ਨਿਊਜ਼ੀਲੈਂਡ ਦੇ ਬਠਿੰਡੇ ਵਾਲੇ ‘ਬਾਈ’ ਬਾਗੋ-ਬਾਗ…

0
223

 

ਆਕਲੈਂਡ (1 ਜੁਲਾਈ) : ( ਐਨਜ਼ੈੱਡ ਪੰਜਾਬੀ ਨਿਊਜ ਬਿਊਰੋ) 
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨੂੰ ਸਫ਼ਾਈ ਸਰਵੇਖਣ ਚੋਂਂ ਸੂਬੇ ਵਿੱਚੋਂ ਪਹਿਲੀ ਥਾਂ ਮਿਲਣ 'ਤੇ ਨਿਊਜ਼ੀਲੈਂਡ 'ਚ ਵਸਦੇ ਬਠਿੰਡੇ ਵਾਲੇ 'ਬਾਈ' ਵੀ ਬਾਗੋ-ਬਾਗ ਹੋ ਗਏ ਹਨ। ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਇਸ ਸਰਵੇਖਣ 'ਚ ਸ਼ਾਮਲ ਕੀਤੇ ਗਏ ਕੁੱਲ 4 ਹਜ਼ਾਰ ਸ਼ਹਿਰਾਂ  'ਚੋਂ ਵੀ 104ਵਾਂ ਥਾਂ ਪ੍ਰਾਪਤ ਕੀਤਾ ਸੀ। ਦੂਜਾ ਥਾਂ ਮੁਹਾਲੀ ਨੂੰ ਮਿਲਿਆ ਹੈ ਜਦੋਂ ਕਿ ਪਿਛਲੇ ਸਾਲ ਪਹਿਲੀ ਥਾਂ ਮਿਲੀ ਸੀ। 
ਖ਼ਬਰ ਨਸ਼ਰ ਹੋਣ ਪਿੱਛੋਂ ਆਕਲੈਂਡ ਦੇ ਸਬਅਰਬ ਮੈਨੁਰੇਵਾ 'ਚ ਰਹਿਣ ਵਾਲੇ ਬਠਿੰਡਾ ਦੇ ਪਿੰਡ ਨੰਦਗੜ੍ਹ ਕੋਟੜਾ ਦੇ ਮਨਦੀਪ ਸਿੰਘ ਮਾਨ, ਝੰਡੂਕੇ ਦੇ ਸੁਖਦੀਪ ਸਿੰਘ, ਭਗਤਾ ਭਾਈਕਾ ਦੇ ਅਰਸ਼ਦੀਪ ਸਿੰਘ, ਪੂਹਲੀ ਦੇ ਮਨਪ੍ਰੀਤ ਸਿੰਘ ਤੇ ਜਗਮੀਤ ਸਿੰਘ ਤੋਂ ਇਲਾਵਾ ਬਠਿੰਡਾ ਸ਼ਹਿਰ ਦੇ ਵਾਸੀ ਰੋਮੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਨਵੇਂ ਸਰਵੇਖਣ ਨਾਲ ਸਮੁੱਚੇ ਬਠਿੰਡਾ ਵਾਸੀਆਂ ਨੂੰ ਮਾਣ ਮਹਿਸੂਸ ਹੋਇਆ ਹੈ। ਵਿਦਿਆਰਥੀ ਵੀਜ਼ੇ 'ਤੇ ਪਿਛਲੇ ਸਾਲਾਂ ਦੌਰਾਨ ਪੜ੍ਹਾਈ ਕਰਨ ਵਾਲੇ ਇਹ ਨੌਜਵਾਨ ਅੱਜਕੱਲ੍ਹ ਵੱਖੋ-ਵੱਖ ਕਿੱਤਿਆਂ 'ਚ ਲੱਗ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਵਿਦੇਸ਼ 'ਚ ਰਹਿ ਕੇ ਆਪਣੇ ਚੰਗੇ ਕਾਰਜਾਂ ਨਾਲ ਆਪਣੇ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਚਮਕਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਨਾਲ ਜੁੜੀਆਂ ਘਟਨਾਵਾਂ ਬਹੁਤ ਦੁਖਾਦਾਈ ਹਨ ਅਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਬੇਗਾਨੇ ਮੁਲਕ 'ਚ ਪੜ੍ਹਾਈ ਦੇ ਨਾਲ-ਨਾਲ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਦਾ ਵੀ ਖਾਸ ਖਿਆਲ ਰੱਖਣ।