਹੌਲ ਦੌਰਾਨ ਪੁੱਛੇ ਗਏ ਸਵਾਲਾਂ ਦੇ ਜੁਆਬ ਬਹੁਤ ਹੀ ਖੁਸ਼ਨੁਮਾ ਅਤੇ ਉਤਸ਼ਾਹ ਭਰੇ ਲਹਿਜੇ 'ਚ ਦਿੱਤੇ।