ਹਰਨੇਕ ਨੇਕੀ ਵਿਰੁੱਧ ਕਾਰਵਾਈ ਲਈ ਅਕਾਲ ਤਖਤ ਨੇ ਸੁਪਰੀਮ ਸਿੱਖ ਕੌਂਸਲ ਦੀ ਲਗਾਈ ਡਿਊਟੀ

0
480

ਆਕਲੈਂਡ (3 ਮਈ) ਐਨ ਜੈਡ ਪੰਜਾਬੀ ਨਿਊਜ: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਿਊਜ਼ੀਲੈਂਡ ਦੇ ਹਰਨੇਕ ਸਿੰਘ ਨੇਕੀ ਨੂੰ ‘ਨਿੰਦਕ’ ਕਰਾਰ ਦਿੰਦਿਆਂ ਸਿੱਖ ਸੰਗਤਾਂ ਨੂੰ ਉਸ ਖਿਲਾਫ਼ ਸਖ਼ਤ ਕਾਰਵਾਈ ਲਈ ਇਕੱਠਿਆਂ ਹੋਣ ਦੀ ਅਪੀਲ ਕੀਤੀ ਹੈ।

ਇਸ ਦੇ ਨਾਲ ਹੀ ਇਸ ਸੰਬੰਧ ਵਿਚ ਜਥੇਦਾਰ ਨੇ ਸੁਪਰੀਮ ਸਿੱਖ ਕੌਂਸਲ ਦੀ ਡਿਊਟੀ ਲਗਾਈ ਹੈ ਕਿ ਉਹ ਨਿਊਜ਼ੀਲੈਂਡ ਦੀਆਂ ਸਮੂਹ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਉਸ ਉੱਤੇ ਸਖ਼ਤ ਕਾਰਵਾਈ ਕਰਨ।

ਅੱਜ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਹਰਨੇਕ ਸਿੰਘ ਨੇ ਗੁਰੂ ਸਾਹਿਬਾਨ, ਗੁਰੂ ਇਤਿਹਾਸ ਅਤੇ ਸਾਡੇ ਮਹਾਨ ਜਰਨੈਲਾਂ ਸੰਬੰਧੀ ਗ਼ਲਤ ਸ਼ਬਦਾਵਲੀ ਬੋਲਣ ਦੀ ਹਿਮਾਕਤ ਕੀਤੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਐਸੇ ਨਿੰਦਕ ਵਿਅਕਤੀ ’ਤੇ ਨਿਊਜ਼ੀਲੈਂਡ ਦੀਆਂ ਸਮੂਹ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਸਖ਼ਤ ਕਾਰਵਾਈ ਕਰਵਾਉਣ ਤਾਂ ਜੋ ਇਹੋ ਜਿਹੇ ਨਿੰਦਕ ਲੋਕਾਂ ਨੂੰ ਨੱਥ ਪਾਈ ਜਾ ਸਕੇ।

ਹਰਨੇਕ ਨੇਕੀ ਵੱਲੋਂ ਯੂ ਟਿਊਬ, ਫ਼ੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ’ਤੇ ਵਿਰਸਾ ਰੇਡੀਉ ਰਾਹੀਂ ਕੀਤੇ ਜਾ ਰਹੇ ਗਲਤ ਪ੍ਰਚਾਰ ਦਾ ਮਾਮਲਾ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਉਕਤ ਆਦੇਸ਼ ਦਿੱਤਾ ਹੈ।