ਵਿਆਹ ਕਰਵਾ ਕੇ ਨਿਊੁਜ਼ੀਲੈਂਡ ਲਿਜਾਣ ਦਾ ਝਾਂਸਾ ਦੇ ਕੇ 34 ਲੱਖ ਹੜੱਪੇ

0
120

 

ਆਕਲੈਂਡ (4 ਅਪ੍ਰੈਲ ) ਵਿਦੇਸ਼ ਜਾਣ ਦੀ ਲਾਲਸਾ ਨੇ ਸਾਡੀ ਨੌਜਵਾਨ ਪੀੜ੍ਹੀ ਦੀਆਂ ਅੱਖਾਂ 'ਤੇ ਅਜਿਹਾ ਪਰਦਾ ਪਾਇਆ ਹੈ ਕਿ ਉਹ ਹਰ ਹੀਲੇ ਵਿਦੇਸ਼ ਜਾਣ ਦਾ ਯਤਨ ਕਰਦੇ ਹਨ ਅਤੇ ਇਸੇ ਯਤਨ 'ਚ ਉਹ ਲੱਖਾਂ ਰੁਪਏ ਬਰਬਾਦ ਕਰ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਬੱਡੂਵਾਲ ਨਿਵਾਸੀ ਲੜਕੇ ਨਾਲ ਵਾਪਰਿਆ, ਜੋ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾ ਕੇ ਨਿਊਜ਼ੀਲੈਂਡ ਜਾਣ ਦਾ ਚਾਹਵਾਨ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲਖਵੀਰ ਕੌਰ ਪੁੱਤਰੀ ਜਗਪਾਲ ਸਿੰਘ ਨਿਵਾਸੀ ਰਾਮਪੁਰ ਲੁਧਿਆਣਾ, ਜੋ ਆਈਲੈਟਸ ਪਾਸ ਸੀ ਤੇ ਉਸ ਦੇ 6 ਬੈਂਡ ਸਨ, ਦੇ ਪਰਿਵਾਰਕ ਮੈਂਬਰਾਂ ਨਾਲ 22 ਮਾਰਚ, 2016 ਨੂੰ ਲਖਵੀਰ ਕੌਰ ਨਾਲ ਵਿਆਹ ਕਰ ਕੇ ਨਿਊਜ਼ੀਲੈਂਡ ਜਾਣ ਦੀ ਗੱਲ ਪੱਕੀ ਹੋਈ, ਜਿਸ 'ਚ ਉਨ੍ਹਾਂ ਕਿਹਾ ਕਿ ਲੜਕੀ ਦੇ ਜਾਣ ਅਤੇ ਹੋਰ ਸਾਰਾ ਖਰਚਾ 34 ਲੱਖ ਦੇ ਕਰੀਬ ਆਵੇਗਾ, ਜਿਸ 'ਤੇ 31 ਮਾਰਚ, 2016 ਨੂੰ ਮੇਰਾ ਵਿਆਹ ਲਖਵੀਰ ਕੌਰ ਨਾਲ ਧਾਰਮਕ ਰੀਤੀ-ਰਿਵਾਜਾਂ ਅਨੁਸਾਰ ਹੋ ਗਿਆ। 18 ਮਈ, 2016 ਨੂੰ ਲਖਵੀਰ ਨਿਊਜ਼ੀਲੈਂਡ ਚਲੀ ਗਈ। ਜਾਣ ਤੋਂ ਪਹਿਲਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਬੁਲਾਉਣ ਲਈ ਸਾਰੇ ਦਸਤਾਵੇਜ਼ ਭੇਜ ਦੇਵੇਗੀ ਪਰ ਜੋ ਦਸਤਾਵੇਜ਼ ਨਿਊਜ਼ੀਲੈਂਡ ਤੋਂ ਮੈਨੂੰ ਬੁਲਾਉਣ ਲਈ ਭੇਜੇ, ਉਨ੍ਹਾਂ 'ਚ ਕੁੱਝ ਤਰੁੱਟੀਆਂ ਹੋਣ ਕਰ ਕੇ ਮੇਰੇ ਦਸਤਾਵੇਜ਼ ਰੱਦ ਹੋ ਗਏ, ਜਿਸ ਉਪਰੰਤ ਸਾਡੀ ਆਪਸੀ ਗੱਲਬਾਤ ਲਖਵੀਰ ਕੌਰ ਅਤੇ ਉਸ ਦੀ ਮਾਤਾ ਰਵਿੰਦਰ ਕੌਰ, ਭਰਾ ਕਰਮਜੀਤ ਸਿੰਘ, ਭਰਜਾਈ ਰੁਪਿੰਦਰ ਕੌਰ ਨਿਵਾਸੀ ਰਾਮਪੁਰ ਲੁਧਿਆਣਾ ਅਤੇ ਦਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਨਿਵਾਸੀ ਪਿੰਡ ਜੱਸੋਵਾਲ ਲੁਧਿਆਣਾ ਨਾਲ ਹੋਈ ਤਾਂ ਉਨ੍ਹਾਂ ਲਿਖਤੀ ਇਕਰਾਰਨਾਮਾ ਕੀਤਾ ਕਿ ਉਹ ਉਨ੍ਹਾਂ ਨੂੰ 29 ਲੱਖ ਰੁਪਏ ਵਾਪਸ ਕਰ ਦੇਣਗੇ ਪਰ ਉਨ੍ਹਾਂ 29 ਲੱਖ ਰੁਪਏ ਵਾਪਸ ਨਹੀਂ ਕੀਤੇ। ਇਸ ਤਰ੍ਹਾਂ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ 34 ਲੱਖ ਰੁਪਏ ਹੜੱਪ ਕਰ ਲਏ ਅਤੇ ਸਾਡੇ ਨਾਲ ਧੋਖਾਦੇਹੀ ਕੀਤੀ।
ਕੀ ਹੋਈ ਪੁਲਸ ਕਾਰਵਾਈ : ਜਾਂਚ ਅਧਿਕਾਰੀ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਮੋਗਾ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਇਸ ਦੀ ਜਾਂਚ ਐਂਟੀ ਫਰਾਡ ਸੈੱਲ ਮੋਗਾ ਨੂੰ ਕਰਨ ਦਾ ਹੁਕਮ ਦਿੱਤਾ ਗਿਆ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਲਖਵੀਰ ਕੌਰ, ਉਸ ਦੀ ਦੀ ਮਾਤਾ ਰਵਿੰਦਰ ਕੌਰ, ਭਰਾ ਕਰਮਜੀਤ ਸਿੰਘ, ਭਰਜਾਈ ਰੁਪਿੰਦਰ ਕੌਰ ਨਿਵਾਸੀ ਰਾਮਪੁਰ ਲੁਧਿਆਣਾ ਅਤੇ ਦਵਿੰਦਰ ਸਿੰਘ, ਉਸ ਦੀ ਪਤਨੀ ਸੁਰਿੰਦਰ ਕੌਰ ਨਿਵਾਸੀ ਪਿੰਡ ਜੱਸੋਵਾਲ ਲੁਧਿਆਣਾ ਖਿਲਾਫ ਥਾਣਾ ਧਰਮਕੋਟ 'ਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।