ਸਾਹਿਤਕ ਸੱਥ ਦੀ ਛਾਂ ਥੱਲੇ ਉਸਾਰੂ ਸਾਹਿਤ ਦੀ ਸ਼ਲਾਘਾ

0
342

ਪ੍ਰੋ ਸੁਮੀਤ ਸੰਮੀ ਦੀ ਕਿਤਾਬ ਅਤੇ ਪਿੰਦਰ ਧਨੋਆ ਦਾ ਲੋਕ ਤੱਥਾਂ ਵਾਲਾ ਗੀਤ ਰਿਲੀਜ਼

ਆਕਲੈਂਡ (ਅਵਤਾਰ ਸਿੰਘ ਟਹਿਣਾ) ਸਾਹਿਤਕ ਸੱਥ ਨਿਊਜ਼ੀਲੈਂਡ ਵੱਲੋਂ ਕਰਵਾਏ ਗਏ ਸਮਾਗਮ 'ਚ ਸਾਹਿਤ ਪ੍ਰੇਮੀਆਂ ਨੇ ਉਸਾਰੂ ਸਾਹਿਤ ਦੀ ਰੱਜ ਕੇ ਸ਼ਲਾਘਾ ਕੀਤੀ। ਭਵਿੱਖ 'ਚ ਵੀ ਸਿਹਤਮੰਦ ਸਾਹਿਤ ਦੀ ਰਚਨਾ ਕਰਨ ਵਾਲਿਆਂ ਨੂੰ ਭਰਵਾਂ ਸਹਿਯੋਗ ਦੇਣ ਦੇ ਵਾਅਦੇ ਨਾਲ ਸਾਊਥ ਆਕਲੈਂਡ 'ਚ ਪੰਜਾਬੀ ਦੀ ਲਾਇਬ੍ਰੇਰੀ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ।
ਮੈਨੁਰੇਵਾ ਵਿਖੇ ਐਨਜ਼ੈੱਡ ਪੰਜਾਬੀ ਨਿਊਜ਼ ਦੇ ਦਫ਼ਤਰ 'ਚ ਕਰਵਾਏ ਸਮਾਗਮ 'ਚ ਰੇਡੀਓ ਸਪਾਈਸ ਦੇ ਪੇਸ਼ਕਾਰ ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਟੇਜ ਦਾ ਸੰਚਾਲਣ ਕਰਦਿਆਂ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਜਿਸ ਪਿੱਛੋਂ ਤਰਨਦੀਪ ਬਿਲਾਸਪੁਰ ਨੇ ਪ੍ਰੋ ਸੁਮੀਤ ਸੰਮੀ ਦੀ ਕਿਤਾਬ 'ਗਦਰ ਲਹਿਰ ਦਾ ਸੁਰਖ਼ ਸਿਤਾਰਾ-ਕਰਤਾਰ ਸਿੰਘ ਸਰਾਭਾ' ਬਾਰੇ ਜਾਣਕਾਰੀ ਦਿੱਤੀ ਕਿ ਅਜੋਕੇ ਦੌਰ 'ਚ ਨਵੀਂ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜ ਕੇ ਰੱਖਣ ਦੇ ਉਪਰਾਲੇ ਵਜੋਂ ਪ੍ਰੋ ਸੰਮੀ ਵੱਲੋਂ ਕਿਤਾਬਾਂ ਛਾਪਣ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸੇ ਦੌਰਾਨ ਬਿਕਰਮਜੀਤ ਸਿੰਘ ਮੱਟਰਾਂ ਨੇ ਕਿਤਾਬ ਬਾਰੇ ਚਰਚਾ ਕੀਤੀ ਅਤੇ ਨਿਊਜ਼ੀਲੈਂਡ ਵਸਦੇ ਪੰਜਾਬੀ ਗੀਤਕਾਰ  ਪਿੰਦਰ ਧਨੋਆ ਵੱਲੋਂ ਲਿਖੇ ਗਏ ਲੋਕ ਤੱਥ 'ਸੋਲਾਂ ਆਨੇ ਸੱਚੀਆਂ' ਬਾਰੇ ਵੀ ਚਾਨਣਾ ਪਾਇਆ। ਇਸੇ ਦੌਰਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਨਾਲ ਸਬੰਧਤ ਮੁਖਤਿਆਰ ਸਿੰਘ, ਕਬੱਡੀ ਪ੍ਰੇਮੀ ਵਰਿੰਦਰ ਸਿੰਘ ਬਰੇਲੀ, ਸੁਪਰੀਮ ਸਿੱਖ ਸੁਸਾਇਟੀ ਦੇ ਉੱਪ ਪ੍ਰਧਾਨ ਮਨਜਿੰਦਰ ਸਿੰਘ ਬਾਸੀ ਆਦਿ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸਾਰੂ ਸਾਹਿਤ ਨਾਲ ਹੀ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਇਸ ਗੱਲ 'ਤੇ ਵੀ ਚਰਚਾ ਹੋਈ ਕਿ 
ਪਿੰਦਰ ਧਨੋਆ ਨੇ ਸੰਖੇਪ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੀਤ ਜੀਤ ਸਿੱਧੂਪੁਰੀਆ ਵੱਲੋਂ ਗਾਇਆ ਹੈ। ਇਸ ਮੌਕੇ ਸਰੋਤਿਆਂ ਨੂੰ ਗੀਤ ਵੀ ਸੁਣਾਇਆ ਗਿਆ, ਜਿਸ ਰਾਹੀਂ ਅਜੋਕੇ ਸਮਾਜ ਦੀ ਹਕੀਕਤ ਬਿਆਨ ਕਰਦਿਆਂ ਨਰੋਈ ਸੇਧ ਵਾਲਾ ਸੁਨੇਹਾ ਦਿੱਤਾ ਗਿਆ। ਗੀਤ ਦੇ ਕੁੱਝ ਬੋਲ ਹੇਠ ਲਿਖੇ ਅਨੁਸਾਰ ਸਨ। 

ਲੈ ਕੇ ਪੈਸੇ ਜਾਂ ਸ਼ਰਾਬ ਵੋਟ ਪਾਈਏ ਕਦੇ ਨਾ
ਪਤਾ ਕਰ ਕੁੜੀ ਕੁੱਖ 'ਚ ਮਰਾਈਏ ਕਦੇ ਨਾ
ਪੁੱਤ ਨਸ਼ਿਆਂ'ਤੇ ਕਿਸੇ ਦਾ ਲਾਈਏ ਕਦੇ ਨਾ
ਚਿੱਟਾ ਪੀਣ ਬੱਚੇ ਮਾਵਾਂ ਕੁਰਲਾਉਂਦੀਆਂ
ਘਰ ਲਾਈਆਂ ਲਾਸ਼ਾਂ ਕਦੇ ਵੇਖੀਆਂ ਨੀ ਜਾਂਦੀਆਂ।

ਅਖ਼ੀਰ 'ਚ ਰਸਮੀ  ਤੌਰ 'ਤੇ ਕਿਤਾਬ ਅਤੇ ਗੀਤ ਰਿਲੀਜ  ਵੀ ਕੀਤਾ ਗਿਆ। ਇਸ ਮੌਕੇ ਅਦਾਰਾ ਐੱਨਜੈੱਡ ਪੰਜਾਬੀ ਨਿਊਜ ਦੇ ਮੈਨੇਜਰ ਜਸਪ੍ਰੀਤ ਿਸੰਘ ਰਾਜਪੁਰਾ, ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ, ਰੇਡੀਓ ਸਾਡੇ ਆਲਾ ਤੋਂ ਸ਼ਰਨਜੀਤ ਸਿੰਘ, ਅਵਤਾਰ ਤਰਕਸ਼ੀਲ, ਕਰਮਜੀਤ ਅਕਲੀਆ, ਰੇਸ਼ਮ ਸਿੰਘ ਬਖ਼ਤਗੜ੍ਹ, ਉੱਤਮ ਚੰਦ ਸ਼ਰਮਾ, ਤੀਰਥ ਅਟਵਾਲ, ਹਰਜੋਤ ਸਿੰਘ, ਅਮਰੀਕ ਸਿੰਘ(ਐਨਜ਼ੈੱਡ ਫਲੇਮ) ਕਾਂਗਰਸ ਪ੍ਰਧਾਨ ਹਰਮਿੰਦਰ ਚੀਮਾ, ਬਲਜਿੰਦਰ ਸਿੰਘ ਸ਼ੇਰਗਿੱਲ, ਰੁਪਿੰਦਰ ਸਿੰਘ ਧਨੋਆ, ਬਲਜਿੰਦਰ ਸਿੰਘ ਜਗਤਪੁਰ (ਬਲਾਚੌਰ),ਕਬੱਡੀ ਪ੍ਰੋਮੋਟਰ ਮੰਗਾ ਭੰਡਾਲ ਤੋਂ ਇਲਾਵਾ ਹੋਰ ਵੀ ਹੋਰ ਸਾਹਿਤ ਪ੍ਰੇਮੀ ਅਤੇ ਕੁਰਾਲੀ (ਮੁਹਾਲੀ) ਨਾਲ ਸਬੰਧਤ ਧਨੋਆ ਪਰਿਵਾਰ ਚੋਂ ਜੁਝਾਰ ਸਿੰਘ-ਸੁਖਵਿੰਦਰ ਕੌਰ, ਸਿਮਰਨਪ੍ਰੀਤ ਕੌਰ, ਜਸਲੀਨ ਕੌਰ,ਹਰਵਿਨ ਸਿੰਘ ਵੀ ਮੌਜੂਦ ਸਨ।