ਜਾਣੋ ਤੰਦਰੁਸਤ ਰਹਿਣ ਅਤੇ ਲੰਬਾ ਜਿਓਣ ਦਾ ਤਰੀਕਾ…

0
238

ਆਕਲੈਂਡ (16 ਜੁਲਾਈ) : ਜੇ ਤੁਸੀਂ ਲੰਬੀ ਤੰਦਰੁਸਤ ਉਮਰ ਭੋਗਣਾ ਚਾਹੁੰਦੇ ਹੋ, ਵਧੇਰੇ ਸਮਾਂ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਤੁਹਾਡੇ ਹੀ ਹੱਥ ਹੈ ਤੇ ਸੰਭਵ ਵੀ ਹੈ। 
ਅਸਲ ਵਿੱਚ ਹਰ ਇੱਕ ਜੀਵ ਬਾਇਉਇਲੈਕਟਰੀਕਲ ਪ੍ਰਾਣੀ ਹੈ। ਜਿਸ ਧਰਤੀ 'ਤੇ ਆਪਾਂ ਰਹਿ ਰਹੇ ਹਾਂ, ਇਹ ਵੀ ਇੱਕ ਇਲੈਕਟ੍ਰੀਕਲ ਪਲਾਨੈੱਟ ਹੈ। ਇੱਕ ਇਨਸਾਨ ਕਰੀਬ 3720000000000 (ਸੈਂਤੀ ਖਰਬ ਤੋਂ ਵੀ ਵੱਧ) ਸੈਲਾਂ ਦਾ ਬਣਿਆ ਹੋਇਆ ਹੈ। ਇਹ ਵੀ ਸਾਰੇ ਸੈੱਲ ਮਲਟੀਪਲ ਫਰੀਕੁਐਂਸੀਜ਼ ਛੱਡਦੇ ਹਨ। ਤਾਂ ਹੀ ਨਰਵਸ ਸਿਸਟਮ, ਮਾਸਪੇਸ਼ੀਆਂ, ਦਿਲ, ਜਿਗਰ, ਇਮਿਉਨ ਸਿਸਟਮ ਆਦਿ ਸਹੀ ਤਰਾਂ ਕੰਮ ਕਰਦੇ ਹਨ। ਕੋਈ ਸੈੱਲ ਜਿਸ ਵੀ ਅੰਗ ਦਾ ਹਿੱਸਾ ਹੁੰਦਾ ਹੈ ਉਸਨੂੰ ਉਸੇ ਅੰਗ ਮੁਤਾਬਕ ਕੰਮ ਕਰਨਾ ਪੈਂਦਾ ਹੈ। ਅਜਿਹਾ ਵਧੀਆ ਤਾਲਮੇਲ ਬਣਾਉਣ ਲਈ ਸਭ ਸੈੱਲ ਆਪਸ ਵਿੱਚ ਸੰਪਰਕ ਕਰਨ ਲਈ ਇੱਕ ਤਰਾਂ ਦੀਆਂ ਇਲੈਕਟਰੀਕਲ ਇੰਪਲਸਜ਼ ਰਾਹੀਂ ਸੰਬੰਧ ਬਣਾਉਂਦੇ ਹਨ। ਜਿਸ ਵਿਅਕਤੀ ਦੇ ਸੈੱਲਾਂ ਦਾ ਆਪਸੀ ਸੰਪਰਕ ਵਧੀਆ ਹੁੰਦਾ ਹੈ। ਜਾਂ ਜਿਸਦੇ ਸੈੱਲ ਵਧੀਆ ਤਰੀਕੇ ਨਾਲ ਅਪਣੀ ਡਿਉਟੀ ਨਿਭਾਉਂਦੇ ਹਨ ਉਹ ਵਿਅਕਤੀ ਹੀ ਲੰਬੀ ਉਮਰ ਭੋਗਦਾ ਹੈ। ਪਰ ਜੋ ਵਿਅਕਤੀ ਧਰਤੀ ਦੇ ਸੰਪਰਕ ਚ ਜ਼ਿਆਦਾ ਰਹਿੰਦਾ ਹੈ ਉਸਦੇ ਸੈੱਲ ਹੀ ਜ਼ਿਆਦਾ ਵਧੀਆ ਤਰਾਂ ਕੰਮ ਕਰਦੇ ਹਨ। 
      ਕੋਈ ਕਿੰਨੀ ਵੀ ਵਧੀਆ ਖੁਰਾਕ, ਵਰਜਿਸ਼ ਤੇ ਸਾਫ ਵਾਤਾਵਰਣ ਚ ਰਹਿ ਪਵੇ ਫਿਰ ਵੀ ਉਹਦੇ ਸੈੱਲ ਜ਼ਿਆਦਾ ਲੰਬੇ ਸਮੇਂ ਤੱਕ ਤੰਦਰੁਸਤ ਨਹੀਂ ਰਹਿੰਦੇ ਜੇ ਉਹ ਰੋਜ਼ਾਨਾ ਧਰਤੀ ਦੇ ਸਿੱਧੇ ਸੰਪਰਕ ਚ ਨਹੀਂ ਆਉਂਦਾ ਹੈ। ਧਰਤੀ ਦੇ ਸਿੱਧੇ ਸੰਪਰਕ ਚ ਆਉਣ ਨੂੰ ਗਰਾਉਂਡਿੰਗ ਅਤੇ ਅਰਥਿੰਗ ਕਹਿੰਦੇ ਹਨ।  ਨੰਗੇ ਪੈਰੀਂ ਚੱਲਣਾ, ਧਰਤੀ ਤੇ ਬਿਨਾਂ ਕੁੱਝ ਵਿਛਾਇਆਂ ਬੈਠਣਾ, ਲੇਟਣਾ, ਸੌਣਾ, ਲੰਗਰ ਛਕਣਾ, ਕਿਚਨ ਗਾਰਡਨ ਚ ਕੁੱਝ ਦੇਰ ਬਿਤਾਉਣਾ ਜਾਂ ਖੇਤੀ ਕਰਨਾ, ਮਜ਼ਦੂਰੀ ਕਰਨਾ ਆਦਿ ਧਰਤੀ ਦੇ ਸਿੱਧੇ ਸੰਪਰਕ ਚ ਆਉਣਾ ਭਾਵ ਗਰਾਉਂਡਿੰਗ ਦਾ ਲਾਭ ਲੈਣਾ ਹੈ। ਇਉਂ ਹਰ ਬਾਰਾਂ ਕੁ ਘੰਟੇ ਬਾਅਦ ਹਰ ਵਿਅਕਤੀ ਨੂੰ ਘੱਟੋ-ਘੱਟ ਅੱਧੇ ਘੰਟੇ ਲਈ ਧਰਤੀ ਦੇ ਸਿੱਧੇ ਸੰਪਰਕ ਚ ਜ਼ਰੂਰ ਆਉਣਾ ਚਾਹੀਦਾ ਹੈ। ਵੈਸੇ ਧਰਤੀ ਦੇ ਸੰਪਰਕ ਵਿੱਚ ਵਧੇਰੇ ਰਹਿਣ ਵਾਲਾ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ ਤੇ ਵਧੇਰੇ ਤਾਕਤਵਰ ਹੁੰਦਾ ਹੈ। ਅਜਿਹੇ ਵਿਅਕਤੀ ਨੂੰ ਹਰ ਖੁਰਾਕ ਹਜ਼ਮ ਹੁੰਦੀ ਹੈ ਤੇ ਹਰ ਤਰਾਂ ਦਾ ਵਾਤਾਵਰਣ ਵੀ ਫਿੱਟ ਬੈਠ ਜਾਂਦਾ ਹੈ। ਕਿਉਂਕਿ ਉਹਦੇ ਸੈੱਲ ਜ਼ਿਆਦਾ ਚਾਰਜਿਡ ਹੁੰਦੇ ਹਨ। ਉਂਜ ਇਹਨਾਂ ਸੈਲਾਂ ਦੀ ਤੰਦਰੁਸਤੀ ਵਾਸਤੇ ਖੁੱਲ੍ਹੇ ਵਾਤਾਵਰਣ ਚ ਵੱਧ ਤੋਂ ਵੱਧ ਰਹਿਣਾ, ਧੁੱਪੇ ਵੀ ਰੋਜ਼ਾਨਾ ਨਿਕਲਣਾ, ਧਰਤੀ ਹੇਠਲਾ ਪਾਣੀ ਪੀਣਾ, ਧਰਤੀ ਚ ਉੱਗੀਆਂ ਵਸਤਾਂ ਜ਼ਿਆਦਾ ਵਰਤਣਾ ਲੇਕਿਨ ਬਾਜ਼ਾਰੂ ਚੀਜ਼ਾਂ ਘੱਟ ਤੋਂ ਘੱਟ ਵਰਤਣਾ ਜ਼ਰੂਰੀ ਹੁੰਦਾ ਹੈ। ਸੁੱਚਮ, ਸਫਾਈ ਰੱਖਣੀ ਵੀ ਜ਼ਰੂਰੀ ਹੁੰਦੀ ਹੈ ਤਾਂ ਕਿ ਇਨਫੈਕਸ਼ਨਜ਼ ਨਾਂ ਹੋਣ ਜਾਂ ਘੱਟ ਤੋਂ ਘੱਟ ਹੋਣ। ਪ੍ਰੰਤੂ ਇਹਨਾਂ ਸਭ ਤੋਂ ਜ਼ਰੂਰੀ ਧਰਤੀ ਨਾਲ ਵੱਧ ਤੋਂ ਵੱਧ ਸਪੱਰਸ਼ ਜ਼ਰੂਰੀ ਹੁੰਦਾ ਹੈ। ਕਿਉਂਕਿ ਹਰ ਜੀਵ ਧਰਤੀ ਦੀ ਕੁਦਰਤੀ ਇਲੈਕਟ੍ਰਿਕ ਐਨੱਰਜੀ ਨਾਲ ਹੀ ਜੀਵਤ ਹੈ। ਜੀਵਨ ਵੀ ਇਕ ਤਰ੍ਹਾਂ ਦੀ ਇਲੈਟ੍ਰਿਕ ਐਨੱਰਜੀ ਹੈ।  
           ਜਿਹੜੇ ਲੋਕ ਜ਼ਿਆਦਾ ਨੰਗੇ ਪੈਰੀਂ ਰਹਿੰਦੇ ਹਨ, ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹਨ ਜਾਂ ਭੁੰਜੇ ਬੈਠਕੇ ਖਾਣਾ ਖਾਂਦੇ, ਸੌਂਦੇ ਹਨ ਉਹਨਾਂ ਨੂੰ ਇਨਫੈਕਸ਼ਨਜ਼ ਵੀ ਘੱਟ ਹੁੰਦੀਆਂ ਹਨ ਤੇ ਜੇ ਇਨਫੈਕਸ਼ਨਜ਼ ਹੋ ਵੀ ਜਾਣ ਤਾਂ ਬਗੈਰ ਦਵਾਈਆਂ ਜਾਂ ਬਹੁਤ ਘੱਟ ਦਵਾਈ ਨਾਲ ਹੀ ਜਲਦੀ ਠੀਕ ਵੀ ਹੋ ਜਾਂਦੇ ਹਨ। ਇਸਦੀ ਉਦਾਹਰਣ ਭਿਖਾਰੀ ਤੇ ਝੁੱਗੀ ਝੌਂਪੜੀ ਵਾਲੇ ਹਨ। ਇਹਨਾਂ ਨੂੰ ਬਹੁਤ ਘੱਟ ਇਨਫੈਕਸ਼ਨਜ਼ ਹੁੰਦੀਆਂ ਹਨ। ਇਸਦੇ ਉਲਟ ਜੋ ਲੋਕ ਬਹੁਤ ਘੱਟ ਪੈਦਲ ਚਲਦੇ ਹਨ, ਨੰਗੇ ਪੈਰੀਂ ਕਦੇ ਵੀ ਨਹੀਂ ਰਹਿੰਦੇ, ਹਰ ਵੇਲੇ ਸੂਟਿਡ ਬੂਟਿਡ ਰਹਿੰਦੇ ਹਨ, ਬਹੁਤਾ ਸਮਾਂ ਕਾਰਾਂ ਜੀਪਾਂ ਚ ਰਹਿੰਦੇ ਹਨ, ਕਦੇ ਵੀ ਥੱਲੇ ਬੈਠਕੇ ਖਾਣਾ ਨਹੀਂ ਖਾਂਦੇ ਹਨ, ਉਹਨਾਂ ਨੂੰ ਇਨਫੈਕਸ਼ਨਜ਼ ਵੀ ਵਧੇਰੇ ਹੁੰਦੀਆਂ ਹਨ ਤੇ ਉਹਨਾਂ ਦੀ ਸਾਧਾਰਨ ਬੀਮਾਰੀ ਵੀ ਵਿਗੜ ਕੇ ਲਾ ਇਲਾਜ ਹੋ ਜਾਂਦੀ ਹੈ। ਇਸੇ ਲਈ ਬਹੁਤੇ ਅਮੀਰ ਲੋਕ ਦਵਾਈਆਂ ਹੀ ਖਾਂਦੇ ਰਹਿੰਦੇ ਹਨ। ਹਸਪਤਾਲ ਤੇ ਡਾਇਲਸਿਸ ਸੈਂਟਰ ਵਿੱਚ ਵੀ ਅਮੀਰ ਹੀ ਜ਼ਿਆਦਾ ਹੁੰਦੇ ਹਨ। ਕਿਉਂਕਿ ਉਹ ਧਰਤੀ ਦੇ ਇਲੈਕਟਰੀਕਲ ਕੌਨਟੈਕਟ ਵਿੱਚ ਨਹੀਂ ਰਹਿੰਦੇ। ਪਲਾਸਟਿਕ ਜਾਂ ਰਬੜ ਦੀਆਂ ਚੱਪਲਾਂ, ਬੂਟ, ਸੈਂਡਲ ਆਦਿ ਪਹਿਨਣ ਵਾਲੇ ਲੋਕ ਵੀ ਧਰਤੀ ਦੀ ਐਨੱਰਜੀ ਤੋਂ ਵੰਚਿਤ ਹੋਣ ਕਾਰਨ ਜ਼ਿਆਦਾ ਜਲਦੀ ਰੋਗੀ ਹੁੰਦੇ ਹਨ ਤੇ ਲੰਬੀ ਉਮਰ ਵਾਲੇ ਨਹੀਂ ਹੁੰਦੇ। ਇਸੇ ਤਰ੍ਹਾਂ ਜਿਹਨਾਂ ਘਰਾਂ ਵਿੱਚ ਪੱਥਰ, ਸੰਗਮਰਮਰ, ਲੱਕੜ ਜਾਂ ਪੱਕੀਆਂ ਇੱਟਾਂ, ਸੀਮਿੰਟ, ਬੱਜਰੀ ਆਦਿ ਦੀਆਂ ਹੀ ਫਰਸ਼ਾਂ ਹੁੰਦੀਆਂ ਹਨ, ਉਹ ਵੀ ਬਹੁਤਾ ਤੰਦਰੁਸਤ ਨਹੀਂ ਹੁੰਦੇ। ਕਿਉਂਕਿ ਇਹ ਸਭ ਤਰਾਂ ਦੀਆਂ ਫਰਸ਼ਾਂ ਸੋਹਣੀਆਂ ਤਾਂ ਬਹੁਤ ਹਨ ਪਰ ਸਿਹਤਵਰਧਕ ਨਹੀਂ ਹਨ। ਇਸੇ ਕਰਕੇ ਪੱਕੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਵੇਰੇ ਆਲਸ ਚੜਿਆ ਹੁੰਦਾ ਹੈ ਜਦੋਂ ਕਿ ਕੱਚੇ ਘਰਾਂ ਵਿੱਚ ਰਹਿਣ ਵਾਲੇ ਤੇ ਭੁੰਜੇ ਸੌਣ ਵਾਲੇ ਲੋਕ ਬਹੁਤ ਜਲਦੀ ਜਾਗ ਜਾਂਦੇ ਹਨ। ਉਹਨਾਂ ਦੇ ਬੱਚੇ ਵੀ ਬਹੁਤ ਸਵੇਰੇ ਹੀ ਬਿਨਾਂ ਜਗਾਇਆਂ ਉੱਠ ਜਾਂਦੇ ਹਨ ਜਦੋਂ ਕਿ ਅਮੀਰਾਂ ਦੇ ਬੱਚਿਆਂ ਨੂੰ ਵਾਰ ਵਾਰ ਕਹਿ ਕੇ ਜਗਾਉਣਾ ਪੈਂਦਾ ਹੈ। 
     ਪੱਕੀਆਂ ਫਰਸ਼ਾਂ ਤੇ ਰਹਿਣ ਵਾਲਿਆਂ ਨੂੰ ਬਹੁਤ ਤਰਾਂ ਦੀਆਂ ਤਕਲੀਫਾਂ ਬਣੀਆਂ ਹੀ ਰਹਿੰਦੀਆਂ ਹਨ। ਜਦੋਂ ਕਿ ਨੰਗੇ ਪੈਰੀਂ ਵਧੇਰੇ ਰਹਿਣ ਵਾਲੇ ਵਿਅਕਤੀਆਂ ਨੂੰ ਛੋਟੇ ਮੋਟੇ ਰੋਗ ਤਾਂ ਹੁੰਦੇ ਹੀ ਨਹੀਂ ਤੇ ਖਤਰਨਾਕ ਰੋਗਾਂ ਤੋਂ ਵੀ ਬਚੇ ਰਹਿੰਦੇ ਹਨ। ਉਹਨਾਂ ਦੇ ਵਾਲ ਜਲਦੀ ਸਫੈਦ ਨਹੀਂ ਹੁੰਦੇ, ਉਹਨਾਂ ਦੇ ਦੰਦ ਜਾੜਾਂ ਖਰਾਬ ਬਹੁਤ ਘੱਟ ਹੁੰਦੇ ਹਨ, ਉਹਨਾਂ ਦੀ ਨਜ਼ਰ ਨਹੀਂ ਘਟਦੀ, ਉਹ ਜ਼ਿਆਦਾ ਸਮਾਂ ਜੁਆਨ ਰਹਿੰਦੇ ਹਨ। ਉਨ੍ਹਾਂ ਦਾ ਹਾਜ਼ਮਾ, ਨੀੰਦ, ਭੁੱਖ, ਪਿਆਸ ਆਦਿ ਵਧੀਆ ਰਹਿੰਦੇ ਹਨ। ਇਸੇ ਕਾਰਨ ਪੱਕੇ ਘਰਾਂ, ਬੰਗਲਿਆਂ, ਕੋਠੀਆਂ, ਫਲੈਟਾਂ ਚ ਰਹਿਣ ਵਾਲੇ ਵਧੀਆ ਖਾਣ ਪੀਣ ਵਾਲੇ ਅਮੀਰਾਂ ਨਾਲੋਂ ਕੱਚੀਆਂ ਝੌਂਪੜੀਆਂ ਜਾਂ ਫੁੱਟਪਾਥਾਂ ਤੇ ਰਹਿਣ ਵਾਲਿਆਂ ਦੀ ਉਮਰ ਵੀ ਲੰਬੀ ਹੁੰਦੀ ਹੈ, ਹਾਜ਼ਮਾ ਵੀ ਵਧੀਆ ਹੁੰਦਾ ਹੈ ਤੇ ਕਿਸੇ ਵੀ ਬੀਮਾਰੀ ਕਾਰਨ ਉਨ੍ਹਾਂ ਦੀ ਸਿਹਤ ਜਲਦੀ ਨਹੀਂ ਵਿਗੜਦੀ। ਕਿਉਂਕਿ ਉਹਨਾਂ ਦੇ ਸੈੱਲ ਧਰਤੀ ਤੋਂ ਜ਼ਿਆਦਾ ਐਨੱਰਜੀ ਲੈਂਦੇ ਰਹਿੰਦੇ ਹਨ। ਨਤੀਜੇ ਵਜੋਂ ਉਹਨਾਂ ਦੇ ਸੈੱਲਾਂ ਦਾ ਲਾਈਫ ਸਪੈਨ ਲੰਬਾ ਹੋ ਜਾਂਦਾ ਹੈ। ਸੈੱਲ ਜ਼ਿਆਦਾ ਚੁਸਤ ਦਰੁਸਤ ਹੋਣ ਕਾਰਨ ਉਹਨਾਂ ਦੇ ਜੀਨਜ਼, ਹਾਰਮੋਨਜ਼ ਤੇ ਐਂਜ਼ਾਇਮਜ਼ ਵਧੀਆ ਕੁਆਲਿਟੀ ਦੇ ਬਣੇ ਰਹਿੰਦੇ ਹਨ। 
ਧਰਤੀ ਦੇ ਜ਼ਿਆਦਾ ਸੰਪਰਕ ਚ ਰਹਿਣ ਵਾਲੇ ਲੋਕ ਜ਼ਿਆਦਾ ਤਾਕਤਵਰ ਹੁੰਦੇ ਹਨ, ਜ਼ਿਆਦਾ ਚਿਰ ਜਵਾਨ ਰਹਿੰਦੇ ਹਨ ਤੇ ਉਮਰ ਵੀ ਲੰਬੀ ਭੋਗਦੇ ਹਨ। ਇਉਂ ਉਹ ਸਾਰੀ ਉਮਰ ਜ਼ਿੰਦਗੀ ਦੇ ਸਭ ਰੰਗਾਂ ਨੂੰ ਬਹੁਤ ਹੀ ਵਧੀਆ ਤਰਾਂ ਮਾਣਦੇ ਹਨ। ਕਾਫੀ ਲਾਪ੍ਰਵਾਹੀਆਂ, ਬੇ ਪ੍ਰਹੇਜ਼ੀਆਂ ਵੀ ਉਹਨਾਂ ਨੂੰ ਰਾਸ ਆ ਜਾਂਦੀਆਂ ਹਨ। ਉਹ ਸਲਾਦ, ਫਲ, ਡਰਾਈ ਫਰੂਟਸ, ਦੁੱਧ ਦਹੀਂ ਵੀ ਬਹੁਤ ਘੱਟ ਵਰਤਦੇ ਹਨ ਲੇਕਿਨ ਫਿਰ ਵੀ ਉਹਨਾਂ ਦੇ ਵਾਲ, ਅੱਖਾਂ, ਚਮੜੀ, ਦੰਦ ਜ਼ਿਆਦਾ ਸਮਾਂ ਤੰਦਰੁਸਤ ਰਹਿੰਦੇ ਹਨ।  
           ਇਸਦੇ ਉਲਟ ਸਿਰਫ ਧਰਤੀ ਦੇ ਸਿੱਧਾ ਸੰਪਰਕ ਚ ਨਾਂ ਰਹਿਣ ਵਾਲੇ ਲੋਕਾਂ ਨੂੰ ਵਧੀਆ ਖੁਰਾਕਾਂ ਖਾਣ ਦੇ ਬਾਵਜੂਦ, ਫੁੱਲ ਪ੍ਰਹੇਜ਼ ਰੱਖਣ ਅਤੇ ਸਫਾਈ ਸੁੱਚਮ ਰੱਖਣ ਦੇ ਬਾਵਜੂਦ ਵੀ ਖਤਰਨਾਕ ਰੋਗ ਬਹੁਤ ਜਲਦੀ ਘੇਰਦੇ ਹਨ। ਉਹਨਾਂ ਦੀ ਜਵਾਨੀ ਚ ਵੀ ਉਨਾ ਜੋਸ਼ ਨਹੀਂ ਹੁੰਦਾ ਤੇ ਬੁਢਾਪਾ ਵੀ ਬਹੁਤ ਤਕਲੀਫ ਦੇਹ ਹੁੰਦਾ ਹੈ। ਇਸੇ ਤਰ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨਾਲੋਂ ਪਿੰਡਾਂ ਵਾਲੇ ਵਧੇਰੇ ਤੰਦਰੁਸਤ ਤੇ ਤਾਕਤਵਰ ਹੁੰਦੇ ਹਨ, ਜਦੋਂ ਕਿ ਪਿੰਡਾਂ ਵਾਲਿਆਂ ਨਾਲੋਂ ਜੰਗਲਾਂ ਚ ਰਹਿਣ ਵਾਲੇ ਵਧੇਰੇ ਸਿਹਤਮੰਦ ਹੁੰਦੇ ਹਨ। 
   ਇਵੇਂ ਹੀ ਕੁਦਰਤੀ ਜੀਵਨ ਜਾਪਣ ਵੀ ਵਿਅਕਤੀ ਦੀ ਉਮਰ ਲੰਬੀ ਕਰਦਾ ਹੈ। ਜਿਵੇਂ ਕਿ ਚੁੱਲੇ ਦੀ ਬਿਜਾਇ ਤੰਦੂਰ ਦੀ ਰੋਟੀ ਸਿਹਤਵਰਧਕ ਹੁੰਦੀ ਹੈ। ਕੜਾਹੀ ਦੀ ਬਿਜਾਇ ਕੁੱਜੇ ਦੀ ਸਬਜ਼ੀ, ਕੁੱਕਰ ਦੇ ਬਿਜਾਇ ਤੌੜੀ ਦੀ ਦਾਲ, ਪਤੀਲੇ ਦੀ ਬਿਜਾਇ ਕਾਹੜਨੀ ਦਾ ਦੁੱਧ, ਕਿਸੇ ਪਿੱਤਲ, ਸਟੀਲ ਆਦਿ ਧਾਤੂ ਦੇ ਬਰਤਨ ਦੇ ਬਿਜਾਇ ਮਿੱਟੀ ਦੀ ਬਠਲੀ ਚ ਦਹੀਂ ਜਮਾਉਣਾ ਵੀ ਫਾਇਦੇਮੰਦ ਹਨ। ਇਵੇਂ ਹੀ ਗਰਾਈਂਡਰ ਵਿੱਚ ਬਣਾਈ ਚਟਣੀ ਨਾਲੋੰ ਕੂੰਡੇ ਦੀ ਚਟਣੀ ਵੀ ਵਧੇਰੇ ਪੌਸ਼ਟਿਕ ਤੇ ਸੁਆਦੀ ਹੁੰਦੀ ਹੈ। 
         ਤੁਸੀਂ ਵੀ ਜੇ ਜ਼ਿਆਦਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਲੰਬੀ ਉਮਰ ਭੋਗਣੀ ਚਾਹੁੰਦੇ ਹੋ ਤਾਂ ਕੁਦਰਤੀ ਸਾਦਾ ਜੀਵਨ ਜਿਉਣ ਦੀ ਕੋਸ਼ਿਸ਼ ਕਰੋ |