ਮੁਕਤੇਸ਼ ਪਰਦੇਸੀ ਹੋਣਗੇ ਨਿਊਜ਼ੀਲੈਂਡ ‘ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ

0
190

ਆਕਲੈਂਡ, 2 ਮਾਰਚ (ਅਵਤਾਰ ਸਿੰਘ ਟਹਿਣਾ) ਭਾਰਤ ਸਰਕਾਰ ਨੇ ਮੁਕਤੇਸ਼ ਕੁਮਾਰ ਪਰਦੇਸੀ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ, ਜਦੋਂ ਕਿ ਨਿਊਜ਼ੀਲੈਂਡ 'ਚ ਮੌਜੂਦਾ ਹਾਈ ਕਮਿਸ਼ਨਰ ਸੰਜੀਵ ਕੁਮਾਰ ਕੋਹਲੀ ਨੂੰ ਤਨਜ਼ਾਨੀਆ ਵਿਖੇ ਹਾਈ ਕਮਿਸ਼ਨਰ ਲਾ ਦਿੱਤਾ ਹੈ।
     ਭਾਰਤੀ ਵਿਦੇਸ਼ ਮੰਤਰਾਲੇ ਦੀ ਸੂਚਨਾ ਅਤੇ ਹੋਰ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤੇਸ਼ ਅਗਲੇ ਦਿਨੀਂ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਸੰਭਾਲ ਲੈਣਗੇ। ਉਹ ਅਪ੍ਰੈਲ 2016 ਤੋਂ ਹੁਣ ਤੱਕ ਮੈਕਸੀਕੋ 'ਚ ਬਤੌਰ ਹਾਈ ਕਮਿਸ਼ਨਰ ਸੇਵਾਵਾਂ ਨਿਭਾ ਰਹੇ ਹਨ। ਉਹ ਸਾਲ 1991 ਵਿੱਚ ਭਾਰਤੀ ਵਿਦੇਸ਼ ਸੇਵਾਵਾਂ 'ਚ ਆਏ ਸਨ ਅਤੇ ਪਹਿਲਾਂ ਵੀ 1993-95 ਦੌਰਾਨ ਮੈਕਸੀਕੋ ਦੇ ਭਾਰਤੀ ਹਾਈ ਕਮਿਸ਼ਨ ਦਫ਼ਤਰ 'ਚ ਸੈਕਟਰੀ ਵਜੋਂ ਕੰਮ ਕਰ ਚੁੱਕੇ ਹਨ।
ਡਿਪਲੋਮੈਟ ਖੇਤਰ 'ਚ ਢਾਈ ਦਹਾਕਿਆਂ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਮੁਕਤੇਸ਼ ਚੀਫ਼ ਪਾਸਪੋਰਟ ਅਫ਼ਸਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਪਾਸਪੋਰਟ ਸੇਵਾ ਪ੍ਰੋਜੈਕਟ ਦੀ ਵਧੀਆ ਅਗਵਾਈ ਕਰਨ ਬਦਲੇ ਸਾਲ 2014-15 ਦੌਰਾਨ ਉਨ੍ਹਾਂ ਨੂੰ ਨੈਸ਼ਨਲ ਅਵਾਰਡ ਆਫ਼ ਈ-ਗਵਰਨੈਂਸ ਤੋਂ ਇਲਾਵਾ ਹੋਰ ਕਈ ਐਵਾਰਡਾਂ ਨਾਲ ਸਨਮਾਨਿਆ ਜਾ ਚੁੱਕਾ ਹੈ।
ਮੁਕਤੇਸ਼ ਨੇ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਹਿੰਦੂ ਕਾਲਜ ਤੋਂ ਗਰੈਜੂਏਸ਼ਨ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ਤੋਂ ਪੋਸਟ ਗਰੈਜੂਏਸ਼ਨ ਕੀਤੀ ਹੋਈ ਹੈ ਅਤੇ ਦੋਹਾਂ ਕੋਰਸਾਂ ਚੋਂ ਯੂਨੀਵਰਸਿਟੀ ਚੋਂ ਪਹਿਲੇ ਥਾਂ 'ਤੇ ਰਹੇ ਸਨ।  ਉਨ੍ਹਾਂ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ ਆਫ ਮੈਕਸੀਕੋ ਤੋਂ ਸਪੈਨਿਸ਼ ਭਾਸ਼ਾ ਦਾ ਐਡਵਾਂਸਡ ਡਿਪਲੋਮਾ ਵੀ ਕੀਤਾ ਹੋਇਆ ਹੈ। ਰਾਖੀ ਪਰਦੇਸੀ ਨਾਲ ਵਿਆਹ ਪਿੱਛੋਂ ਉਹ ਦੋ ਬੇਟੀਆਂ ਦੇ ਬਾਪ ਹਨ।