ਅੰਬੈਸੀਆਂ ਰਾਹੀਂ ਨੱਪੀ ਜਾਵੇਗੀ ਭਗੌੜੇ ਪਰਵਾਸੀ ਲਾੜਿਆਂ ਦੀ ਪੈੜ…

0
150

 

ਪੱਲਾ ਛੁਡਵਾਉਣ ਵਾਲਿਆਂ ਦੇ ਮਾਪਿਆਂ ਦੇ ਵੀ ਸਸਪੈਂਡ ਹੋਣ ਲੱਗੇ ਪਾਸਪੋਰਟ

ਆਕਲੈਂਡ (11 ਸਤੰਬਰ) : ( ਅਵਤਾਰ ਸਿੰਘ ਟਹਿਣਾ) ਪੰਜਾਬ ਚੋਂ ਭਗੌੜੇ ਹੋਏ ਪਰਵਾਸੀ ਲਾੜਿਆਂ ਦੀ ਪੈੜ ਹੁਣ ਅੰਬੈਸੀਆਂ ਰਾਹੀਂ ਨੱਪੀ ਜਾਵੇਗੀ, ਜੋ ਬੇਗਾਨੀਆਂ ਧੀਆਂ ਤੋਂ ਪੱਲਾ ਛੁਡਵਾ ਕੇ ਵਿਦੇਸ਼ਾਂ 'ਚ ਭੱਜ ਗਏ ਸਨ। ਇਸ ਤੋਂ ਇਲਾਵਾ ਅਜਿਹੇ ਭਗੌੜਿਆਂ ਦੇ ਮਾਂ-ਪਿਓ ਦੇ ਪਾਸਪੋਰਟ ਵੀ ਸਸਪੈਂਡ ਹੋਣ ਲੱਗ ਪਏ ਹਨ।
ਇਕ ਰਿਪੋਰਟ ਅਨੁਸਾਰ ਚੰਡੀਗੜ੍ਹ ਦੇ ਰਿਜਨਲ ਪਾਸਪੋਰਟ ਦਫ਼ਤਰ ਨੇ ਪੀੜਿਤ ਔਰਤਾਂ ਦੀਆਂ ਸ਼ਿਕਾਇਤਾਂ ਦੇ ਅਧਾਰ 'ਤੇ ਸਬੰਧਤ ਅੰੰਬੈਸੀਆਂ ਅਤੇ ਇੰਪਲੋਏਅਰਜ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿੱਥੇ ਭਗੌੜੇ ਹੋਏ ਨੌਜਵਾਨ ਕੰਮ ਕਰ ਰਹੇ ਹਨ। ਪਾਸਪੋਰਟ ਦਫ਼ਤਰ ਪਿਛਲੇ ਤਿੰਨ ਮਹੀਨਿਆਂ ਦੌਰਾਨ ਅਜਿਹੇ ਕੇਸਾਂ ਨਾਲ ਸਬੰਧਤ ਕਰੀਬ 50 ਪਾਸਪੋਰਟ ਸਸਪੈਂਡ ਕਰ ਚੁੱਕਾ ਹੈ। ਇਹੋ ਜਿਹੇ ਇੱਕ ਕੇਸ 'ਚ ਆਸਟਰੇਲੀਆ ਵੱਸਦੇ ਇਕ ਭਗੌੜੇ ਦੇ ਮਾਂ-ਬਾਪ ਦਾ ਪਾਸਪੋਰਟ ਵੀ ਸਸਪੈਂਡ ਕੀਤਾ ਜਾ ਚੁੱਕਾ ਹੈ
ਖੇਤਰੀ ਪਾਸਪੋਰਟ ਅਧਿਕਾਰੀ(ਆਰਪੀਓ) ਸਿਬਾਸ਼ ਕਬੀਰਾਜ ਅਨੁਸਾਰ ਹਰਿਆਣਾ ਦੇ ਪੰਚਕੂਲਾ ਸ਼ਹਿਰ ਤੋਂ ਭਗੌੜਾ ਹੋ ਕੇ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਾਲੇ ਇਕ ਨੌਜਵਾਨ ਦੇ ਪਿਤਾ ਵਿਨੋਦ ਕੈਸ਼ਯਪ ਅਤੇ ਮਾਤਾ ਪਰਮਜੀਤ ਕੁਮਾਰੀ ਦਾ ਪਾਸਪੋਰਟ ਸਸਪੈਂਡ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਯੂਕਰੇਨ ਦੀ ਇਕ  ਮੈਡੀਕਲ ਯੂਨੀਵਰਸਿਟੀ 'ਚ ਅੱਜਕੱਲ੍ਹ ਫੌਰੇਨ ਸਟੂਡੈਂਟ ਕੁਆਰਡੀਨੇਟਰ ਵਜੋਂ ਕੰਮ ਰਹੇ ਨੌਜਵਾਨ ਅਰਵਿੰਦਰਪਾਲ ਸਿੰਘ ਵਿਰੁੱਧ ਵੀ ਉਸ ਯੂਨੀਵਰਸਿਟੀ ਨੂੰ ਲਿਖਿਆ ਜਾ ਰਿਹਾ ਹੈ, ਜੋ ਸਾਲ 2009 ਦੌਰਾਨ  ਲੁਧਿਆਣਾ ਦੇ ਟੂਸੇ ਪਿੰਡ ਦੀ ਕੁੜੀ ਸਤਵਿੰਦਰ ਕੌਰ ਨਾਲ ਵਿਆਇਆ ਹੋਇਆ ਸੀ। ਉਹ ਕੁੜੀ ਪੁਲਿਟੀਕਲ ਸਾਇੰਸ ਦੀ ਸਰਕਾਰੀ ਟੀਚਰ ਲੱਗੀ ਹੋਈ ਸੀ। ਸਤਵਿੰਦਰ ਕੌਰ ਅਨੁਸਾਰ 2010 'ਚ ਉਸਦੇ ਪਤੀ ਨੇ ਵਿਦੇਸ਼ ਜਾਣ ਦੇ ਚੱਕਰ 'ਚ ਉਸਦੀ ਸਰਕਾਰੀ ਨੌਕਰੀ ਵੀ ਛੁਡਵਾ ਦਿੱਤੀ ਸੀ। 2015 'ਚ ਉਹ ਬਾਹਰ ਪੜ੍ਹਨ ਚਲਾ ਗਿਆ ਤੇ 2016 ਤੋਂ ਬਾਅਦ ਵਾਪਸ ਆ ਕੇ ਮੁੜਨ ਪਿੱਛੋਂ ਫਿਰ ਕਦੇ ਸ਼ਕਲ ਨਹੀਂ ਵਿਖਾਈ ਅਤੇ ਅਖੀਰ ਉਸਨੂੰ ਕੇਸ ਦਰਜ ਕਰਵਾਉਣਾ ਪਿਆ। ਅਜਿਹਾ ਹੀ ਇੱਕ ਹੋਰ ਕੇਸ ਲੁਧਿਆਣਾ ਦੀ ਪਲਵਿੰਦਰ ਕੌਰ ਦਾ ਹੈ। ਜਿਸਦਾ ਪਤੀ ਕਈ ਸਾਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਬਹਿਰੀਨ 'ਚ ਰਹਿ ਰਿਹਾ ਹੈ।
ਪਾਸਪੋਰਟ ਅਧਿਕਾਰੀ ਅਨੁਸਾਰ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਨੂੰ ਕਟਿਹਰੇ 'ਚ ਖੜਾਇਆ ਜਾ ਸਕੇ। ਅਜਿਹੇ ਕਰੀਬ 12 ਹਜ਼ਾਰ ਕੇਸ ਦੱਸੇ ਜਾ ਰਹੇ ਜੋ ਇਸ ਦਫ਼ਤਰ ਦੇ ਘੇਰੇ ਵਿੱਚ ਆਉਂਦੇ ਪੰਜਾਬ ਅਤੇ ਹਰਿਆਣਾ ਦੇ ਚੌਵੀ ਿਜਲਿਆਂ ਨਾਲ ਸਬੰਧਤ ਹਨ।