ਹੈਸਟਿੰਗਸ ਜਿਲ੍ਹਾ ਕਾਉਂਸਲ ਦੇ ਫੈਸਲੇ ਵਿਰੁੱਧ ਤਣਿਆ ਹਾਕਸ ਬੇਅ ਦਾ ਸਿੱਖ ਭਾਈਚਾਰਾ 

0
154

ਕਾਉਂਸਲ ਵਿੱਚ ਅੱਜ ਹੋਈ ਸੁਣਵਾਈ ਰਹੀ ਸ਼ਾਨਦਾਰ

ਆਕਲੈਂਡ (29 ਜੁਲਾਈ, ਹਰਪ੍ਰੀਤ ਸਿੰਘ): ਹਾਕਸ ਬੇਅ ਦੇ ਰਹਿਣ ਵਾਲੇ ਸਿੱਖ ਭਾਈਚਾਰੇ ਵਿੱਚ ਹੈਸਟਿੰਗਸ ਜਿਲ੍ਹਾ ਕਾਉਂਸਲ ਦੇ ਉਸ ਫੈਸਲੇ ਨੂੰ ਲੈਕੇ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ, ਜਿਸ ਵਿੱਚ ਕਾਉਂਸਲ ਵਲੋਂ ਉਨ੍ਹਾਂ ਨੂੰ ਖੇਤੀਬਾੜੀ ਲਈ ਰੱਖੀ ਜਮੀਨ 'ਤੇ ਨਵੇਂ ਗੁਰਦੁਆਰਾ ਸਾਹਿਬ ਦੀ ਬਨਾਉਣ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ।

ਭਾਈਚਾਰੇ ਅਨੁਸਾਰ ਇਲਾਕੇ ਵਿੱਚ ਸਿੱਖ ਸੰਗਤ ਦੀ ਕਾਫੀ ਗਿਣਤੀ ਵੱਧ ਰਹੀ ਹੈ ਅਤੇ ਇਸੇ ਲਈ ਇਹ ਜਗ੍ਹਾ 2010 ਵਿੱਚ ਖ੍ਰੀਦੀ ਗਈ ਸੀ ਤਾਂ ਜੋ ਉੱਥੇ ਨਵਾਂ ਗੁਰਦੁਆਰਾ ਬਨਾਇਆ ਜਾ ਸਕੇ। ਅੱਜ ਕਾਉਂਸਲ ਵਿੱਚ ਇਸੇ ਲਈ ਇੱਕ ਸੁਣਵਾਈ ਹੋਈ, ਜਿਸ ਵਿੱਚ ਇਸ ਸਬੰਧੀ ਇਜਾਜਤ ਦਿੱਤੇ ਜਾਣ ਲਈ ਆਉਂਦੇ 15 ਦਿਨਾਂ ਵਿੱਚ ਫੈਸਲਾ ਲਿਆ ਜਾਏਗਾ।

ਸੁਣਵਾਈ ਦੌਰਾਨ ਦੋਨਾਂ ਪੱਖਾਂ ਵਲੋਂ ਸਬੂਤ ਪੇਸ਼ ਕੀਤੇ ਗਏ ਅਤੇ ਬਤੌਰ ਗਵਾਹ ਲਾਰਾ ਬਲੋਮਫਿਲਡ, ਗਲੈਨਿਸ ਕੂਪਰ, ਟੋਡ ਹੈਨਸਨ , ਦਲਜੀਤ ਸਿੰਘ, ਐਮ ਪੀ ਕੰਵਲਜੀਤ ਸਿੰਘ ਬਖਸ਼ੀ, ਸਰਬਜੀਤ ਸਿੰਘ ਹੇਅਰ, ਮੋਹਿੰਦਰ ਨਾਗਰਾ, ਜਸਮੀਤ ਸਿੰਘ, ਕੈਮ ਡੂਰੀ,   ਜਗਜੀਵਨ ਸਿੰਘ ਨੇ ਆਪਣੀ ਗਵਾਹੀ ਦਿੱਤੀ। ਦਲਜੀਤ ਸਿੰਘ ਹੋਣਾ ਵਲੋਂ ਗੁਰਦੁਆਰਾ ਸਾਹਿਬ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਟਾਕਾਨਿਨੀ ਦੀ ਇੱਕ ਵੀਡੀਓ ਵੀ ਪਰਦੇ 'ਤੇ ਚਲਾਈ ਗਈ, ਜਿਸ ਵਿੱਚ ਗੁਰਦੁਆਰਾ ਸਾਹਿਬ ਦੀਆਂ ਚੱਲ ਰਹੀਆਂ ਸੁਚਾਰੂ ਗਤੀਵਿਧੀਆਂ ਤੋਂ ਕਾਉਂਸਲ ਮੈਂਬਰ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਮੰਨਿਆ ਕਿ ਉਹ ਇਸ ਮਾਮਲੇ ਵਿੱਚ ਇਨ੍ਹਾਂ ਪ੍ਰਭਾਵਸ਼ਾਲੀ ਤੱਥਾਂ ਤੋਂ ਉਹ ਜਾਣੂ ਹੀ ਨਹੀਂ ਸਨ। 

ਐਮ.ਪੀ ਕੰਵਲਜੀਤ ਸਿੰਘ ਹੋਣਾ ਵਲੋਂ ਸਿੱਖਾਂ ਦੇ ਨਿਊਜੀਲੈਂਡ ਲਈ ਦਿੱਤੇ ਗਏ ਯੋਗਦਾਨ 'ਤੇ ਚਾਨਣਾ ਪਾਇਆ ਗਿਆ।ਸਰਬਜੀਤ ਸਿੰਘ ਹੇਅਰ ਹੋਣਾ ਨੇ ਦੱਸਿਆ ਕਿ ਜੱਦ 10 ਸਾਲ ਪਹਿਲਾਂ ਉਨ੍ਹਾਂ ਇਹ ਜਮੀਨ ਖ੍ਰੀਦੀ ਤਾਂ ਉਨ੍ਹਾਂ ਦੇ ਇਸ ਸਬੰਧੀ ਕੀ ਵਿਚਾਰ ਸਨ। ਮੋਹਿੰਦਰ ਨਾਗਰਾ ਹੋਣਾ ਨੇ ਦੱਸਿਆ ਕਿ ਉਹ ਬਤੌਰ ਜੇ.ਪੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਦੱਸਿਆ ਕਿ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ਦੇ ਕੀ-ਕੀ ਲਾਭ ਹਨ।ਜਸਮੀਤ ਸਿੰਘ ਨੇ ਨੌਜਵਾਨਾਂ ਦੀ ਨੁਮਾਇੰਦਗੀ ਕਰਦਿਆਂ ਆਪਣੀ ਗਵਾਹੀ ਭਰੀ। 

ਸੁਣਾਵਾਈ ਦੌਰਾਨ ਭਾਈਚਾਰੇ ਤੋਂ ਬੱਚੇ ਵੀ ਸਕੂਲ਼ ਤੋਂ ਛੁੱਟੀ ਕਰ ਕਾਫੀ ਜਿਆਦਾ ਗਿਣਤੀ ਵਿੱਚ ਹਾਜਿਰ ਰਹੇ, ਜਿਨ੍ਹਾਂ ਨੂੰ ਆਪਣੇ ਚੰਗੇ ਭਵਿੱਖ ਲਈ ਗੁਰਦੁਆਰਾ ਸਾਹਿਬ ਦੇ ਬਨਣ ਦੀ ਮੱਹਤਤਾ ਪ੍ਰਤੀ ਜਾਣਕਾਰੀ ਸੀ, ਇਸ ਤੋਂ ਇਲਾਵਾ ਬੀਬੀਆਂ ਨੇ ਵੀ ਕਾਫੀ ਗਿਣਤੀ ਵਿੱਚ ਹਾਜਰੀ ਭਰੀ, ਇਸ ਦੌਰਾਨ ਭਾਈਚਾਰੇ ਦੇ ਲੋਕਾਂ ਨਾਲ ਹਾਲ ਖਚਾ-ਖਚ ਭਰਿਆ ਨਜਰ ਆਇਆ।

ਮੀਟਿੰਗ ਵਿੱਚ ਮੌਜੂਦ 3 ਕਾਉਂਸਲਰਾਂ ਵਲੋਂ ਸਭ ਤੱਥਾਂ ਅਤੇ ਗਵਾਹਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਫੈਸਲਾ ਸੁਣਾਇਆ ਜਾਏਗਾ।