“ਕਰਨੀ ਦਾ ਫਲ” ਜੋ ਕਿ ਬੁੱਚੜ ਕੇ.ਪੀ ਗਿੱਲ ਦੀ ਮੌਤ ਤੇ ਤਾਜ਼ਾਂ ਹੋਈਆਂ ਯਾਦਾਂ ਚੋਂ ਲਿਖੀ ਹੈ ।

0
397

ਅਾਕਲੈਂਡ (31 ਅਗਸਤ) : ਹਾੜ੍ਹ ਦਾ ਤਪਦਾ ਮਹੀਨਾ ਸੀ ਗਰਮੀ ਆਪਣੇ ਜੋਬਨ 'ਤੇ ਸੀ ਕੁਦਰਤੀ ਗਰਮੀ ਦੇ ਨਾਲ ਨਾਲ ਪੰਜਾਬ ਵਿੱਚ ਸਰਕਾਰੀ ਜ਼ੁਲਮ ਦੀ ਅੱਗ ਵੀ ਨਿਰੰਤਰ ਵਰ੍ਹ ਰਹੀ ਸੀ । ਪਿੰਡ-ਪਿੰਡ ਬਲਦੇ ਸਿਵਿਆਂ ਦੀ ਅੱਗ ਨੇ ਇਸ ਤਪਸ਼ ਨੂੰ  ਅਸਹਿਣਯੋਗ ਬਣਾ ਦਿੱਤਾ ਸੀ । ਪੰਜਾਬ ਦਾ ਕੋਈ ਐਸਾ ਵਿਹੜਾ ਨਹੀਂ ਸੀ ਜਿਸਨੂੰ ਇਸ ਅੱਗ ਦਾ ਸੇਕ ਨਾ ਲੱਗਿਆ ਹੋਵੇ  । ਹਰੇਕ ਵਿਹੜੇ ਵਿੱਚ ਦੱਬੀ ਸੁਰ ਵਿੱਚ ਕੀਰਨੇ ਪੈ ਰਹੇ ਸਨ ਕਿਉਂ ਕਿ ਉੱਚੀ ਅਤੇ ਖੁੱਲਕੇ ਰੋਣ 'ਤੇ ਵੀ ਸਰਕਾਰੀ ਪਾਬੰਦੀ ਸੀ । ਚਾਰ-ਚੁਫੇਰੇ ਮਾਤਮ ਦੇ ਮਹੌਲ ਵਿੱਚ ਸੁੰਨੀਆ ਰਾਹਾਂ ਤੇ ਤੁਰੀ ਜਾਂਦੀ ਕੀੜੀ ਦੀ ਵੀ ਅਵਾਜ਼ ਸੁਣਾਈ ਦਿੰਦੀ ਸੀ । ਸੁੰਨ-ਸਾਨ ਖੌਫਨਾਕ ਰਾਤਾਂ ਵਿੱਚ ਕੜਾਕ-ਕੜਾਕ ਚੱਲਦੀਆਂ ਗੋਲੀਆਂ ਨੇ ਹਰ ਇੱਕ ਸਿੱਖ ਦੀ ਨੀਂਦ ਹਰਾਮ ਕੀਤੀ ਹੋਈ ਸੀ । 11 ਜੁਲਾਈ 1986 ਨੂੰ ਫਿਰੋਜ਼ਪੁਰ ਜਿਲ੍ਹੇ ਦੇ ਥਾਣਾ ਮਮਦੋਟ ਵਿੱਚ ਮੁੜਕੋ -ਮੁੜਕ ਹੋਇਆ  ਇੱਕ ਥਾਣੇਦਾਰ ਦੋ ਸਿੱਖ ਮੁੰਡਿਆਂ ਦੀਆਂ ਲਾਸ਼ਾਂ ਲੈਕੇ ਆਇਆ ਉਸਨੇ ਲਾਸ਼ਾਂ ਥਾਣੇ ਦੇ ਅੰਦਰ ਰਖਵਾ ਦਿੱਤੀਆਂ ਅਤੇ ਹਵਾਲਾਤ ਵਿੱਚ ਕੈਦ ਇੱਕ ਬਜ਼ੁਰਗ ਨੂੰ ਅਵਾਜ਼ ਮਾਰੀ ਬਾਹਰ ਆ ਉਏ ਬੁੜਿਆ ,  ਥਾਣੇਦਾਰ ਦੇ ਭੈਅਪੀਤ ਕਰ ਦੇਣ ਵਾਲੇ ਬੋਲਾਂ ਨੇ ਬਜ਼ੁਰਗ ਦੀ ਝਪਕੀ ਖੋਲ੍ਹੀ । ਬਾਪੂ ਪਿਛਲੇ ਦੋ ਦਿਨਾ ਤੋਂ ਥਾਣੇ ਵਿੱਚ ਬਿਨਾ ਕਸੂਰ ਤੋਂ ਕੈਦ ਕੀਤਾ ਹੋਇਆ ਸੀ , ਗਰਮੀ ਅਤੇ ਮੱਛਰ ਨੇ ਉਸਨੂੰ ਸੌਣ ਵੀ ਨਹੀ ਦਿੱਤਾ ਸੀ । ਥਾਣੇਦਾਰ ਦੀ ਗਰਜ ਸੁਣਕੇ ਬਾਪੂ ਦੀ ਆਂਦਰ ਤੜਫ ਉੱਠੀ ਕੇ ਜਰੂਰ ਕੋਈ ਭਾਣਾ ਵਰਤਗਿਆ ਹੈ । ਕੰਬਦੇ ਹੱਥਾਂ ਨਾਲ ਮੁੜਕੇ ਚ ਗੜੁੱਚ ਅਤੇ ਮੈਲੇ ਲੀੜਿਆਂ ਨੂੰ ਝਾੜਦਾ ਬਾਪੂ  ਅਜੈਬ ਸਿੰਘ ਉੱਠਕੇ ਡਿਉਹੜੀ ਵੱਲ ਨੂੰ ਵਧਿਆ । ਪਛਾਣ ਖਾਂ ਜੈਬਿਆ ਆਹ ਕੌਣ ਨੇ ਦੋ ਅੱਤਵਾਦੀ ਮਾਰਕੇ ਲਿਆਂਦੇ ਹਨ ਬੜਾ ਗੰਦਾ ਪਾਇਆ ਸੀ ਇਹਨਾਂ ਭੈਣ…… ਨੇ । ਥਾਣੇਦਾਰ ਦੇ ਮਸਖਰੀ ਭਰੇ ਬੋਲਾਂ ਨੇ ਬਾਪੂ ਦਾ ਮੂੰਹ ਚਿੜਾਉਣ ਦੀ ਕੋਸ਼ਿਸ਼ ਕੀਤੀ । ਬਜ਼ੁਰਗ ਦਾ ਹੌਂਸਲਾ ਨਾ ਪਵੇ ਕਿ ਉਹ ਮੂੰਹ ਤੋਂ ਚਾਦਰ ਲਾਹਕੇ ਵੇਖੇ ਸ਼ਾਇਦ ਅੰਦਰੇ ਅੰਦਰ ਉਸਨੂੰ ਸਮਝ ਪੈ ਗਈ ਸੀ ਕਿ ਇਹ ਜਰੂਰ ਮੇਰੇ ਹੀ ਜਿਗਰ ਦੇ ਟੁਕੜੇ ਹਨ ਕਿਉਂਕਿ ਅਜੇ ਚਾਰ ਮਹੀਨੇਂ ਪਹਿਲਾਂ ਬਜ਼ੁਰਗ ਦਾ ਇੱਕ ਸੂਰਮਾ ਪੁੱਤ ਹਰਭਜਨ ਸਿੰਘ  ਦੁਸ਼ਮਣਾਂ ਦੇ ਆਹੂ ਲਾਹੁੰਦਾ ਸ਼ਹੀਦ ਹੋ ਗਿਆ ਸੀ । ਬਾਪੂ ਨੇ ਦਸ਼ਮੇਸ਼ ਪਿਤਾ ਦਾ ਧਿਆਨ ਧਰਿਆ ਅਤੇ ਹੌਂਸਲਾ ਕਰਕੇ ਚਾਦਰ ਹਟਾਕੇ ਵੇਖਿਆ ਤਾਂ ਪੈਰਾਂ ਹੋਠੋਂ ਜ਼ਮੀਨ ਨਿੱਕਲ ਗਈ , ਹਾੜਾ ਓਏ ਇਹ ਤਾਂ ਮੇਰਾ ਲੱਖਾ ਤੇ ਸੱਤਾ ਹੈ , ਇਹਨਾਂ ਨੇ ਤੁਹਾਡਾ ਕੀ ਗਵਾਇਆ ਸੀ ਇਹ ਤਾਂ ਅਜੇ ਕਾਨੂੰਨੀ ਤੌਰਤੇ ਜਵਾਨ ਵੀ ਨਹੀਂ ਹੋਏ । ਮਾਰੇ ਗਏ ਮੁੰਡਿਆਂ ਚੋਂ ਲੱਖਾ 14 ਸਾਲਾਂ ਅਤੇ ਸੱਤਾ 16 ਸਾਲਾਂ ਦਾ ਸੀ ਇਹ ਕਿਉਂ ਮਾਰ ਦਿੱਤੇ ਜ਼ਾਲਮੋਂ  ? ਬਾਪੂ ਦੇ ਅੰਦਰੇ ਆੰਦਰ ਵਿਰਲਾਪ ਦੇ ਦਰਿਆ ਛੁੱਟ ਪਏ । ਪਰ ਸੂਰਮੇ ਪੁੱਤਾਂ ਦੇ ਸੂਰਮੇ ਬਾਪ ਨੇ ਅੱਖੋਂ ਇੱਕ ਹੰਝੂ ਨਾ ਕੇਰਿਆ ਤੇ ਗਰਜਵੀਂ ਅਵਾਜ 'ਚ ਥਾਣੇਦੇਰ ਨੂੰ ਜਵਾਬ ਦਿੱਤਾ । ਗੱਲ ਸੁਣ ਓਏ ਥਾਣੇਦਾਰਾ ਗੁਰੂ ਨੇ ਮੈਨੂੰ ਸੱਤ ਪੁੱਤ ਦਿੱਤੇ ਨੇਂ ਅਜੇ ਤਾਂ ਤਿੰਨ ਹੀ ਸ਼ਹੀਦ ਹੋਏ ਨੇ ਧਰਮ ਖਾਤਰ ਜੇ ਬਾਕੀ ਚਾਰੇ ਵੀ ਵਾਰਨੇ ਪਏ ਮੈਂ ਵਾਰ ਦਿਆਂਗਾ ਪਰ ਇੱਕ ਗੱਲ ਯਾਦ ਰੱਖੀਂ ਤੂੰ ਕੀੜੇ ਪੈਕੇ ਮਰੇਂਗਾ ਇਹ ਦੁਨੀਆ ਇਸ ਗੱਲ ਦੀ ਗਵਾਹ ਬਣੂਗੀ । ਬਾਪੂ ਦੇ ਹੌਂਸਲੇ ਅਤੇ ਦਲੇਰੀ ਅੱਗੇ ਥਾਣੇਦਾਰ ਜੋ ਕਿ ਝੂਠੇ ਪੁਲੀਸ ਮੁਕਾਬਲਿਆਂ ਕਰਕੇ ਕਾਫੀ ਮਸ਼ਹੂਰ ਸੀ ਹਾਰਿਆ ਹੋਇਆ ਮਹਿਸੂਸ ਕਰਨ ਲੱਗਾ , ਗੁੱਸੇ ਵਿੱਚ ਲਾਲ ਪੀਲੇ ਹੋਏ ਨੇ ਸ਼ਹੀਦਾਂ ਦੀਆਂ ਲਾਸ਼ਾਂ ਵੀ ਖੁਦਪੁਰਦ ਕਰ ਦਿੱਤੀਆਂ ਪਰਿਵਾਰ ਨੂੰ ਸਸਕਾਰ ਕਰਨਾ ਵੀ ਨਸੀਬ ਨਾ ਹੋਇਆ । 
ਸਮਾਂ ਆਪਣੀ ਚਾਲੇ ਚੱਲਦਾ ਰਿਹਾ ਉਹ ਥਾਣੇਦਾਰ ਡੀ.ਐਸ.ਪੀ ਬਣਕੇ ਤੋਂ ਰਿਟਾਇਰ ਹੋ ਚੁੱਕਾ ਸੀ । ਕੁਦਰਤ ਨੇ ਆਪਣਾ ਰੰਗ ਵਿਖਾਇਆ ਉਸਨੂੰ ਸ਼ੂਗਰ ਹੋ ਗਈ । ਸ਼ੂਗਰ ਕਾਰਨ ਇੱਕ ਲੱਤ ਗਲਗਈ  ਅਤੇ ਲੱਤ ਗੋਡੇ ਤੋਂ ਵੱਡਣੀ ਪਈ ਫਿਰ ਦੂਜੀ ਲੱਤ ਵੀ ਡਾਕਟਰਾਂ ਨੇ ਵੱਡ ਦਿੱਤੀ । ਫਿਰ ਵੀ ਜ਼ਖਮ ਸੁੱਕਣ ਦਾ ਨਾਮ ਨਾ ਲੈਣ ਆਖਰ ਦੋਹਾਂ ਪੱਟਾਂ ਵਿੱਚ ਕੀੜੇ ਪੈ ਗਏ । ਮਹਿਲ ਨੁਮਾ ਕੋਠੀ ਵਿੱਚ ਉਸਲਈ ਇੱਕ ਮੰਜੇ ਜਿੰਨੀ ਥਾਂ ਵੀ ਨਾ ਬਚੀ ਬੱਚਿਆਂ ਨੇ ਉਸਦਾ ਮੰਜਾ ਬਾਹਰ ਤੂੜੀ ਵਾਲੇ ਬਰਾਂਡੇ ਦੇ ਨਾਲ ਵਾਲੇ ਕਮਰੇ ਚ ਡਾਹ ਦਿੱਤਾ ਜਿੱਥੇ ਉਹ ਸਾਰੀ ਦਿਹਾੜੀ ਵਿਲਕਦਾ ਅਤੇ ਰਾਤ ਨੂੰ ਵੀ ਨਾ ਸੌਂਦਾ । ਘਰਦਾ ਕੋਈ ਜੀ ਉਸਕੋਲ ਰੋਟੀ ਪਾਣੀ ਵੀ ਨਹੀਂ ਲੇਕੇ ਜਾਂਦਾ ਸੀ ਮੁਸ਼ਕ ਹੀ ਇੰਨਾ ਆਉਂਦਾ ਸੀ ਉਸ ਕੋਲੋਂ ਆਖਰ ਕਾਰ ਉਹ ਮੌਤ ਦੀਆਂ ਅਰਦਾਸਾਂ ਕਰਨ ਲੱਗਾ । ਇੱਕ ਦਿਨ ਉਸਨੇ ਉਹ ਜਿਹੜੇ ਦੋ ਮੁੰਡੇ ਮਾਰੇ ਸੀ ਉਹਨਾਂ ਦੇ ਵੱਡੇ ਭਰਾ ਨੂੰ ਸੱਦਾ ਭੇਜਿਆ ਕਿ ਮੈਨੂੰ ਮਿਲਣ ਆਉ । ਉਸਦੇ ਵਾਰ ਵਾਰ ਸੱਦਾ ਭੇਜਣ ਤੇ ਸ਼ਹੀਦਾਂ ਦਾ ਭਰਾ ਉਸਨੂੰ ਮਿਲਣ ਚਲਾ ਗਿਆ ਜਦੋਂ ਜਾਕੇ ਵੇਖਿਆਂ ਤਾਂ ਉਸਦੇ ਕੋਲ ਨਾਂ ਖਲੋਤਾ ਜਾਵੇ ਹੱਡਾਰੋੜੀ ਨਾਲੋਂ ਵੀ ਗੰਦੀ ਬੋ ਉਸ ਕੋਲੋਂ ਆਵੇ । ਜਦੋਂ ਉਸ ਦੀ ਚਾਦਰ ਚੁੱਕਕੇ ਵੇਖਿਆ ਤਾਂ ਪੋਟੇ ਪੋਟੇ ਜਿੱਡੇ ਕੀੜੇ ਕੁਰਬਲ ਕੁਰਬਲ ਕਰਦੇ ਫਿਰਨ । ਉਹ ਰੋਣ ਲੱਗ ਪਿਆ ਤੇ ਰੋਂਦੇ ਨੇ ਕਿਹਾ ਮੈਨੂੰ ਤੁਹਾਡੇ ਬਾਪੂ ਨੇ ਸ਼ਰਾਪ ਦਿੱਤਾ ਸੀ ਇਹ ਉਸਦਾ ਨਤੀਜਾ ਹੈ । ਮੈਂ ਬਹੁਤ ਨਰਕ ਭੋਗ ਰਿਹਾ ਹਾਂ ਧਿਆਨ ਸਿਹਾਂ ਮੈਂ ਚਾਹੁੰਦਾ ਹਾਂ ਮੇਰੀ ਮੌਤ ਹੋ ਜਾਵੇ । ਇਸ ਲਈ ਤੂੰ ਅਰਦਾਸ ਕਰ ਤਾਂ ਕਿ ਮੇਰੀ ਜਾਨ ਨਿੱਕਲ ਜਾਵੇ । ਧਿਆਨ ਸਿੰਘ ਨੇ ਕਿਹਾ ਤੇਰੀ ਅਰਦਾਸ ਤਾਂ ਮੈਂ ਕਰਦੂੰ ਪਰ ਤੂੰ ਇਹ ਦੱਸਦੇ ਕਿ ਮੇਰੇ ਭਰਾਵਾਂ ਨੂੰ ਮਾਰਨ ਵੇਲੇ ਤੇਰੇ ਨਾਲ ਹੋਰ ਕਿਹੜੇ ਕਿਹੜੇ ਪੁਲੀਸ ਮੁਲਜ਼ਮ ਸੀ । ਕਹਿੰਦਾ ਇਹ ਮੈਂ ਨਹੀਂ ਦੱਸ ਸਕਦਾ। ਅੱਛਾ ਜੇ ਤੂੰ ਨਹੀਂ ਦੱਸ ਸਕਦਾ ਤਾਂ ਮੈਂ ਵੀ ਤੇਰੀ ਅਰਦਾਸ ਨਹੀਂ ਕਰ ਸਕਦਾ । ਉਸਨੂੰ ਰੋਂਦਾ ਛੱਡਕੇ ਧਿਆਨ ਸਿੰਘ ਉੱਥੋਂ ਚਲਾਗਿਆ । ਫਿਰ ਦੋ ਮਹੀਨੇ ਬਾਅਦ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ । ਹਰਬੰਸ ਨੂੰ ਉਸਦੀ ਕਰਨੀ ਦਾ ਫਲ ਮਿਲਿਆ । ਬੰਦਾ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ ਜਦੋਂ ਕੁਦਰਤ ਨਿਆਂ ਕਰਦੀ ਹੈ ਤਾਂ ਕਰਨੀ ਦਾ ਫਲ ਜਰੂਰ ਮਿਲਦਾ ਹੈ । 

ਜਰੂਰੀ ਸੂਚਨਾ- ਇਹ ਕਹਾਣੀ ਪਿੰਡ ਸੈਦੇ ਕੇ ਰੁਹੇਲਾ ਵਿੱਚ ਰਹਿੰਦੇ ਮੰਡ ਪਰਿਵਾਰ ਦੀ ਸੱਚੀ ਕਹਾਣੀ ਹੈ । ਜਥੇਦਾਰ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰਿਵਾਰ ਦੀ ਕਹਾਣੀ ਹੈ ।

#ਮਨਬੀਰਸਿੰਘਮੰਡ 8727841998