ਸਟੋਰਾਂ ਵਿੱਚ ਚੋਰੀਆਂ ਕਰਨ ਵਾਲਿਆਂ ਨੂੰ ਪੁਲਿਸ ਵਲੋਂ ਤੁਰੰਤ ਜੁਰਮਾਨਾ ਲਾਉਣ ਦਾ ਕਾਨੂੰਨ  ਜਲਦ ਹੋ ਸਕਦਾ ਹੈ ਪਾਸ

0
62

ਆਕਲੈਂਡ (21 ਸਤੰਬਰ): ਨਿਊਜ਼ੀਲੈਂਡ ਦੇ ਸਟੋਰਾਂ ਵਿੱਚ ਚੋਰੀਆਂ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਮੌਕੇ ਤੇ ਹੀ ਜੁਰਮਾਨਾ ਜਾਰੀ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ, ਅਜਿਹਾ ਕਹਿਣਾ ਹੈ ਨਿਊਜ਼ੀਲੈਂਡ ਫਸਟ ਦੇ ਮੈਂਬਰ ਪਾਰਲੀਮੈਂਟ ਡੇਰਕ ਬਾਲ ਦਾ ਅਤੇ ਇਸ ਸੰਬੰਧੀ ਉਨ੍ਹਾਂ ਨੇ ਇੱਕ ਬਿੱਲ ਵੀ ਪਾਰਲੀਮੈਂਟ ਵਿੱਚ ਪੇਸ਼ ਕੀਤਾ ਹੈ ਅਤੇ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਅਜਿਹਾ ਕਾਨੂੰਨ ਜਲਦ ਹੀ ਅਮਲ ਵਿੱਚ ਆ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਰੀਟੇਲ ਸਟੋਰਾਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ 90% ਘਟਨਾਵਾਂ ਤੱਕ ਕਮੀ ਆਏਗੀ ਅਤੇ ਹਰ ਸਾਲ ਰਿਟੇਲ ਸਟੋਰਾਂ ਨੂੰ ਹੋਣ ਵਾਲਾ ਤਕਰੀਬਨ ਇੱਕ ਬਿਲੀਅਨ ਡਾਲਰ ਦਾ ਨੁਕਸਾਨ ਬਚਾਇਆ ਜਾ ਸਕੇਗਾ। 

ਇੱਥੇ ਦੱਸਣਯੋਗ ਹੈ ਕਿ ਹੁਣ ਦੇ ਨਿਯਮਾਂ ਦੇ ਅਨੁਸਾਰ ਜੇਕਰ ਕੋਈ ਚੋਰੀ ਕਰਦਾ ਸਟੋਰ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਚਹਿਰੀ ਵਿੱਚ ਹੀ ਸਜ਼ਾ ਮਿਲ ਸਕਦੀ ਹੈ ਅਤੇ ਕਿਉਂਕਿ ਇਹ ਇੱਕ ਸਮਾਂ ਖਰਾਬ ਕਰਨ ਵਾਲਾ ਪ੍ਰੋਸੈਸ ਹੁੰਦਾ ਹੈ ਇਸ ਦੇ ਚੱਲਦਿਆਂ ਜ਼ਿਆਦਾਤਰ ਦੁਕਾਨਦਾਰ ਅਜਿਹੀਆਂ ਘਟਨਾਵਾਂ ਦੀ ਸ਼ਿਕਾਇਤ ਕਰਨ ਤੋਂ ਗੁਰੇਜ਼ ਹੀ ਕਰਦੇ ਹਨ।