ਪੰਜਾਬ ਵਿਰਾਸਤ ਭਵਨ ‘ਚ ਬਣਿਆ ਪੇਂਡੂ ਸੱਥ ਵਾਲਾ ਮਾਹੌਲ

0
188

ਤਾਸ਼ ਦੇ ਸੀਪ ਮੁਕਾਬਲਿਆਂ 'ਚ ਮੋਗੇ ਵਾਲੇ ਗੱਭਰੂ ਭਾਰੂ

ਆਕਲੈਂਡ (ਅਵਤਾਰ ਸਿੰਘ ਟਹਿਣਾ) ਅਦਾਰਾ ਐਨਜ਼ੈੱਡ ਪੰਜਾਬੀ ਨਿਊਜ਼ ਵੱਲੋਂ ਨਿਊਜ਼ੀਲੈਂਡ ਦੇ ਪੰਜਾਬ ਵਿਰਾਸਤ ਭਵਨ 'ਚ ਸ਼ਨੀਵਾਰ ਨੂੰ ਕਰਵਾਏ ਗਏ ਤਾਸ਼ ਦੇ ਸੀਪ ਮੁਕਾਬਲਿਆਂ 'ਚ ਮੋਗੇ ਜ਼ਿਲ੍ਹੇ ਦੇ ਗੱਭਰੂਆਂ ਨੇ 16 ਟੀਮਾਂ ਚੋਂ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪੇਂਡੂ ਸੱਥ ਵਰਗੇ ਮਾਹੌਲ 'ਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਅਤੇ ਆਨਰੇਰੀ ਕਨਸੁਲ ਆਫ਼ ਇੰਡੀਆ ਇਨ ਆਕਲੈਂਡ ਭਵ ਢਿੱਲੋਂ ਵੀ ਪੁੱਜੇ। ਦਰਸ਼ਕਾਂ ਅਤੇ ਖਿਡਾਰੀਆਂ ਨੇ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਅਜਿਹੇ ਪ੍ਰੋਗਰਾਮ ਛੇਤੀ ਹੀ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਖੁੱਲ੍ਹੇ-ਡੁੱਲ੍ਹੇ ਸੁਭਾਅ ਵਾਲੇ ਪੰਜਾਬੀਆਂ ਨੂੰ ਅਜਿਹੀਆਂ ਖੇਡਾਂ ਰਾਹੀਂ ਤਨਾਅ ਭਰੀ ਜ਼ਿੰਦਗੀ ਤੋਂ ਰਾਹਤ ਮਿਲ ਸਕੇ।
ਸੀਪ ਦੇ ਫਾਈਨਲ ਮੁਕਾਬਲੇ ਦੌਰਾਨ ਮੋਗਾ ਜ਼ਿਲ੍ਹੇ 'ਚ ਪੈਂਦੇ ਪਿੰਡ ਰਾਊਕੇ ਕਲਾਂ ਦੇ ਨਿਰਮਲਜੀਤ ਸਿੰਘ ਧਾਲੀਵਾਲ ਦੀ ਟੀਮ ਨੇ ਆਪਣੇ ਜ਼ੋਹਰ ਵਿਖਾ ਕੇ ਟਰੌਫ਼ੀ ਆਪਣੇ ਨਾਂ ਕਰਵਾ ਲਈ ਅਤੇ ਪੰਜ ਸੌ ਡਾਲਰ ਨਗਦ ਇਨਾਮ ਵੀ ਜਿੱਤ ਲਿਆ। ਇਸ ਟੀਮ ਦੇ ਦੂਜੇ ਮੈਂਬਰ ਪਰਮਿੰਦਰ ਸਿੰਘ (ਭਿੰਦਾ ਗਿੱਲ) ਦਾ ਸਬੰਧ ਵੀ ਇਸੇ ਜ਼ਿਲ੍ਹੇ ਦੇ ਡਾਲਾ ਪਿੰਡ ਨਾਲ ਹੈ। ਇਹ ਇਨਾਮ 'ਰੇਡੀਓ ਸਾਡੇ ਆਲਾ' ਵੱਲੋਂ ਸਪੌਂਸਰ ਕੀਤਾ ਗਿਆ ਸੀ। 
ਮੁਕਾਬਲੇ 'ਚ ਦੂਜਾ ਸਥਾਨ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਜਿਓਣ ਵਾਲਾ ਦੇ ਗੱਭਰੂ ਹਰਬੰਸ ਸਿੰਘ ਸੰਘਾ ਦੀ 'ਲੇਟ ਵਾਰੀਅਰ' ਨੇ ਹਾਸਲ ਕੀਤਾ। ਇਸ ਟੀਮ ਦਾ ਦੂਜਾ ਮੈਂਬਰ ਸੰਦੀਪ ਸਰਾਂ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਪੈਂਦੇ ਤਲਵੰਡੀ ਭਾਈ ਨਾਲ ਸਬੰਧਤ ਹੈ। ਜਿਨ੍ਹਾਂ ਨੇ ਢਾਈ ਡਾਲਰ ਨਗਦ ਅਤੇ ਟਰੌਫ਼ੀ ਜਿੱਤੀ। ਇਹ ਇਨਾਮ ਪੰਜਾਬ ਵਿਰਾਸਤ ਭਵਨ ਵੱਲੋਂ ਸਪੌਂਸਰ ਕੀਤਾ ਗਿਆ ਸੀ। ਹੈਰਾਨੀਜਨਕ ਗੱਲ ਇਹ ਹੈ ਕਿ 'ਲੇਟ ਵਾਰੀਅਰਜ' ਟੀਮ ਸਭ ਤੋਂ ਪਿੱਛੋਂ ਐਨ ਮੌਕੇ 'ਤੇ ਹੀ ਬਣੀ ਸੀ ਅਤੇ ਟੀਮ ਦੇ ਦੋਵੇਂ ਮੈਂਬਰ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਤੱਕ ਵੀ ਨਹੀਂ ਸੀ। ਪਰ ਦੋਹਾਂ ਦਾ ਤਾਲਮੇਲ ਅਜਿਹਾ ਬਣਿਆ ਕਿ ਦੂਜਾ ਥਾਂ ਹਾਸਲ ਕਰਨ 'ਚ ਕਾਮਯਾਬ ਹੋ ਗਏ। ਤੀਜਾ ਸਥਾਨ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲ੍ਹੀਆਂ ਦੇ ਕਸ਼ਮੀਰ ਸਿੰਘ ਅਤੇ ਪਾਲਾ ਕਾਉਂਕੇ ਨੇ ਜਿੱਤਿਆ ਜਦੋਂ ਕਿ ਚੌਥਾ ਨੰਬਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਠੂਰ ਦੇ ਹਰਦੀਪ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। 
ਮੁਕਾਬਲਿਆਂ ਦੌਰਾਨ ਮਨਪ੍ਰੀਤ ਸਿੰਘ ਬਰਾੜ ਬਾਜਾਖਾਨਾ,ਹਰਦੀਪ ਸਿੰਘ ਹਠੂਰ, ਕਾਬੁਲ ਸਿੰਘ ਅਟਵਾਲ, ਅਵਤਾਰ ਤਰਕਸ਼ੀਲ ਨੇ ਅਬਜ਼ਰਵਰ ਦੀ ਭੂਮਿਕਾ ਨਿਭਾਈ। ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ, ਮਨਜਿੰਦਰ ਸਿੰਘ ਬਾਸੀ, ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਸਿੰਘ ਚੀਮਾ, ਬਿਕਰਮਜੀਤ ਸਿੰਘ ਮੱਟਰਾਂ, ਮਾਲਵਾ ਕਲੱਬ ਤੋਂ ਪਿਰਤਾ ਗਰੇਵਾਲ, ਥਾਣੇਦਾਰ ਰਾਓ ਵਰਿੰਦਰ ਸਿੰਘ ਜੜੀਆ, ਕਬੱਡੀ ਫ਼ੈਡਰੇਸ਼ਨ ਦੇ ਚੇਅਰਮੈਨ ਪੰਮੀ ਬੋਲੀਨਾ, ਰੇਡੀਓ ਸਾਡੇ ਆਲਾ ਤੋਂ ਹਰਕੀਰਤ ਸਿੰਘ ਹੈਰੀ, ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ ਆਦਿ ਹਾਜ਼ਰ ਸਨ। ਐਨਜ਼ੈੱਡ ਫਲੇਮ ਤੋਂ ਅਮਰੀਕ ਸਿੰਘ ਨੇ ਰਿਫ਼ੈਸ਼ਮੈਂਟ ਦਾ ਪ੍ਰਬੰਧ ਕੀਤਾ। ਬਰਗਾੜੀ ਟੀਮ ਵੱਲੋਂ ਮਨਦੀਪ ਸਿੰਘ ਭੁੱਲਰ ਤੇ ਹਰਿੰਦਰ ਹੈਰੀ, ਪ੍ਰਾਪਰਟੀ ਕਾਰਡ ਟੀਮ ਵੱਲੋਂ ਬਲਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ, ਟੱਲੇਵਾਲ ਟੀਮ ਵੱਲੋਂ ਲਵਦੀਪ ਸਿੰਘ ਅਤੇ ਸੁਖਦੀਪ ਸਿੰਘ ਤੋਂ ਇਲਾਵਾ ਸੁਰਜੀਤ ਸਿੰਘ ਸੇਖੇਵਾਲ, ਤਜਿੰਦਰਪਾਲ ਸਿੰਘ ਤੇਜੀ, ਬਲਤੇਜ ਸਿੰਘ, ਗੁਰਵੀਰ ਸਿੰਘ, ਕਸ਼ਮੀਰ ਸਿੰਘ, ਹਰਪਾਲ ਸਿੰਘ, ਜੱਗੀ ਕੈਰੋਂ, ਕਰਨ ਸਿੰਘ ਰਾਮਪੁਰਾ ਨੇ ਵੀ ਮੁਕਾਬਲਿਆਂ ਦੌਰਾਨ ਸ਼ਮੂਲੀਅਤ ਕੀਤੀ। ਅੰਤ 'ਚ ਅਦਾਰਾ ਐਨਜ਼ੈੱਡ ਪੰਜਾਬੀ ਨਿਊਜ਼ ਦੇ ਮੈਨੇਜਰ ਜਸਪ੍ਰੀਤ ਸਿੰਘ ਰਾਜਪੁਰਾ ਅਤੇ ਨਿਊਜ਼ ਐਡੀਟਰ ਤਰਨਦੀਪ ਬਿਲਾਸਪੁਰ ਨੇ ਅਨੁਸ਼ਾਸਨ ਬਣਾਏ ਰੱਖਣ ਲਈ ਸਾਰੇ ਹੀ ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।