ਸੰਸਦ ਮੈਂਬਰ ਡਾ ਗਾਂਧੀ ਦਾ ਨਿਊਜ਼ੀਲੈਂਡ ਦਾ ਦੌਰਾ ਸ਼ੁਰੂ

0
111

ਆਕਲੈਂਡ( ਐਨਜ਼ੈੱਡ ਪੰਜਾਬੀ ਨਿਊਜ ਬਿਊਰੋ) ਆਮ ਆਦਮੀ ਪਾਰਟੀ ਦੇ ਬਾਗੀ ਆਗੂ ਅਤੇ ਪਟਿਆਲਾ ਲੋਕ ਸਭਾ ਹਲਕਾ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦਾ ਨਿਊਜ਼ੀਲੈਂਡ ਦੌਰਾ ਸ਼ੁਰੂ ਹੋ ਗਿਆ ਹੈ। ਉਹ ਵੀਰਵਾਰ ਸ਼ਾਮ ਨੂੰ ਆਕਲੈਂਡ ਦੇ ਕੌਮਾਂਤਰੀ ਹਵਾਈ 'ਤੇ ਪੁੱਜੇ ਸਨ, ਜਿੱਥੇ ਪਤਵੰਤੇ ਸੱਜਣਾਂ ਨੇ ਨਿੱਘਾ ਸਵਾਗਤ ਕੀਤਾ ਸੀ। ਜਾਣਕਾਰੀ ਅਨੁਸਾਰ ਉਹ 20 ਜੂਨ ਤੱਕ ਇੱਥੇ ਰਹਿਣਗੇ। ਪਹਿਲਾ ਸਮਾਗਮ 16 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ ਸਾਢੇ ਪੰਜ ਵਜੇ ਤੋਂ ਲੈ ਕੇ ਸਾਢੇ ਨੌ ਵਜੇ ਤੱਕ ਪਾਪਾਟੋਏਟੋਏ 'ਚ ਮਾਨੂਕਾਊ ਇੰਡੀਅਨ ਐਸੋਸੀਏਸ਼ਨ ਦੇ 57 ਹਿੱਲ ਸਾਈਡ ਰੋਡ ਵਾਲੇ ਹਾਲ 'ਚ ਹੋਵੇਗਾ। ਜਿੱਥੇ ਉਹ 'ਪੰਜਾਬ ਸੰਵਾਦ' ਤਹਿਤ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾਉਣਗੇ। ਸਮਾਗਮ ਪਿੱਛੋਂ ਡਿਨਰ ਦਾ ਪ੍ਰਬੰਧ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾਵੇਗਾ ਅਤੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਜਾਵੇਗੀ। ਐਤਵਾਰ 17 ਜੂਨ ਨੂੰ ਸਵੇਰੇ ਗੁਰਦੁਆਰਾ ਭਗਤ ਰਵਿਦਾਸ ਟੈਂਪਲ ਬੰਬੇ ਹਿੱਲ ਅਤੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ 'ਚ ਧਾਰਮਿਕ ਸਮਾਗਮ 'ਚ ਹਾਜ਼ਰੀ ਭਰਨ ਤੋਂ ਬਾਅਦ ਦੁਪਿਹਰ ਤਿੰਨ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਐਨਜ਼ੈੱਡ ਪੰਜਾਬੀ ਨਿਊਜ਼ ਦੇ ਦਫ਼ਤਰ 202 ਗਰੇਟ ਸਾਊਥ ਰੋਡ ਮੈਨੁਰੇਵਾ 'ਚ ਲੋਕਾਂ ਨਾਲ ਖੁੱਲ੍ਹੀਆਂ ਗੱਲਾਂ ਕਰਨਗੇ। ਜਿਸ ਦੌਰਾਨ ਕੋਈ ਵੀ ਸੱਜਣ ਪੰਜਾਬ ਨਾਲ ਸਬੰਧਤ ਦੁੱਖ-ਦਰਦ ਉਨ੍ਹਾਂ ਨਾਲ ਸਾਂਝਾ ਕਰ ਸਕੇਗਾ। ਵੀਰਵਾਰ ਨੂੰ ਏਅਰਪੋਰਟ 'ਤੇ ਸਵਾਗਤ ਕਰਨ ਵਾਲਿਆਂ 'ਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਤੋਂ ਅਵਤਾਰ ਸਿੰਘ ਪੁੱਕੇਕੁਈ, ਮੁਖਤਿਆਰ ਸਿੰਘ, ਸੁਪਰੀਮ ਸਿੱਖ ਸੁਸਾਇਟੀ ਵੱਲੋਂ ਮਨਜਿੰਦਰ ਸਿੰਘ ਬਾਸੀ ਤੋਂ ਇਲਾਵਾ ਗੁਰਦੀਪ ਸਿੰਘ ਲੂਥਰ, ਬਿਕਰਮਜੀਤ ਸਿੰਘ ਮੱਟਰਾਂ,ਰੇਡੀਓ ਸਪਾਈਸ ਤੋਂ ਨਵਤੇਜ ਸਿੰਘ ਰੰਧਾਵਾ,ਐਨਜ਼ੈੱਡ ਪੰਜਾਬੀ ਨਿਊਜ ਤੋਂ ਤਰਨਦੀਪ ਸਿੰਘ ਬਿਲਾਸਪੁਰ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।