ਵੀਜ਼ਿਆਂ ਦੀ ਲੇਟ ਲਤੀਫ਼ੀ ਦੇ ਵਿਰੋਧ ‘ਚ ਨਿੱਤਰੇ ਲੋਕ

0
262

ਸਹੁਰਿਆਂ ਦੇ ਮੇਹਣੇ ਨੇ ਬਣਾਈ ਲੋਕ ਲਹਿਰ

ਆਕਲੈਂਡ (31 ਜੁਲਾਈ, ਹਰਪ੍ਰੀਤ ਸਿੰਘ): ਖਬਰ ਦੀ ਹੈਡਿੰਗ ਪੜ੍ਹ ਕੇ ਥੋੜਾ ਅਟਪਟਾ ਤਾਂ ਲੱਗ ਸਕਦਾ ਹੈ, ਪਰ ਹੈ ਇਹ ਬਿਲਕੁਲ ਸੱਚ, ਕਿਉਂਕਿ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਵੀਜਾ ਪ੍ਰੋਸੈਸਿੰਗ ਵਿੱਚ ਦੇਰੀ ਕਰਕੇ ਹੈਮਿਲਟਨ ਰਹਿੰਦੇ ਹਰਜੀਤ ਸਿੰਘ ਨੂੰ ਆਪਣੇ ਸਹੁਰਿਆਂ ਦੀ ਨਰਜਾਗੀ ਝੱਲਣੀ ਪੈ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਇੰਝ ਜਾਪਦਾ ਹੈ ਜਿਵੇਂ ਹਰਜੀਤ ਉਨ੍ਹਾਂ ਦੀ ਧੀ ਨੂੰ ਨਿਊਜੀਲੈਂਡ ਬੁਲਾ ਕੇ ਖੁਸ਼ ਨਹੀਂ ਅਤੇ ਜਾਣਬੁਝ ਕੇ ਬਹਾਨੇ ਬਣਾ ਰਿਹਾ ਹੈ।

ਆਪਣੇ ਜਿਹੇ ਹੋਰਨਾਂ ਨੂੰ ਇੱਕਠਿਆਂ ਕਰਕੇ ਹਰਜੀਤ ਨੇ ਆਕਲੈਂਡ ਦੇ ਅਟੋਆ ਸਕੇਅਰ ਵਿੱਚ 3 ਅਗਸਤ ਨੂੰ ਸਵੇਰੇ 11 ਵਜੇ ਇੱਕ ਰੋਸ ਪ੍ਰਦਰਸ਼ਨ ਕਰਨ ਦਾ ਵਿਚਾਰ ਬਣਾਇਆ ਹੈ। ਹਰਜੀਤ ਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਵੀਜਾ ਪ੍ਰੋਸੈਸਿੰਗ ਦੀ ਦੇਰੀ ਕਰਕੇ ਖੱਜਲ-ਖੁਆਰ ਹੋ ਰਹੇ ਲੋਕਾਂ ਬਾਰੇ ਸਰਕਾਰ ਨੂੰ ਅਤੇ ਆਮ ਨਿਊਜੀਲੈਂਡ ਵਾਸੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ। 

ਹਰਜੀਤ ਨੇ ਦੱਸਿਆ ਕਿ ਉਸ ਵਰਗੇ ਪ੍ਰਭਾਵਿਤ ਲੋਕਾਂ ਵਲੋਂ nzvisadelays.com ਨਾਮ ਦੀ ਵੈਬਸਾਈਟ ਵੀ ਬਣਾਈ ਗਈ ਹੈ, ਜਿਸ ਤੇ ਅਜਿਹੇ ਲੋਕ ਆਪਣੇ ਬਾਰੇ ਲਿਖ ਰਹੇ ਹਨ, ਜਿਨ੍ਹਾਂ ਨੂੰ ਇੱਕ ਸਾਲ ਤੋਂ ਵੀ ਵਧੇਰੇ ਦਾ ਸਮਾਂ ਹੋ ਗਿਆ ਹੈ ਆਪਣੇ ਸਪਾਊਸ ਦੇ ਵੀਜੇ ਦੀ ਉਡੀਕ ਕਰਦਿਆਂ। 

ਹਰਜੀਤ ਨੇ ਇਹ ਵੀ ਦੱਸਿਆ ਕਿ ਜਦ ਵੀ ਉਸ ਵਲੋਂ ਇਮੀਗ੍ਰੇਸ਼ਨ ਦਫਤਰ ਵਿੱਚ ਕਾਲ ਕੀਤੀ ਜਾਂਦੀ ਹੈ ਤਾਂ ਅੱਗੋਂ ਇਹੀ ਜੁਆਬ ਮਿਲਦਾ ਹੈ ਕਿ ਤੁਹਾਡੀ ਫਾਈਲ ਪ੍ਰੋਸੈਸਿੰਗ ਵਿੱਚ ਹੈ ਅਤੇ ਫਾਈਲਾਂ ਦੇ ਬੈਕਲਾਗ ਕਰਕੇ ਇਹ ਸੱਮਸਿਆ ਦਰਪੇਸ਼ ਆ ਰਹੀ ਹੈ।