ਪ੍ਰੇਮੀ ਨਾਲ ਮਿਲ ਕੇ ਕਬੱਡੀ ਖਿਡਾਰੀ ਦੀ ਮਾਂ ਨੇ ਲਈ ਦਾਦੇ ਪੌਤੇ ਦੀ ਜਾਨ…

0
148

ਅਾਕਲੈਂਡ (25 ਅਗਸਤ) : 17 ਸਾਲਾ ਕਬੱਡੀ ਖਿਡਾਰੀ ਸੁਖਵੀਰ ਸਿੰਘ ਉਰਫ਼ ਸੁੱਖੀ ਦੀ ਮੌਤ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਇਹ ਕਤਲ ਕਬੱਡੀ ਖਿਡਾਰੀ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ਼ ਮਿਲ ਕੇ ਕੀਤਾ ਹੈ। ਮੁਲਜ਼ਮਾਂ ਨੇ ਉਸ ਨੂੰ ਜਬਰੀ ਜ਼ਹਿਰ ਪਿਲਾ ਕੇ ਮਾਰਨ ਮਗਰੋਂ ਮਾਮਲੇ ਨੂੰ ਖੁਦਕੁਸ਼ੀ ਦੀ ਰੰਗਤ ਦੇਣ ਲਈ ਲਾਸ਼ ਘਰ ਦੇ ਬਾਹਰ ਗੇਟ ਨੇੜੇ ਰੱਖ ਦਿੱਤੀ ਸੀ। ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਤਿੰਨ ਸਾਲ ਪਹਿਲਾਂ ਕਬੱਡੀ ਖਿਡਾਰੀ ਦੇ ਦਾਦੇ (ਮੁਲਜ਼ਮ ਔਰਤ ਦੇ ਸਹੁਰੇ) ਦੀ ਵੀ ਹੱਤਿਆ ਕੀਤੀ ਸੀ।
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਨਰਿੰਦਰ ਕੌਰ ਅਤੇ ਸਿਮਰਦੀਪ ਸਿੰਘ ਡੋਗਰ ਵਾਸੀਆਨ ਛੀਟਾਂਵਾਲਾ ਸ਼ਾਮਲ ਹਨ। 
ਜਾਣਕਾਰੀ ਅਨੁਸਾਰ ਵੀਹ 20 ਅਗਸਤ ਦੀ ਸਵੇਰ ਨੂੰ ਸੁਖਵੀਰ ਦੀ ਲਾਸ਼ ਘਰ ਦੇ ਗੇਟ ਅੱਗੇ ਪਈ ਮਿਲੀ ਸੀ। ਮਾਂ ਉਸ ਨੂੰ ਨਸ਼ੇ ਦਾ ਆਦੀ ਦੱਸਦੀ ਸੀ, ਪਰ ਸੰਗੀ ਸਾਥੀਆਂ ਦਾ ਕਹਿਣਾ ਸੀ ਕਿ ਉਸ ਨੇ ਕਦੇ ਨਸ਼ਾ ਨਹੀਂ ਕੀਤਾ।
ਐੱਸਐੱਸਪੀ ਦਾ ਕਹਿਣਾ ਸੀ ਕਿ ਤਕਨੀਕੀ ਆਧਾਰ ’ਤੇ ਕੀਤੀ ਜਾਂਚ ਦੌਰਾਨ ਇਹ ਮਾਮਲਾ ਸੁਲਝਿਆ ਹੈ। ਅਸਲ ’ਚ ਨਰਿੰਦਰ ਕੌਰ ਉਸੇ ਰਾਤ ਸਵਾ ਦੋ ਵਜੇ ਸੁਖਵੀਰ ਦੇ ਫੋਨ ਤੋਂ ਡੋਗਰ ਨੂੰ ਫੋਨ ਵੀ ਕਰ ਬੈਠੀ। ਉਹ ਜਾਣਨਾ ਚਾਹੁੰਦੀ ਸੀ ਕਿ ਉਸ ਨੂੰ ਜਾਂਦੇ ਸਮੇਂ ਕਿਸੇ ਨੇ ਦੇਖਿਆ ਤਾਂ ਨਹੀਂ। 
ਪੁੱਛਗਿੱਛ ਦੌਰਾਨ ਮੁਲਜ਼ਮ ਔਰਤ ਨੇ ਮੰਨਿਆ ਕਿ ਉਨ੍ਹਾਂ ਸੁੱਖੀ ਨੂੰ ਜਬਰੀ ਸਪਰੇਅ ਪਿਲਾ ਕੇ ਮਾਰਿਆ ਸੀ। ਨਰਿੰਦਰ ਕੌਰ ਨੇ ਜੂਨ 2015 ਵਿੱਚ ਡੋਗਰ ਦੀ ਮਦਦ ਨਾਲ਼ ਆਪਣੇ ਸਹੁਰੇ ਜਗਦੇਵ ਸਿੰਘ ਦਾ ਕਤਲ ਕਰਨ ਦੀ ਗੱਲ ਵੀ ਕਬੂਲੀ। ਉਸ ਨੂੰ ਰਾਤ ਨੂੰ ਸੁੱਤੇ ਪਿਆਂ, ਸਿਰਹਾਣੇ ਨਾਲ ਸਾਹ ਬੰਦ ਕਰਕੇ ਮਾਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਨਰਿੰਦਰ ਕੌਰ ਦੇ ਪਤੀ ਦੀ 2010 ’ਚ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਫਿਰ ਉਸ ਦੇ ਮੋਬਾਈਲ ਫੋਨ ਦੀ ਦੁਕਾਨ ਕਰਦੇ ਡੋਗਰ ਨਾਲ ਪ੍ਰੇਮ ਸਬੰਧ ਬਣ ਗਏ।