ਬਰਗਾੜੀ ਬੇਅਦਵੀ ਕਾਂਡ ਕਿਤੇ ਸਿਆਸੀ ਰੋਟੀਆਂ ਦਾ ਜੁਗਾੜ ਤਾਂ ਨਹੀਂ ?

0
160

ਆਕਲੈਂਡ ( 11  ਸਤੰਬਰ ) ( ਤਰਨਦੀਪ ਸਿੰਘ ਦਿਓਲ ) ਅਕਤੂਬਰ 2015 ਵਿਚ ਫਰੀਦਕੋਟ ਜਿਲ੍ਹੇ ਦੇ ਪਿੰਡ ਬਰਗਾੜੀ ਤੋਂ ਸ਼ੁਰੂ ਹੋਈ ਚੰਗਿਆੜੀ ਅੱਜ ਪੂਰੇ ਪੰਜਾਬ ਦੀ ਸਿਆਸਤ ਵਿਚ ਭਾਂਬੜ ਬਣ ਚੁੱਕੀ ਹੈ | ਹਾਲਾਂਕਿ ਮਸਲਾ ਅਕਤੂਬਰ 2015 ਤੋਂ ਵੀ ਪਹਿਲਾ ਦਾ ਸੀ | ਜਦੋਂ ਗੁਰੂ ਗਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਚੋਰੀ ਹੋਏ ਤੇ ਉਹਨਾਂ ਦੇ ਪਵਿੱਤਰ ਵਰਕੇ ਉਕਤ ਪਿੰਡ ਦੀਆਂ ਗਲੀਆਂ ਨਾਲੀਆਂ ਵਿਚੋਂ ਲੱਭੇ | ਲੋਕ ਮਨਾਂ ਉੱਪਰ ਇਸ ਘਟਨਾ ਦਾ ਡੂੰਗਾ ਅਸਰ ਹੋਇਆ ਤੇ ਉਹਨਾਂ ਆਪਣੇ ਸ਼ਬਦ ਗੁਰੂ ਦੀ ਬੇਪਤੀ ਮਾਮਲੇ ਵਿਚ ਰੋਹ ਦਾ ਰੁੱਖ ਅਖਤਿਆਰ ਕੀਤਾ | ਰੋਹ ਦੀ ਸਾਣ ਟਕਸਾਲੀ ਸਿੱਖ ਹੋਣ ਦਾ ਨਾਹਰਾ ਦੇ ਕੇ ਸਿਆਸਤ ਕਰਦੀ ਅਕਾਲੀ ਸਰਕਾਰ ਦੇ ਖਿਲਾਫ਼ ਤਿੱਖੀ ਹੋਈ | ਜਿਸ ਵਿਰੋਧ ਦਾ ਦਮਨ  ਉਕਤ ਸਰਕਾਰ ਵਲੋਂ ਗੋਲੀਆਂ ਨੂੰ ਰੱਤ ਵਿਚ ਭਿਓਂ ਕੇ ਕਰਨ ਦੀ ਕੋਸਿਸ ਕੀਤੀ ਗਈ | ਕਿਓਂਕਿ ਇਹ ਸਾਰਾ ਘਟਨਾਕ੍ਰਮ  ਉਸ ਸਮੇਂ ਉਹਨਾਂ ਦੇ ਸਿਆਸੀ ਤਵਾਜ਼ਨ ਦੇ ਫਿੱਟ ਨਹੀਂ ਸੀ ਬੈਠ ਰਿਹਾ , ਹਾਲਾਂਕਿ ਉਹਨਾਂ ਦੀ ਉਸ ਸਮੇਂ ਦੀ ਮਾਈਕਰੋ ਮੈਨਜਮੈਂਟ ਨੂੰ ਇਹੀ ਘਟਨਾਕ੍ਰਮ ਮੂਧਾ ਮਾਰਨ ਦਾ ਕੰਮ ਵੀ ਕਰ ਗਿਆ | ਇਹਨਾਂ ਹੀ ਨਹੀਂ ਜਿਥੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦਾ ਮਾਲਵੇ ਵਿਚ ਇਸ ਘਟਨਾਕ੍ਰਮ ਨੇ ਤਕਰੀਬਨ ਸਫ਼ਾਇਆ ਕਰਵਾਇਆ | ਉੱਥੇ ਹੁਣ ਸੱਤਾਧਾਰੀ ਕਾਂਗਰਸ ਅਤੇ ਕੌਡੀਓ ਖੋਟੀ ਹੋਈ ਆਮ ਆਦਮੀ ਪਾਰਟੀ ਦੁਬਾਰਾ ਬੇਪਤੀ ਦੇ ਦੋਸ਼ੀਆਂ ਅਤੇ ਸਰਕਾਰੀ ਕਾਤਲਾਂ ਨੂੰ ਸਜਾ ਦਿਵਾਉਣ ਦੀ ਬਿਜਾਏ , 2019 ਲੋਕ ਸਭਾ ਚੋਣਾਂ ਵਿਚ ਭੁੰਨਣ ਦੀ ਕੋਸ਼ਿਸ ਹੋ ਰਹੀ ਹੈ  | ਕਿਓਂਕਿ ਉਕਤ ਸਿਆਸੀ ਧਿਰਾਂ ਕੋਲ ਬੀਤੇ ਸਮੇਂ ਅਜਿਹੀ ਇੱਕ ਵੀ ਪ੍ਰਾਪਤੀ ਨਹੀਂ ਹੈ ਜਿਸਨੂੰ ਕਿ ਇਹ ਪੰਜਾਬ ਦੇ ਲੋਕਾਂ ਸਾਹਵੇਂ ਗਿਣਾ ਸਕਣ | ਅਸੀਂ ਜਾਣਦੇ ਹਾ ਕਿ ਅਕਾਲੀ ਦਲ ਦਾ ਪਿਛਲੇ ਦਸ ਸਾਲਾਂ ਦਾ ਕਾਰਜਕਾਲ ਬੇਹੱਦ ਨਿੱਜੀ ਮੁਨਾਫਿਆਂ ਅਧਾਰਿਤ ਰਿਹਾ ਹੈ | ਪੰਜਾਬ ਦੇ ਤਮਾਮ ਮਸਲੇ ਇਸ ਸਮੇਂ ਦੁਰਾਨ ਫ਼ਕਰ ਏ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਾਲੇ ਘਰ ਦੀ ਸਾਬਤ ਦੇ ਕਿਸੇ ਸੰਦੂਕ ਵਿਚ ਲਪੇਟ ਪਏ ਰਹੇ ਸਨ |ਉੱਥੇ ਹੁਣ ਉਹਨਾਂ ਨੂੰ ਦੁਬਾਰਾ ਖਿਲਾਰ ਕੇ ਪੰਜਾਬ ਦੇ ਲੋਕਾਂ ਨੂੰ ਭ੍ਰਮਤ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਸੀ | ਜਿਸਦਾ ਕਾਊਂਟਰ ਕਰਨ ਲਈ ਸੱਤਾਧਾਰੀ ਧਿਰ ਵਲੋਂ ਵੀ ਬਾਦਲ ਸਾਹਿਬ ਦੀ ਪਿਰਤ ਨੂੰ ਹੀ ਵਰਤਿਆ ਗਿਆ , ਭਾਵ ਕਿ ਮਸਲਿਆਂ ਨੂੰ ਹੱਲ ਕਰਨ ਦੀ ਬਿਜਾਏ ਸਿਰਫ ਫਿਰੋਲ ਕੇ ਮੁਜ਼ਾਹਰੇ ਰਾਹੀਂ ਵਕਤੀ ਰੋਟੀਆਂ ਸੇਕਣ ਦੀ ਕੋਸ਼ਿਸ ਨੂੰ ਹੀ ਤੇਜ ਕੀਤਾ ਗਿਆ ਹੈ | ਜੇਕਰ ਕਾਂਗਰਸੀ ਇਸ ਮਾਮਲੇ ਵਿਚ ਸੱਚੀ ਸੁਹਿਰਦ ਹੁੰਦੇ ਤਾਂ ਇਹਨਾਂ ਭੰਬਲ ਭੂਸਾ ਨਾਂ ਪਾਇਆ ਜਾਂਦਾ | ਇਸ ਸਮੇਂ ਤੱਕ ਦੋਸ਼ੀ ਜੇਲ ਦੇ ਅੰਦਰ ਹੁੰਦੇ , ਗੋਲੀਆਂ ਚਲਾਉਣ ਵਾਲੇ ਅਤੇ ਚਲਾਉਣ ਦਾ ਹੁਕਮ ਦੇਣ ਵਾਲਿਆਂ ਦੇ ਨਾਮ ਪਰਦੇ ਉੱਪਰ ਹੁੰਦੇ | ਸਟੇਟ ਇੰਟੈਲੀਜੈਂਸੀ ਐਨੀ ਵੀ ਮਾੜੀ ਨਹੀਂ ਕਿ ਉਸ ਕੋਲ ਸਾਡੇ ਤਿੰਨ ਸਾਲ ਪੁਰਾਣੇ ਅੰਕੜੇ ਨਾਂ ਹੋਣ ਅਤੇ ਮਜੂਦਾ ਸਮੇਂ ਵਿਚ ਦੋਸ਼ੀਆਂ ਵਲੋਂ ਬਚਣ ਲਈ ਕੀਤੀ ਜਾ ਰਹੀ ਹਰ ਕੋਸ਼ਿਸ ਦਾ ਰਿਕਾਰਡ ਨਾਂ ਹੋਵੇ | ਪਹਿਲਾ ਮਾਮਲੇ ਨੂੰ ਸੀ.ਬੀ.ਆਈ ਨੂੰ ਦੇਣਾ , ਫਿਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਤੇ ਜਸਟਿਸ ਰਣਜੀਤ ਸਿੰਘ ਪੜਤਾਲੀਆ ਰਿਪੋਰਟ ਤੇ ਚਰਚਾ ਕਰਨੀ ਤੇ ਅਕਾਲੀ ਸਰਕਾਰ ਸਮੇਂ ਦੀ ਜਾਂਚ ਕਮੇਟੀ ਜਸਟਿਸ ਜੋਰਾ ਸਿੰਘ ਨੂੰ ਕੋਡ ਕਰਨਾ  ਤੇ ਸੀ.ਬੀ.ਆਈ ਤੋਂ ਜਾਂਚ ਵਾਪਿਸ ਲੈਕੇ ਸਿੱਟ ਨੂੰ ਦੇਣ ਦੀ ਗੱਲ ਕਰਨੀ , ਦਰਅਸਲ ਲੋਕਾਂ ਨੂੰ ਮੂਰਖ ਬਣਾਉਣ ਦਾ ਪ੍ਰਕਰਣ ਹੈ | ਜਿਸਦੇ ਅਰਥ ਵੋਟਾਂ ਖਰੀਆਂ ਕਰਨ ਤੱਕ ਮਹਿਦੂਦ ਹਨ | ਕਿਓਂਕਿ ਸੀ.ਬੀ.ਆਈ ਸੈਂਟਰ ਦੀ ਏਜੰਸੀ ਹੈ ਤੇ ਸੈਂਟਰ ਦੇ ਦਖਲ ਤੋਂ ਬਿਨਾ ਪੰਜਾਬ ਵਿਧਾਨ ਸਭਾ ਵੀ ਮਤਾ ਪਾਸ ਕਰਕੇ ਉਕਤ ਜਾਂਚ ਦੁਬਾਰਾ ਸਿੱਟ ਹਵਾਲੇ ਨਹੀਂ ਕਰ ਸਕਦੀ | ਅਸੀਂ ਜਾਣਦੇ ਹਾਂ ਕਿ ਸ਼ਿਰੋਮਣੀ ਅਕਾਲੀ ਦਲ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਸਰਕਾਰ ਦੇ ਤਾਜ ਵਿਚ ਇੱਕ ਮੋਤੀ ਹਨ ਤੇ ਮੋਤੀ ਦੀ ਚਮਕ ਦਾ ਅਸਰ ਸਰਕਾਰੀ ਫ਼ੈਸਲਿਆਂ ਤੇ ਸੱਤ ਵਿਚ ਬਣੇ ਸਮੇਂ ਤਾਂ ਬਣਿਆ ਰਹਿੰਦਾ ਹੈ | ਦੂਸਰਾ ਇਸ ਸਮੇਂ ਇਸ ਸਮੁਚੇ ਮਾਮਲੇ ਵਿਚ ਕਿਸੇ ਹੱਲ ਦੀ ਬਿਜਾਏ ਲੋਕਾਂ ਵਿਚ ਵੀ  ਅਕਾਲ ਤਖ਼ਤ ਦੇ ਅਸਰਹੀਣ ਹੋ ਚੁੱਕੇ ਜਥੇਦਾਰ ਗੁਰਬਚਨ ਸਿੰਘ ਦੀ ਬਲ਼ੀ ਨੂੰ ਲੈ ਕੇ ਜਿਆਦਾ ਉਤਸੁਕਤਾ ਹੈ | ਜਿਸਦੀ ਅਕਾਲੀ ਦਲ ਵਲੋਂ ਸੁਖਦੇਵ ਸਿੰਘ ਢੀਂਡਸਾ ਦੇ ਮਾਧਿਅਮ ਰਾਹੀਂ ਗੱਲ ਵੀ ਸਿਆਸੀ ,ਸਮਾਜਿਕ ਤੇ ਧਾਰਮਿਕ ਗਲਿਆਰਿਆਂ ਵਿਚ ਪਾਹੁੰਚਦੀ ਕਰ ਦਿੱਤੀ ਹੈ | ਉਸ ਸਮੇਂ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਵਾਲੇ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਮੌਨ ਹਨ ਤੇ ਇਸ ਸਾਰੇ ਸਿਲਸਿਲੇ ਵਿਚ ਪੰਜਾਬ ਪਹਿਲਾ ਵਾਲੇ ਸਥਾਨ ਤੋਂ ਵੀ ਖਿਸਕਦਾ ਨਜ਼ਰ ਆ ਰਿਹਾ ਹੈ | ਪਰਵਾਸ ਜਾਰੀ ਹੈ , ਕੈਂਸਰ ਟ੍ਰੇਨ ਚੱਲ ਰਹੀ ਹੈ , ਬੇਰੁਜਗਾਰੀ ਦਾ ਸੂਰਜ ਸਿਖਰ ਤੇ ਪੰਜਾਬ ਦੇ ਕਿਸੇ ਨਾਂ ਕਿਸੇ ਪਿੰਡ ਤੋਂ ਖੁਦਕੁਸ਼ੀ ਦੀ ਖ਼ਬਰ ਹਰ ਰੋਜ਼ ਅਖਬਾਰਾਂ ਦਾ ਸਿੰਗਾਰ ਬਣਦੀ ਹੈ , ਪੰਜਾਬ ਦੇ ਪਾਣੀਆਂ ਵਿਚ ਜ਼ਹਿਰ ਉਵੇਂ ਘੁਲ ਰਹੀ ਹੈ , ਦਰਿਆਵਾਂ ਦੇ ਪਾਣੀਆਂ ਦੇ ਮਸਲੇ ਉੱਥੇ ਹੀ ਖੜੇ ਹਨ , ਪੰਜਾਬੀ ਬੋਲਦੇ ਇਲਾਕੇ ਸਬੰਧਿਤ ਸੂਬਿਆ ਦੀ ਮੁੱਖ ਧਾਰਾ ਵਿਚ ਲਗਾਤਾਰ ਰਲਦੇ ਜਾ ਰਹੇ ਹਨ | ਪਰ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਰੁਦਨ ਤੋਂ ਲੋਕ ਕਨਫਿਊਜ਼ ਦਰ ਕਨਫਿਊਜ਼ ਹਨ , ਉਹ ਲਗਾਤਾਰ ਪਾਲੇ ਬਦਲ ਰਹੇ ਹਨ |

ਲੋਕਾਂ ਕੋਲ ਉਸਤਾਦ ਦਾਮਨ ਦੇ ਉਕਤ ਸ਼ੇਅਰ ਨੂੰ ਸਨਾਉਣ  ਤੋਂ ਬਿਨਾ ਮੈਨੂੰ ਲੱਗਦਾ ਹੁਣ ਕੋਈ ਚਾਰ ਨਹੀਂ ਕਿ 

''ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ,

ਸਾਰੀ ਉਮਰ ਹੀ ਰੋਂਦਿਆਂ ਕੱਟਣੀ ਏਂ ।

ਅਸਾਂ ਖ਼ਾਕ ਸੰਵਾਰਨਾ ਜ਼ਿੰਦਗੀ ਦਾ,

ਮਿੱਟੀ ਆਪਣੇ ਆਪ ਦੀ ਪੱਟਣੀ ਏਂ ।

ਹੱਥ ਕਹੀ ਬੁਢਾਪੇ  ਦੀ ਪਕੜ 'ਦਾਮਨ',

ਜੜ੍ਹ ਆਪਣੇ ਆਪ ਹੀ ਪੱਟਣੀ ਏਂ ।''