ਹੁਣ ਪੁਲੀਸ ਦੇ ਹੱਥੇ ਚੜ੍ਹ ਸਕਣਗੇ ਇਮੀਗਰੇਸ਼ਨ ਦੇ ਭਗੌੜੇ

0
164

ਸ਼ੱਕੀਆਂ ਦੀ ਸ਼ਨਾਖ਼ਤ ਕਰਨ ਵਾਲਾ ਆਟੋਮੈਟਿਕ ਸਿਸਟਮ ਸ਼ੁਰੂ

ਆਕਲੈਂਡ (ਅਵਤਾਰ ਸਿੰਘ ਟਹਿਣਾ) ਇਮੀਗਰੇਸ਼ਨ ਨਿਊਜ਼ੀਲੈਂਡ  ਦੀਆਂ ਨਜ਼ਰਾਂ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲੇ ਲੋਕ ਹੁਣ ਪੁਲੀਸ ਦੇ ਹੱਥੇ ਚੜ੍ਹ ਸਕਣਗੇ। ਦੋਹਾਂ ਵਿਭਾਗਾਂ 'ਚ ਆਪਸੀ ਤਾਲਮੇਲ ਵਾਲਾ ਆਟੋਮੈਟਿਕ ਸਿਸਟਮ ਸ਼ੁਰੂ ਹੋ ਗਿਆ ਹੈ, ਜੋ ਚੌਵੀ ਘੰਟੇ ਸੱਤੇ ਦਿਨ ਕੰਮ ਕਰੇਗਾ। ਹੁਣ ਤੱਕ ਓਵਰਸਟੇਅਰ ਪੁਲੀਸ ਦੇ ਧੱਕੇ ਚੜ੍ਹਨ ਦੇ ਬਾਵਜੂਦ ਬਚ ਜਾਂਦੇ ਸਨ ਕਿਉਂਕਿ ਪੁਲੀਸ ਨੂੰ ਪਤਾ ਨਹੀਂ ਸੀ ਲੱਗਦਾ ਕਿ ਸਬੰਧਤ ਵਿਅਕਤੀ ਕੋਲ ਵੀਜਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਕਿਸੇ ਦੇ ਜ਼ਬਤ ਹੋ ਚੁੱਕੇ ਡਰਾਈਵਿੰਗ ਲਾਇੰਸਸ ਦੀਆਂ ਫੋਟੋਜ਼ ਵੀ ਪੁਲੀਸ ਕੋਲ ਪੁੱਜ ਜਾਇਆ ਕਰਨਗੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂ ਸਿਸਟਮ ਦੋਹਾਂ ਵਿਭਾਗਾਂ ਲਈ ਬਹੁਤ ਲਾਹੇਵੰਦ ਹੈ, ਕਿਉਂਂਕਿ ਹੁਣ ਤੱਕ ਜਦੋਂ ਪੁਲੀਸ ਕਿਸੇ ਵਿਕਅਤੀ( ਗੈਰ-ਨਿਊਜੀਲੈਂਡਰ) ਨੂੰ ਕਿਸੇ ਕੇਸ 'ਚ ਗ੍ਰਿਫਤਾਰ ਕਰੇਗੀ ਤਾਂ ਨਾਲ ਦੀ ਨਾਲ ਇਹ ਵੀ ਪਤਾ ਲੱਗ ਸਕੇਗਾ ਕਿ ਉਸ ਕੋਲ ਵੀਜਾ ਹੈ ਜਾਂ ਨਹੀਂ। ਹੁਣ ਤੱਕ ਪੁਲੀਸ ਕੋਲ ਇਸ ਗੱਲ ਦਾ ਰਿਕਾਰਡ ਨਹੀਂ ਸੀ ਹੁੰਦਾ ਸੀ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਇਮੀਗਰੇਸ਼ਨ ਸਟੇਟਸ ਕੀ ਹੈ। ਪਰ ਹੁਣ ਨਵੇਂ ਸਿਸਟਮ ਨਾਲ ਤੁਰੰਤ ਇਹ ਗੱਲ ਪਤਾ ਲੱਗ ਜਾਵੇਗੀ। 

ਨੈਸ਼ਨਲ ਫੋਰੈਂਸਿਕ ਸਰਵਿਸ ਇੰਸਪੈਕਟਰ ਜੌਹਨ ਵਾਲਕਰ ਅਨੁਸਾਰ ਨਵਾਂ ਇਲੈਕਟਰੋਨਿਕ ਸਿਸਟਮ ਅਜਿਹੇ ਵਿਅਕਤੀਆਂ ਦੀ ਵਧੀਆ ਤਰੀਕੇ ਨਾਲ ਸ਼ਨਾਖ਼ਤ ਕਰਨ 'ਚ ਸਹਾਈ ਹੋਵੇਗਾ, ਜੋ ਦੇਸ਼ ਦੇ ਕਰਿਮੀਨਲ ਸਿਸਟਮ 'ਚ ਦਾਖਲ ਹੋ ਰਹੇ ਸਨ। ਇਹ ਇਸ ਕਰਕੇ ਹੋਰ ਵੀ ਮਹੱਤਵਪੂਰਨ ਹੋਵੇਗਾ ਜਦੋਂ ਕਿਸੇ ਵਿਦੇਸ਼ੀ ਨੂੰ ਪੁਲੀਸ ਗ੍ਰਿਫ਼ਤਾਰ ਕਰੇਗੀ ਤੇ ਉਸਦੇ ਰਿਕਾਰਡ ਬਾਰੇ ਝੱਟ ਪਤਾ ਲੱਗ ਸਕੇਗਾ। ਹੁਣ ਤੱਕ ਇਹ ਕੰਮ ਹੱਥੀਂ ਕੀਤਾ ਜਾਂਦਾ ਸੀ ਅਤੇ ਪੁਲੀਸ ਨੂੰ ਕਿਸੇ ਦੇ ਸਟੇਟਸ ਬਾਰੇ ਪਤਾ ਲਾਉਣ ਲਈ ਕੰਟੈਕਟ ਸੈਂਟਰ ਨਾਲ ਰਾਬਤਾ ਬਣਾ ਕੇ ਜਾਣਕਾਰੀ ਮੰਗਣੀ ਪੈਂਦੀ ਸੀ। ਨਵੇਂ ਸਿਸਟਮ ਨਾਲ ਹੁਣ ਇਮੀਗਰੇਸ਼ਨ ਵੀ ਪੁਲੀਸ ਦੇ ਹੱਥੇ ਚੜ੍ਹਨ ਵਾਲੇ ਸਬੰਧਤ ਭਗੌੜੇ ਖਿਲਾਫ਼ ਅਗਲੀ ਕਾਰਵਾਈ (ਜਿਵੇਂ ਡੀਪੋਰਟ) ਕਰ ਸਕੇਗੀ, ਜੋ ਵੀਜਾ ਖਤਮ ਹੋਣ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਰਹਿ ਕੇ ਦੇਸ਼ 'ਤੇ ਬੋਝ ਬਣਦੇ ਸਨ।

ਨਵੇਂ ਸਿਸਟਮ ਤਹਿਤ ਪੁਲੀਸ ਕੋਲ ਅਜਿਹੇ ਵਿਅਕਤੀ ਦੇ ਡਰਾਈਵਰ ਲਾਇਸੰਸ ਦੀ ਕਾਪੀ ਵੀ ਪੁੱਜ ਜਾਵੇਗੀ, ਜਿਸਦਾ ਲਾਇਸੰਸ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਜ਼ਬਤ ਕੀਤਾ ਹੋਵੇਗਾ। 

ਜ਼ਿਕਰਯੋਗ ਹੈ ਕਿ ਨਵਾਂ ਅਮਲ 'ਪ੍ਰੋਗਰੈਸਿਵ ਸਟੈੱਪਸ' ਦਾ ਅਗਲਾ ਪੜਾਅ ਹੈ, ਜੋ ਫਿਲਿਪ ਜੌਹਨ ਸਮਿਥ ਵਾਲੀ ਘਟਨਾ ਨਾਲ ਸਬੰਧਤ ਹੈ। ਸਮਿਥ ਇਕ ਕਾਤਲ ਅਤੇ ਬੱਚਿਆਂ ਨਾਲ ਗਲਤ ਹਰਕਤਾਂ ਕਰਨ ਵਾਲਾ ਮੁਜਰਿਮ ਸੀ। ਜੋ ਪੁਲੀਸ ਅਤੇ ਇਮੀਗਰੇਸ਼ਨ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਬਰਾਜ਼ੀਲ ਭੱਜ ਗਿਆ ਸੀ। ਪਰ ਹੁਣ ਤੋਂ ਬਾਅਦ ਅਜਿਹਾ ਨਹੀਂ ਹੋ ਸਕੇਗਾ।