ਪੰਜਾਬ ਨੂੰ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ : ਡਾ ਗਾਂਧੀ

0
123

ਆਕਲੈਂਡ ( ਅਵਤਾਰ ਸਿੰਘ ਟਹਿਣਾ) "ਆਸਹੀਣ ਹੋ ਚੁੱਕੇ ਪੰਜਾਬ ਨੂੰ ਬਚਾਉਣ ਲਈ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ ਤਾਂ ਜੋ ਸੂਬੇ ਦੀ ਗਵਾਚੀ ਹੋਈ ਆਨ ਤੇ ਸ਼ਾਨ ਨੂੰ ਬਹਾਲ ਕੀਤਾ ਜਾ ਸਕੇ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬਾਗੂ ਆਗੂ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ 'ਪੰਜਾਬ ਸੰਵਾਦ' ਪ੍ਰੋਗਰਾਮ ਤਹਿਤ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ 'ਚ ਵੱਖ-ਵੱਖ ਥਾਵਾਂ 'ਤੇ ਸੰਬੋਧਨ ਕਰਦਿਆਂ ਕੀਤਾ। 
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ, ਸ੍ਰੀ ਗੁਰੂ ਰਵੀਦਾਸ ਟੈਂਪਲ ਬੰਬੇ ਹਿੱਲ,ਐਨਜ਼ੈੱਡ ਪੰਜਾਬੀ ਨਿਊਜ਼ ਦੇ ਦਫ਼ਤਰ, ਰੇਡੀਓ ਸਪਾਈਸ, ਰੇਡੀਓ ਸਾਡੇ ਆਲਾ ਅਤੇ ਗਰੈਂਡ ਹਵੇਲੀ ਰੈਸਟੋਰੈਂਟ 'ਚ ਪੰਜਾਬੀ ਭਾਈਚਾਰੇ ਨਾਲ ਸਿੱਧੀ ਗੱਲਬਾਤ ਦੌਰਾਨ ਡਾ ਗਾਂਧੀ ਨੇ ਦੱਸਿਆ ਕਿ ਪੰਜਾਬ ਇਸ ਵੇਲੇ ਘੋਰ ਨਿਰਾਸ਼ਾ ਦੇ ਆਲਮ ਚੋਂ ਗੁਜਰ ਰਿਹਾ ਹੈ,ਜਿਸਨੂੰ ਸਹੀ ਦਸ਼ਾ ਅਤੇ ਦਿਸ਼ਾ ਦੇਣ ਲਈ ਮਜਬੂਤ ਖੇਤਰੀ ਸਿਆਸੀ ਪਾਰਟੀ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਜਲੌਅ ਖਤਮ ਹੋਣ ਜਾਣ ਪਿੱਛੋਂ ਸੂਬੇ ਦੇ ਲੋਕ ਫਿਰ ਨਵੀਂ ਆਸ ਦੀ ਤਾਂਘ ਕਰਨ ਲੱਗ ਪਏ ਹਨ, ਜਿਸਦਾ ਇੱਕੋ-ਇੱਕ ਬਦਲ ਸਿਰਫ ਇੱਕ ਅਜਿਹੀ ਖੇਤਰੀ ਪਾਰਟੀ ਹੀ ਬਣ ਸਕਦੀ ਹੈ, ਜੋ ਨਿਰੋਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਈ ਹੋਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਧਰਮ, ਜਾਤ ਅਤੇ ਬੋਲੀ ਦੀ ਵੰਡ ਪੈਣ ਕਾਰਨ ਹੀ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਪੰਜਾਬ ਨਾਲ ਧੱਕਾ ਕੀਤਾ ਹੈ। ਜਿਸ ਕਰਕੇ ਦੇਸ਼ ਦਾ ਮੋਹਰੀ ਕਹਾਉਣ ਵਾਲਾ ਸੂਬਾ ਅੱਜ ਕੇਂਦਰ ਅੱਗੇ ਠੂਠਾ ਚੁੱਕ ਕੇ ਖ਼ੈਰ ਮੰਗਦਾ ਫਿਰ ਰਿਹਾ ਹੈ। ਕਿਸਾਨ ਖੁਦਕੁਸ਼ੀਆਂ, ਨਸ਼ੇ, ਪ੍ਰਦੂਸ਼ਿਤ ਵਾਤਾਵਰਨ ਵਰਗੀਆਂ ਅਲਾਮਤਾਂ ਪਹਿਲਾਂ ਨਾਲੋਂ ਵੀ ਵਧ ਗਈਆਂ ਹਨ ਅਤੇ ਦਰਿਆ ਗੰਦੇ ਨਾਲਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਭਾਰਤ ਅਜ਼ਾਦ ਹੋਇਆ ਸੀ ਤਾਂ ਉਦੋਂ ਇਸਨੂੰ ਇਕ ਦੇਸ਼ ਨਹੀ ਬਲਕਿ ਰਾਜਾਂ ਦਾ ਸਮੂਹ ਮੰਨਿਆ ਗਿਆ ਸੀ ਅਤੇ ਘੱਟ-ਗਿਣਤੀਆਂ ਤੇ ਵੰਨ-ਸੁਵੰਨਤਾ ਨੂੰ ਕਬੂਲ ਕਰਕੇ ਫੈਡਰਲ ਢਾਂਚੇ ਤਹਿਤ ਦੇਸ਼ ਨੂੰ ਚਲਾਉਣ ਲਈ ਸੰਵਿਧਾਨ ਬਣਾਇਆ ਗਿਆ ਸੀ। ਪਰ ਕੇਂਦਰ ਸਰਕਾਰਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਹਿੰਦੂ ਰਾਸ਼ਟਰ ਦੇ ਨਾਂ 'ਤੇ ਦੇਸ਼ ਦੇ ਬਹੁ-ਸੱਭਿਆਚਾਰ ਵਾਲੇ ਸਰੂਪ ਵੱਡੀ ਸੱਟ ਮਾਰੀ ਹੈ। ਉਨ੍ਹਾਂ ਚੇਤਨ ਕਰਦਿਆਂ ਜਿਨ੍ਹਾਂ ਚਿਰ ਸਮੁੱਚੇ ਪੰਜਾਬ ਵਾਸੀਆਂ 'ਚ ਆਪਣੇ ਖਿੱਤੇ ਅਤੇ ਬੋਲੀ ਪ੍ਰਤੀ ਸਾਂਝ ਪੈਦਾ ਨਹੀਂ ਹੁੰਦੀ ਉਦੋਂ ਤੱਕ ਪੰਜਾਬੀਆਂ ਦੇ ਪੱਲੇ ਕੁੱਝ ਨਹੀਂ ਪੈਣਾ। ਜਿਸ ਕਰਕੇ ਸਾਰੇ ਪੰਜਾਬ ਵਾਸੀਆਂ ਨੂੰ ਭਾਸ਼ਾ ਅਤੇ ਸੱਭਿਆਚਾਰ ਦੀ ਸਾਂਝ ਪੈਦਾ ਕਰਕੇ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕੇਂਦਰੀ ਹੁਕਮਰਾਨਾਂ ਨਾਲ ਦਰਿਆਈ ਪਾਣੀ ਸਮੇਤ ਸੂਬੇ ਦੇ ਹਿੱਤਾਂ ਲਈ ਲੜਾਈ ਲੜੀ ਜਾ ਸਕੇ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਿੰਦੂ-ਸਿੱਖਾਂ ਦੀ ਸਾਂਝ ਦੇ ਨਾਲ ਦਲਿਤ ਅਤੇ ਔਰਤ ਵਰਗ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਣ ਦੀ ਲੋੜ ਹੈ। 
ਇਸ ਸਬੰਧ 'ਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਸ਼ਨੀਵਾਰ ਨੂੰ ਪਾਪਾਟੋਏਟੋਏ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਮੰਚ ਸੰਚਾਲਣ ਦੀ ਭੂਮਿਕਾ ਮੁਖਤਿਆਰ ਸਿੰਘ ਨੇ ਨਿਭਾਈ ਜਦੋਂ ਕਿ ਐਨਜ਼ੈੱਡ ਪੰਜਾਬੀ ਨਿਊਜ਼ ਵੱਲੋਂ ਤਰਨਦੀਪ ਸਿੰਘ ਬਿਲਾਸਪੁਰ ਨੇ ਡਾ ਗਾਂਧੀ ਬਾਰੇ ਸੰਖੇਪ 'ਚ ਚਾਨਣਾ ਪਾਇਆ। ਇਸ ਮੌਕੇ ਅਵਤਾਰ ਤਰਕਸ਼ੀਲ ਵੱਲੋਂ ਉਸਾਰੂ ਸਾਹਿਤ ਵਾਲੀਆਂ ਕਿਤਾਬਾਂ ਦਾ ਸਟਾਲ ਵੀ ਲਾਇਆ ਗਿਆ। ਜਰਨੈਲ ਰਾਹੋਂ, ਸਤਿੰਦਰ ਪੱਪੀ ਅਤੇ ਸੱਤਾ ਵੈਰੋਵਾਲੀਆ ਨੇ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ, ਮਨਜਿੰਦਰ ਸਿੰਘ ਬਾਸੀ, ਪਰਮਿੰਦਰ ਸਿੰਘ ਪਾਪਾਟੋਏਟੋਏ, ਨਵਤੇਜ ਰੰਧਾਵਾ, ਬਿਕਰਮਜੀਤ ਸਿੰਘ ਮੱਟਰਾਂ,ਮਹਿੰਦਰ ਪਾਲ,ਦਿਲਬਾਗ ਸਿੰਘ, ਕਿਸਾਨ ਆਗੂ ਨਛੱਤਰ ਸਿੰਘ ਗਿੱਲ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਪਤਵੰਤੇ ਹਾਜ਼ਰ ਸਨ। 
ਲਾਈਵ ਪ੍ਰੋਗਰਾਮਾਂ ਦੀ ਤਕਨੀਕੀ ਜ਼ੁੰਮੇਵਾਰੀ ਜਸਪ੍ਰੀਤ ਿਸੰਘ ਰਾਜਪੁਰਾ ਨੇ ਐਨਜੈੱਡ ਪੰਜਾਬੀ ਿਨਊਜ ਤੇ ਅਣਖੀਲਾ ਪੰਜਾਬ ਟੀਵੀ ਵੱਲੋਂ ਨਿਭਾਈ।
ਡਾ ਗਾਂਧੀ ਨੇ ਮੈਨੁਰੇਵਾ ਵਿਖੇ ਐਨਜ਼ੈੱਡ ਪੰਜਾਬੀ ਨਿਊਜ਼ ਦੇ ਦਫ਼ਤਰ ਵਿਖੇ ਬਜ਼ੁਰਗਾਂ ਦੇ ਨਾਲ ਕਰੀਬ ਗੱਲਾਂਬਾਤਾਂ ਵੀ ਕੀਤੀਆਂ ਅਤੇ ਪੰਜਾਬ 'ਚ ਕਈ ਮਾਮਲਿਆਂ ਨੂੰ ਲੈ ਕੇ ਕੁੱਝ ਲੋਕਾਂ ਆਪਣੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ। ਡਾ ਗਾਂਧੀ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਟਾਕਾਨੀਨੀ ਵਿੱਚ ਸਨਮਾਨ ਚਿੰਨ੍ਹ ਦੇ ਕੇ ਸਨਮਾਮਿਤ ਵੀ ਕੀਤਾ ਗਿਆ ਅਤੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਸ਼ਾਮ ਦੇ ਖਾਣੇ ਦਾ ਪ੍ਰਬੰਧ ਵੀ ਉਨ੍ਹਾਂ ਦੇ ਮਾਣ ਵਜੋਂ ਗਰੈਂਡ ਹਵੇਲੀ 'ਚ ਕੀਤਾ ਗਿਆ।