ਘੋੜੀ ਮੀਡੀਆ ਦੀ ਪੌੜੀ ਤੋਂ ਵੀ ਅਸਲ ਪੰਜਾਬ ਦਿਖਦਾ ਹੈ ਕਿ ਨਹੀਂ ?

0
276

ਆਕਲੈਂਡ (2 ਮਈ, ਤਰਨਦੀਪ ਬਿਲਾਸਪੁਰ ) : ਪੰਜਾਬ ਦੀ ਸਿਆਸਤ ਤੇ ਪੱਤਰਕਾਰਤਾ ਵਿਚ ਐਨੀ ਦਿਨੀਂ ਇੱਕ ਖੇਤਰੀ ਸ਼ਬਦ ਇਜ਼ਾਦ ਹੀ ਨਹੀਂ ਹੋਇਆ ਸਗੋਂ ਕੌਮੀ ਸ਼ਬਦ ''ਗੋਦੀ ਮੀਡੀਆ '' ਦੇ ਪੂਰਕ ਵਜੋਂ   ''ਘੋੜੀ ਮੀਡੀਆ '' ਦੇ ਰੂਪ ਵਿਚ ਪ੍ਰਚਲਤ ਵੀ ਹੋਇਆ ਹੈ | ਪੰਜਾਬ ਇੱਕ ਅਣਕਿਆਸੀ ਤਬਾਹੀ ਦਾ ਦੌਰ ਹੰਢਾਅ ਰਿਹਾ ਹੈ | ਮੈਂ ਪਿਛਲੇ ਦਿਨੀਂ ਇੱਕ ਨਾਵਲ ਪੜ ਰਿਹਾ ਸੀ, ਉਸ ਨਾਵਲ ਬਾਬਤ ਚਾਰ ਸ਼ਬਦ ਪੰਜਾਬੀ ਸਾਹਿਤ ਤੇ ਸਿਆਸਤ ਦੇ ਖੇਤਰ ਦੇ ਉਘੇ ਚਿੰਤਕ ਰਾਜਪਾਲ ਸਿੰਘ ਨੇ ਲਿਖਦਿਆਂ ਕਿਹਾ ਕਿ ਅਸੀਂ ਉਸ ਦੌਰ ਵਿਚ ਹਾਂ | ਜਿਥੇ ਸਾਡੇ ਕੋਲ ਵੀਹਵੀਂ ਸਦੀ ਦੇ ਆਖਰੀ ਪੱਖ ਤੇ ਇੱਕੀਵੀ ਸਦੀ ਦੇ ਪਹਿਲੇ ਪੱਖ ਵਿਚ ਇਤਿਹਾਸਕ ਤੌਰ ਤੇ ਦਿਖਾਉਣ ਲਈ ਕੁੱਝ ਵੀ ਨਹੀਂ ਹੈ | ਜਦੋਂ ਅਸੀਂ ਇਤਿਹਾਸ ਫਿਰੋਲਦੇ ਹਾਂ ਤਾਂ ਇਹ ਪਹਿਲੀ ਬਾਰ ਦੇਖਣ ਨੂੰ ਲੱਗਦਾ ਹੈ ਕਿ ਸਮੁੱਚਾ ਪੰਜਾਬ ਮੌਨ ਹੈ | ਪਰ ਇਸ ਚੁੱਪ ਦੇ ਅੰਦਰ ਜੋ ਵਾਪਰ ਰਿਹਾ ਹੈ | ਉਹ ਭਿਆਨਕ ਹੀ ਨਹੀਂ ਸਗੋਂ ਅਚੰਬਾਜਨਕ ਹੈ | ਸਭ ਕੁੱਝ ਹਿੱਲ ਗਿਆ ਹੈ , ਪਰ ਦੇਖਣ ਨੂੰ ਸਥੂਲ ਨਜ਼ਰ ਆ ਰਿਹਾ ਹੈ | ਜਿਉਣਦੇ ਢੰਗ ਬਦਲ ਗਏ ਹਨ , ਸੂਰਮਗਤੀ ਦਾ ਪੂਰਕ ਗੁੰਡਾਗਰਦੀ ਹੋ ਗਿਆ ਹੈ | ਸਿਆਣੇ ਤੇ ਸੂਰਮੇਂ ਲੋਕਾਂ ਦੀ ਥਾਂ ਚਾਪਲੂਸ ਤੇ ਜੁਗਾੜੀ ਲੋਕਾਂ ਨੇ ਲੈ ਲਈ ਹੈ | ਲੋਕ ਜ਼ਮੀਨ ਤੋਂ ਫ਼ਸਲ ਦੀ ਥਾਂ ਪੈਸਾ ਤੇ ਪਰਵਾਸ ਦੇਖ ਰਹੇ ਹਨ | ਪਰ ਬਦਲੇ ਵਿਚ ਖਲਾਅ ਮਿਲ ਰਿਹਾ ਹੈ | ਜ਼ਿੰਦਗੀ ਜਦੋਂ ਟਕਰਾਓ ਵਰਗੀ ਹੋ ਜਾਂਦੀ ਹੈ ਤਾਂ ਉਸ ਸਮੇਂ ਚਿੰਤਕ ਤੇ ਇਨਕਲਾਬੀ ਹੀ ਖੜੇ ਪਾਣੀ ਵਿਚ ਵੱਟਾ ਮਾਰਕੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ ਕਰਦੇ ਹਨ | 

ਪਰ ਸਮੇਂ ਦੀ ਸਿਤਮ ਜ਼ਰੀਫੀ ਦੇਖੋ ਇਸ ਸਮੇਂ ਚਿੰਤਕ ਸੱਤਾ ਦੇ ਸਿਮਰਨੇ ਫੜੀ ਬੈਠੇ ਹਨ ਤੇ ਫੋਟੋਧਾਰੀ ਇਨਕਲਾਬੀਆਂ ਨੇ ਅਸਲ ਲੜਾਕਿਆਂ ਨੂੰ ਸੋਸ਼ਲ ਮੀਡੀਆ ਦੀ ਮੰਡੀ ਵਿਚ ਪਿੱਛੇ ਧੱਕ ਦਿੱਤਾ ਹੈ | ਚੈਨਲ ਇਨਕਲਾਬ ਕਰਦੇ ਨਜ਼ਰ ਆਉਂਦੇ ਹਨ ਤੇ ਕੁਮਿੰਟਾਂ ਰਾਹੀਂ ਸਿਆਸਤ ਦੀ ਮੰਡੀ ਨੂੰ ਚਮਕਾਉਣ ਦੀ ਕੋਸ਼ਿਸ ਹੋ ਰਹੀ ਹੈ | 

   ਇਸ ਦੌਰ ਵਿਚ ਹੱਦ ਉਦੋਂ ਹੋ ਜਾਂਦੀ ਹੈ | ਜਦੋਂ ਖੁਦ ਨੂੰ ਪੰਜਾਬ ਦੇ ਹਰਕਾਰੇ ਅਖਵਾਉਣ ਵਾਲਿਆਂ ਦੇ ਅਸਲ ਚੇਹਰੇ ਜਨਤਕ ਹੋਣ ਲੱਗਦੇ ਹਨ | ਪਿਛਲੇ ਦਿਨੀਂ ਪੰਜਾਬੀ ਦਾ ਇੱਕ ਸਿਰਮੌਰ ਹੀ ਨਹੀਂ ਬਾਬੇ ਬੋਹੜ ਵਜੋਂ ਜਾਣਿਆਂ ਜਾਂਦਾ ਇੱਕ ਪੱਤਰਕਾਰ ਤੇ ਚਿੰਤਕ ਸੰਨ ਸੰਤਾਲੀ ਤੋਂ ਪਹਿਲਾ ਦੇ ਸਾਮੰਤਵਾਦ ਦੀ ਬੋਲੀ ਹੀ ਨਹੀਂ ਬੋਲਦਾ | ਸਗੋਂ ਸਾਮੰਤਵਾਦ ਨੂੰ ਇਨਕਲਾਬ ਵਜੋਂ ਪੇਸ਼ ਕਰ ਰਿਹਾ ਨਜ਼ਰ ਆ ਰਿਹਾ ਹੁੰਦਾ ਹੈ | ਉਸ ਸਮੇਂ ਉਹ ਭੁੱਲ ਗਿਆ ਹੁੰਦਾ ਹੈ ਕਿ ਸੱਤਾ ਦਾ ਪੱਖ ਵੀ ਇੱਕ ਕੰਧ ਤੇ ਹੋਣ ਵਾਲੇ ਪਲੱਸਤਰ ਵਰਗਾ ਹੁੰਦਾ ਹੈ | ਜਿਥੇ ਨਿਰਾ ਸੀਮੈਂਟ ਵੀ ਕੰਮ ਨਹੀਂ ਕਰਦਾ ਤੇ ਨਿਰਾ ਰੇਤਾ ਵੀ , ਕੰਧ ਦੋਵਾਂ ਦੇ ਮੇਲ ਨਾਲ ਹੀ ਪਲੱਸਤਰ ਹੁੰਦੀ ਹੈ | ਪਰ ਜਿਵੇਂ ਕਹਿੰਦੇ ਹਨ ਕਿ ਘੋੜੀ ਚੜੇ ਬੰਦੇ ਨੂੰ ਲੋਕ ਪਰਜਾ ਜਾਪਣ ਲੱਗ ਪੈਂਦੇ ਹਨ | ਜਿਹਨਾਂ ਨੂੰ ਉਪਦੇਸ਼ ਦੇਣ ਵੇਲੇ ਵੀ ਹੁਕਮ ਦੀ ਭਾਅ ਵੱਜਦੀ ਨਜ਼ਰ ਆਉਂਦੀ ਹੈ | ਉਕਤ ਪੱਤਰਕਾਰ ਨੂੰ ਮੈਂ ਜਦੋਂ ਆਪਣੀ ਨਜ਼ਰ ਨਾਲ ਦੇਖਦਾ ਹਾਂ ਤਾਂ 2009 ਦੇ ਦੌਰ ਵਿਚ ਚਲਿਆ ਜਾਂਦਾ ਹਾਂ | ਜਦੋਂ ਮੈਂ ਪੱਤਰਕਾਰਤਾ ਦਾ ਵਿਦਿਆਰਥੀ ਸੀ ਤੇ ਉਕਤ ਬਜ਼ੁਰਗ ਪੱਤਰਕਾਰ ਮੇਰੀ ਉਮਰ ਤੋਂ ਦਸ ਵਰੇ ਜਿਆਦਾ ਪੱਤਰਕਾਰਤਾ ਕਰ ਚੁੱਕਿਆ ਸੀ | ਸਾਡੇ ਲਈ ਉਸਦੀਆਂ ਸੰਪਾਦਕੀਆਂ ਤੇ ਲੇਖਾਂ ਵਿਚੋਂ ਇੱਕ ਪ੍ਰੋਫੈਸਰ ਦੇ ਲੱਗੇ ਲੈਕਚਰ ਦਾ ਅਸਰ ਨਜ਼ਰ ਆਉਂਦਾ ਸੀ | ਸਮਾਂ ਗੁਜ਼ਰਦਾ ਗਿਆ ਤੇ ਲੱਗਣ ਲੱਗਿਆ ਬਾਬਾ ਰਾਸ਼ਟਰਵਾਦੀ ਹੈ | ਜਦੋਂ ਉਹ ਗਵਾਂਢੀ ਮੁਲਕ ਦੇ ਬਾਬਤ ਨਾਗਪੁਰੀਆਂ ਵਰਗੀ ਸੁਰ ਰੱਖਦਾ ਨਜ਼ਰ ਆਉਣ ਲੱਗਿਆ | ਪਰ ਵਿਚਾਰਕ ਵਖਰੇਵਿਆਂ ਦੇ ਬਾਵਜੂਦ ਸਤਿਕਾਰ ਬਣਿਆ ਰਿਹਾ | ਪਰ ਅੱਜ ਦਸ ਸਾਲ ਬਾਅਦ ਅਸੀਂ ਬਿਲਕੁਲ ਵੱਖਰੇ ਮਰਹੱਲੇ ਤੇ ਖੜੇ ਨਜ਼ਰ ਆ ਰਹੇ ਹਾਂ | ਜਿੱਥੇ ਉਕਤ ਸਤਿਕਾਰਿਤ ਪੱਤਰਕਾਰ ਦੇ ਹੱਥ ਸੱਤਾ ਦਾ ਸਿਮਰਨਾਂ ਜਿਓਂ ਦਾ ਤਿਓਂ ਫੜਿਆ ਨਜ਼ਰ ਆ ਰਿਹਾ ਹੈ | ਜੇਕਰ ਦੇਖਿਆ ਜਾਵੇ ਤਾਂ ਜਿਵੇਂ ਕਹਿੰਦੇ ਹੁੰਦੇ ਹਨ ਕਿ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਚੋਰ ਉੱਤੇ ਇੱਕ ਸੌ ਇੱਕ ਹੋ ਜਾਂਦਾ ਹੈ | ਇੱਥੇ ਓਵੇਂ ਹੀ ਹੋਇਆ ਜਦੋਂ ਬਾਬੇ ਦੇ ਬੋਲ ਪਟਿਆਲੇ ਦੀ ਫਿਜ਼ਾ ਵਿੱਚਦੀ ਹੋ ਸਮੁੱਚੇ ਸੰਸਾਰ ਵਿਚ ਖਿੱਲਰੇ ਬੈਠੇ ਪੰਜਾਬੀਆਂ ਤੱਕ ਹੌਲੇ ਹੌਲੇ ਪਹੁੰਚੇ | ਇਹ ਬੋਲ ਲੋਕਤੰਤਰ ਬਾਬਤ ਭਾਰਤ ਵਿਚ ਹੁੰਦੀ ਸਭ ਤੋਂ ਵੱਡੀ ਲੜਾਈ ਲੋਕ ਸਭਾ ਦੇ ਦੰਗਲ ਵਿਚ ਉਚੇ ਹੋਏ | ਜਦੋਂ ਇੱਕ ਮੁੱਖਮੰਤਰੀ ਬਣੇ ਸਾਬਕਾ ਜੱਦੀ  ਹੁਕਮਰਾਨ ਦੀ ਪਤਨੀ ਨੂੰ ਲੋਕਤੰਤਰ ਵਿਚ ਇੱਕ ਮੈਂਬਰ ਪਾਰਲੀਮੈਂਟ ਉਮੀਦਵਾਰ ਦੀ ਬਿਜਾਏ ਮਹਾਰਾਣੀ ਕਹਿ ਕੇ ਵਡਿਆਇਆ ਹੀ ਨਹੀਂ ਗਿਆ | ਸਗੋਂ ਲੋਕ ਤੰਤਰ ਵਿਚ ਵੀ ਵੋਟਰ ਨੂੰ ਸਾਮੰਤਵਾਦ ਦਾ ਗੁਲਾਮ ਬਣਾਕੇ ਪੇਸ਼ ਕੀਤਾ ਗਿਆ | ਉਮੀਦਵਾਰ ਮਹਾਰਾਣੀ ਤੇ ਸਮਾਜ ਸੇਵਕ ਵਜੋਂ ਪਰਿਭਾਸ਼ਿਤ ਹੋਈ | ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸਾਮੰਤਵਾਦ ਤੇ ਲੋਕ ਸੇਵਾ ਕਦੇ ਵੀ ਇੱਕ ਦੂਸਰੇ ਦੇ ਪੂਰਕ ਨਹੀਂ ਹੋ ਸਕਦੇ | ਖਾਸ਼ ਤੌਰ ਤੇ ਉਦੋਂ ਜਦੋਂ ਸਾਮੰਤਵਾਦੀ ਸੱਤਾਧਾਰੀ ਹੋਣ ਤੇ ਉਸ ਸੱਤਾ ਥੱਲੇ ਹਰ ਰੋਜ਼ ਸੂਬੇ ਵਿਚ ਪੰਜ ਖੁਦਕੁਸ਼ੀਆਂ ਯਕੀਨਨ ਹੁੰਦੀਆਂ ਹੋਣ , ਖੁਦਕੁਸ਼ੀਆਂ ਤੋਂ ਪੀੜਤ ਪਰਿਵਾਰਾਂ ਦੀਆਂ ਮਹਿਲਾਵਾਂ ਸਿਰ ਤੇ ਚਿੱਟੀ ਚੁੰਨੀ ਲੈ ਚੋਣ ਲੜਨ ਲਈ ਦਸ ਦਸ ਰੁਪਏ ਜ਼ਮਾਨਤ ਵਜੋਂ ਇਕੱਠੇ ਕਰ ਰਹੀਆਂ ਹੋਣ | ਪਰ ਸਾਡੇ ਉਕਤ ਉਸਤਾਦ ਪੱਤਰਕਾਰ ਦਾ ਸੋ ਕਾਲਡ ਮਹਾਰਾਣੀ ਨੂੰ ਸਮਾਜ ਸੇਵਕਾਂ ਦਾ ਖਿਤਾਬ ਦੇਣ ਦਾ ਹੋਕਾ ਉਦੋਂ ਬੇਸੁਰਾ ਹੋ ਗਿਆ | ਜਦੋਂ ਸਾਹਮਣੇ ਚੋਣ ਲੜ ਰਹੇ ਇੱਕ ਉਸ ਡਾਕਟਰ ਨੂੰ ਛੋਟਾ ਕਰਨ ਦੀ ਕੋਸ਼ਿਸ ਕੀਤੀ ਜਿਸਦੇ ਚਾਲੀ ਵਰੇ ਸਮਾਜ ਸੇਵਾ ਵਿਚ ਬੀਤੇ | ਜਿਸ ਬਾਬਤ ਲੋਕ ਨੰਗੀ ਅੱਖ ਨਾਲ ਦੇਖ ਸਕਦੇ ਸਨ ਕਿ ਡਾਕਟਰ ਧਰਮਵੀਰ ਗਾਂਧੀ ਉਹ ਹੈ ਜੋ ਨੌਕਰੀ ਛੱਡ ਕੇ ਲੁਧਿਆਣੇ ਦੇ ਫੈਕਟਰੀ ਕਾਮਿਆਂ ਵਿਚ ਕਾਮਾ ਬਣਕੇ ਵੀ ਕੰਮ ਕਰਦਾ ਰਿਹਾ | ਇਹ ਡਾਕਟਰ ਉਹ ਹੈ ,ਜਿਸ ਨਾਂ ਨੀਂਦ ਦੇਖੀ ,ਨਾਂ ਦਿਨ ਦੇਖੇ ਨਾਂ ਪਰਿਵਾਰ ਦੇਖਿਆ | ਸਗੋਂ ਮਨੁੱਖਤਾ ਦੀ ਧਾਰ ਹੇਠ ਸਿਰ ਦੇਕੇ ਅਡੋਲ ਕੰਮ ਹੀ ਨਹੀਂ ਕਰਦਾ ਰਿਹਾ | ਸਗੋਂ ਲੋਕਾਂ ਦੇ ਨਾਲ ਜਿਉਂਦਾ ਰਿਹਾ | ਇਹ ਉਹ ਸੀ ਜਦੋਂ ਐਮ ਪੀ ਬਣਿਆ ਤਾਂ ਵਿਰੋਧੀਆਂ ਕੋਲ ਨੁਕਤਾਚੀਨੀ ਦੀ ਕੋਈ ਤੰਦ ਨਹੀਂ ਹੈ ਕਿ ਜਿਸਨੂੰ ਉਹ ਫੜ ਸਕਣ | ਜਦੋਂ ਮੈਂ ਇਹ ਸ਼ਬਦ ਲਿਖ ਰਿਹਾ , ਉਸ ਸਮੇਂ ਲੋਕਾਂ ਦੇ ਦਬਾਓ ਹੇਠ ਪੰਜਾਬੀ ਦੇ ਸਿਰਮੌਰ ਬਾਬੇ ਬੋਹੜ ਪੱਤਰਕਾਰ ਦਾ ਵਿਸ਼ੇਸ਼ਣਾ ਵਾਲਾ ਵਿਊ ਪੁਆਇੰਟ ਟੀ.ਵੀ ਚੈਨਲ ਵੱਲੋਂ ਆਪਣੇ ਯੂ-ਟਿਊਬ ਚੈਨਲ ਤੋਂ ਲਾਉਣਾ ਪਿਆ ਤਾਂ ਕਿ ਸੈਕੂਲਰ ਹੋਣ ਦੀ ਸਾਖ਼ ਬਚੀ ਰਹੇ | ਕੁੱਲ ਮਿਲਾਕੇ ਅਸੀਂ ਕਹਿ ਸਕਦੇ ਹਾਂ ਕਿ '' ਘੋੜੀ ਮੀਡੀਆ '' ਦੀ ਵੀ ਪੌੜੀ ਚੜਕੇ ਵੀ ਇਹਨਾਂ ਵਿਦਵਾਨਾਂ ਨੂੰ ਉੱਪਰ ਤੋਂ ਉਹ ਪੰਜਾਬ ਦਿਖ ਜਾਵੇ, ਜਿਸਦੀ ਤ੍ਰਾਸਦੀ ਦਿਖਾਉਣ ਲਈ ਇਹਨਾਂ ਵਿਦਵਾਨਾਂ ਨੂੰ  ਕਦੇ ਆਵਾਜ਼-ਏ-ਪੰਜਾਬ ਵਰਗੇ ਵਿਸ਼ੇਸ਼ਣ ਦਿੱਤੇ ਗਏ ਸਨ | ਅੰਤ ਸੰਤ ਰਾਮ ਉਦਾਸੀ ਦੇ ਇੱਕ ਗੀਤ ਦੇ ਇੱਕ ਬੰਦ ਨਾਲ ਇਜਾਜ਼ਤ ਲੈਂਦਾ ਹਾਂ , ਇਹ ਬੰਦ ਨਹੀਂ ਅੱਜ ਦੇ ਪੰਜਾਬ ਦਾ ਹੋਕਰਾ ਹੈ | ਜਦੋਂ ਪੰਜਾਬ ਕਹਿ ਰਿਹਾ ਸਭ ਵਿਦਵਾਨਾਂ ,ਤਰਜ਼ਮਾਨਾਂ ,ਸਿਆਸਤਦਾਨਾਂ ਤੇ ਇਸ ਧਰਤੀ ਤੇ ਵੱਸਣ ਵਾਲਿਆਂ ਨੂੰ ਕਿ ਕਿਸੇ ਮੂਹਰੇ ਲੰਬੇ ਪੈਣ ਨਾਲੋਂ ਧਰਤੀ ਤੇ ਵਿਛਕੇ ਆਵਾਜ਼ ਸੁਣੋ ਤੇ ਉਹ ਆਵਾਜ਼ ਉਕਤ ਬੰਦ ਵਿਚੋਂ ਹੀ ਸੱਚ ਦੇਖ ਸਕੇਗੀ !

 ''ਲਾ ਕੇ ਕੰਨ ਸੁਣੋ ! ਧਰਤੀ 'ਚੋਂ, ਬੋਲਣ ਵੱਡ ਵਡੇਰੇ ।

ਭਾਰੇ ਬੂਟ ਲਤੜ ਕੇ ਲੰਘੇ, ਹੱਕ ਤੇਰੇ ਤੇ ਮੇਰੇ ।

ਇਸ ਮਿੱਟੀ ਵਿਚ ਪੁੰਗਿਆ ਬਰਛਾ, ਲਿਖਦਾ ਇੱਕ ਪ੍ਰਸੰਗ ਹੋ ।

ਲਹੂ ਅਸਾਡੇ ਨਾਲ ਹੈ ਮਿਲਦਾ,ਇਸ ਮਿੱਟੀ ਦਾ ਰੰਗ ਹੋ ।''