ਮਸਲਾ ਇੱਕ ਦਰਸ਼ਨੀ ਡਿਉੜੀ ਦਾ ਨਹੀਂ ਹੈ ? 

0
119

ਤਰਨਦੀਪ ਬਿਲਾਸਪੁਰ (ਨਿਊਜ਼ੀਲੈਂਡ )

ਇਤਿਹਾਸ ਇੱਕ ਸ਼ਬਦ ਮਾਤਰ ਨਹੀਂ ਇਹ ਆਉਣ ਵਾਲੇ ਕੱਲ ਦੀ ਤਸਵੀਰਕਾਰੀ ਕਰਦਾ ਤਲਿਸਮੀ ਯੰਤਰ ਹੈ | ਦੁਨੀਆਂ ਵਿਚ ਵੱਸਦੀਆਂ ਤਮਾਮ ਕੌਮੀਅਤਾਂ ਇਤਿਹਾਸ ਦੀ ਸਹਾਇਤਾ ਨਾਲ ਹੀ ਆਪਣੇ ਨਕਸ਼ ਘੜਦੀਆਂ ਹਨ | ਇਸੇ ਕਰਕੇ ਦੁਨੀਆਂ ਤੇ ਰਾਜ ਕਰ ਚੁੱਕੀਆਂ ਸਿਰਮੌਰ ਕੌਮਾਂ ਨੇ ਆਪਣੀਆਂ ਵਿਰੋਧੀ ਕੌਮਾਂ ਦੇ ਇਤਿਹਾਸ ਨੂੰ ਆਪਣੇ ਨਿਸ਼ਾਨੇ ਤੇ ਇਸੇ ਕਰਕੇ ਸਭ ਤੋਂ ਪਹਿਲਾ ਲਿਆਂਦਾ | ਇਤਿਹਾਸ ਨਸ਼ਟ ਕਰਵਾਇਆ ਗਿਆ ਤੇ ਫਿਰ ਰਾਜ ਕਰਦਿਆਂ ਕੌਮਾਂ ਵਲੋਂ ਆਪਣੇ ਇਤਿਹਾਸਕਾਰਾਂ ਦੀ ਮੱਦਦ ਨਾਲ ਆਪਣੇ ਇਤਿਹਾਸ ਨੂੰ ਸਬੰਧਿਤ ਕੌਮਾਂ ਵਿਚ ਰਲਗੱਡ ਕੀਤਾ | 
ਅੱਜ ਸਮੁਚੇ ਸੰਸਾਰ ਵਿਚ ਹਰ ਕੌਮ ਹਰ ਖਿੱਤੇ ਦੇ ਸੂਝਵਾਨ ਇਤਿਹਾਸਕਾਰ ਆਪਣੇ ਮੁੜ ਪੜਚੋਲਣ ਵਿਚੋਂ ਗੁਜ਼ਰ ਰਹੇ ਹਨ | ਜਿਸਦੇ ਸਿੱਟੇ ਉਹਨਾਂ ਨੂੰ ਸਥਾਪਤੀ ਦੁਬਾਰਾ ਨਿਰਧਾਰਿਤ ਚੀਜ਼ਾਂ ਨੂੰ ਮੁੜ ਪ੍ਰਭਾਸ਼ਿਤ ਕਰਦਿਆਂ ਇੱਕ ਕਿਸਮ ਦੇ ਰੋਹ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ | ਆਮ ਤੌਰ ਤੇ ਇਹ ਰੋਹ ਧਰਮ ਰਾਹੀਂ ਸਾਡੇ ਸਮਨੁਖ ਪੇਸ਼ ਹੁੰਦਾ ਹੈ | ਪਰ ਇਸ ਦੌਰ ਵਿਚ ਰਾਜ ਕਰ ਚੁੱਕੀਆਂ ਕੌਮਾਂ ਦੇ ਜਦੋਂ ਅਸੀਂ ਇਤਿਹਾਸ ਨੂੰ ਫਿਰੋਲਦੇ ਹਾਂ ਤਾਂ ਉਹਨਾਂ ਦੀ ਆਪਣੇ ਇਤਿਹਾਸ ਨੂੰ ਆਪਣੇ ਦਸਤਾਵੇਜ਼ਾਂ ਤੇ ਇਮਾਰਤਾਂ ਰਾਹੀਂ ਸਾਂਭਣ ਪ੍ਰਤੀ ਦਿਲਚਸਪੀ ਨੂੰ ਦੇਖਣਾ ਹੋਵੇਗਾ | 
ਅੱਜ ਸੰਸਾਰ ਦੀਆਂ ਨੱਬੇ ਫ਼ੀਸਦ ਪੁਰਾਣੀਆਂ ਸਾਂਭੀਆਂ ਹੋਈਆਂ ਇਮਾਰਤਾਂ ਦਾ ਯੂਰਪ ਵਿਚ ਹੋਣਾ ਇਸੇ ਦਾ ਪ੍ਰਤੀਕ ਹੈ | ਅਸੀਂ ਜਾਣਦੇ ਹਾਂ ਕਿ ਪੁਰਾਤਨ ਗ੍ਰੀਕ ਸੱਭਿਅਤਾ ਨਾਲੋਂ ਵੀ ਪੁਰਾਤਨ ਹੋਰ ਸੱਭਿਆਤਾਵਾਂ ਇਸ ਸੰਸਾਰ ਵਿਚ ਹਨ | ਪਰ ਸਮੁੱਚੇ ਸੰਸਾਰ ਦੇ ਸੱਭਿਅਤਾ ਅਧਾਰਿਤ ਬਿੰਬ ਸਰੋਤਾਂ ਦੇ ਪੱਖ ਤੋਂ ਯੂਰਪ ਵਿਚੋਂ ਹੀ ਸਾਡੇ ਸਨਮੁਖ ਹੋਣ ਲੱਗ ਪਏ ਹਨ | ਉਹ ਚਾਹੇ ਮਾਲਟਾ ਦਾ ਮੇਗਾਲਿਥਿਕ ਪੁਰਾਤਨ ਮੰਦਰ ਹੋਵੇ ਜੋ 3000 ਬੀ.ਸੀ ਪੂਰਵ 'ਚ ਸਥਾਪਿਤ ਹੋਣ ਦੇ ਬਾਵਜੂਦ ਵੀ ਉਵੇਂ ਹੀ ਖੜਾ ਆਪਣੇ ਇਤਿਹਾਸ ਦੇ ਅਵਸ਼ੇਸ਼ ਸਾਡੇ ਸਨਮੁਖ ਕਰ ਰਿਹਾ ਹੈ | ਮੰਨਿਆ ਜਾਂਦਾ ਹੈ ਕਿ ਉਕਤ ਮੰਦਰ ਨੂੰ ਸੁਰੱਖਿਅਤ ਰੱਖਣ ਦਾ ਕੰਮ ਉਸ ਵੇਲੇ ਤੋਂ ਚੱਲ ਰਿਹਾ ਜਦੋਂ ਯੂਰਪੀਅਨ ਲੋਕਾਂ ਨੇ ਸੰਸਾਰ ਵੱਲ ਆਪਣਾ ਅਜੇ ਮੂੰਹ ਕੀਤਾ ਹੀ ਸੀ | ਭਾਵ ਕਿ ਦੋ ਸੌ ਸਾਲ ਤੋਂ ਟੀਮਾਂ ਉਕਤ ਮੰਦਰ ਨੂੰ ਸੁੱਰਖਿਅਤ ਰੱਖਣ ਤੇ ਕੰਮ ਕਰ ਰਹੀਆਂ ਹਨ | ਗ੍ਰੇਟ ਪਿਰਾਮਿਡ ਆਫ਼ ਗੀਜ਼ਾ ਜੋ 2560 ਬੀ.ਸੀ ਪੁਰਾਣਾ ਹੈ ਤੇ 3800 ਸਾਲ ਦੁਨੀਆਂ ਦੇ ਨਕਸ਼ੇ ਤੇ ਮਨੁੱਖ ਦੁਬਾਰਾ ਬਣਾਏ  ਸਭ ਤੋਂ ਉੱਚੇ ਸਤੰਬ ਦੇ ਤੌਰ ਤੇ ਜਾਣਿਆ ਗਿਆ | ਅੱਜ ਵੀ ਹਵਾਵਾਂ ਵਿਚ ਆਪਣੀ ਹੋਂਦ ਨੂੰ ਮਾਣ ਨਾਲ ਰਲਗੱਡ ਕਰ ਰਿਹਾ ਹੈ | ਇਸਦੇ ਪਿਛਲੇ ਕਾਰਨ ਹਨ ਕਿ  ਯੂਰਪੀਨ ਲੋਕ ਮਿਸਰ ਦੇ ਇਸ ਖਿੱਤੇ ਨੂੰ ਆਪਣੀ ਸੱਭਿਅਤਾ ਦੀ ਨਰਸਰੀ ਵਜੋਂ ਦੇਖਦੇ ਹਨ |ਜਿਸ ਕਰਕੇ ਸੈਂਕੜੇ ਇਸ ਕਿਸਮ ਦੀਆਂ  ਇਮਾਰਤਾਂ ਯੂਨੈਸਕੋ ਦੇ ਝੰਡੇ ਥੱਲੇ ਸੰਭਾਲ ਕੇ ਰੱਖੀਆਂ ਜਾ ਰਹੀਆਂ ਹਨ | 
ਹੁਣ ਅਸੀਂ ਆ ਜਾਂਦੇ ਹਾਂ ਆਪਣੇ ਇਤਿਹਾਸ ਵੱਲ ਉਹ ਪੰਜਾਬ ਦਾ ਇਤਿਹਾਸ ਹੋਵੇ ਜਾਂ ਸਿੱਖੀ ਦਾ , ਇਸਦਾ ਆਧੁਨਿਕ ਸਰੂਪ ਪੰਜ ਸੌ ਸਾਲ ਤੋਂ ਪੁਰਾਣਾ ਇਸ ਕਰਕੇ ਨਹੀਂ ਹੈ ਕਿਓਂਕਿ ਪੰਜ ਸੌ ਸਾਲ ਤੋਂ ਪਹਿਲਾ ਹਰ ਸਦੀ ਦਾ ਇਤਿਹਾਸ ਉਸ ਵਿਚ ਵੀ ਖਾਸ਼ ਤੌਰ ਤੇ ਇਮਾਰਤੀ ਇਤਿਹਾਸ ਜੰਗਾਂ ਯੁੱਧਾ ਵਿਚ ਮੇਟਿਆ ਗਿਆ | ਇਸਦੇ ਸਿੱਟੇ ਸਾਡੀ ਇਮਾਰਤਸਾਜ਼ੀ ਸੰਸਾਰ ਦੇ ਮੁਕਾਬਲੇ ਨਿਵਾਣ ਵਾਲੇ ਪਾਸੇ ਹੀ ਰਹੀ | ਸਿੱਖ ਗੁਰੂ ਕਾਲ ,ਮੁਗਲ ਰਾਜ ,ਫਿਰ ਮਹਾਰਾਜਾ ਰਣਜੀਤ ਸਿੰਘ ਸਮੇਤ ਮਿਸਲਾਂ ਦਾ ਕਾਲ ਤੇ ਅੰਤ ਬ੍ਰਿਟਿਸ਼ ਰਾਜ ਸਾਡੀ ਇਤਿਹਾਸਕ ਇਮਾਰਤਸਾਜ਼ੀ ਦੇ ਚਾਰ ਕਾਲ ਹਨ | ਅੱਗੇ 1947 ਵਿਚ ਹੋਈ ਵੰਡ ਨੇ ਸਾਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ | ਜਿਥੇ ਖਾਲਸਾਈ ਅਤੇ ਹਿੰਦੂ ਰੰਗ ਪਾਕਿਸਤਾਨੀ ਮਹਜਬੀ ਰੰਗਤ ਦੀ ਭੇਟ ਚੜੇ ਤੇ ਮੁਗਲੀਆਂ ਅਤੇ ਮੁਸਲਮ ਇਮਾਰਤੀ ਤਲਿਸਮ ਨੂੰ ਸਾਡੀ ਧਾਰਮਿਕ ਫਿਜ਼ਾ ਨੇ ਪ੍ਰਵਾਨ ਨਹੀਂ ਚੜਨ ਦਿੱਤਾ | ਇਹ ਨਲਾਇਕੀ ਸਾਡੀ ਨਿੱਜ ਅਧਾਰਿਤ ਬਣੀ ਨਹੀਂ ਬਣਾਈ ਗਈ ,ਜਿਸਦੇ ਤਹਿਤ ਅਸੀਂ ਰਲਕੇ ਆਪਣੇ ਮੁਹਾਂਦਰੇ ਨੂੰ ਧੋ ਸੁੱਟਿਆ | 
ਪਿਛਲੇ ਦਿਨੀਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੇ ਇਤਿਹਾਸਕ ਗੁਰੂਘਰਾਂ ਸਮੇਤ ਇਤਿਹਾਸਕ ਸਿੱਖ ਇਮਾਰਤਾਂ ਨੂੰ ਵੀ ਸਾਂਭ ਰਹੀ ਹੈ ਵੱਲੋਂ ਤਰਨਤਾਰਨ ਦੇ ਇਤਿਹਾਸਕ ਗੁਰੂਘਰ ਦੀ ਦਰਸ਼ਨੀ ਡਿਉੜੀ ਦੀ ਮੁੜ ਉਸਾਰੀ ਤਹਿਤ ਇੱਕ ਕਾਰ ਸੇਵਕ ਬਾਬੇ ਰਾਹੀਂ ਢਾਉਣਾ ਕਈ ਸਵਾਲ ਉਠਾ ਰਿਹਾ ਹੈ | ਸਭ ਤੋਂ ਪਹਿਲਾ ਸਵਾਲ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਮਾਰਤਾਂ ਨੂੰ ਉਹਨਾਂ ਦੀ ਉਮਰ ਤੇ ਇਤਿਹਾਸਕ ਮਹੱਤਤਾ ਅਨੁਸਾਰ ਵਰਗੀਕਰਨ ਨਾ ਕਰਨ ਉੱਪਰ ਹੈ | ਦੂਸਰਾ ਸਵਾਲ ਕਰੋੜਾ ਰੁਪਈਆਂ ਦੀ ਆਮਦਨ ਵਾਲੀ ਐਸ ਜੀ ਪੀ ਸੀ ਵੱਲੋਂ ਇੱਕ ਇਮਾਰਤਾਜੀ ,ਪੁਰਾਤਨਤਾ ,ਉਹ ਨੂੰ ਸਾਂਭਣ ਤੇ ਉਸਤੇ ਨਿਗਾਹ ਰੱਖਣ ਵਾਲੇ ਮਾਹਿਰਾਂ ਦੀ ਟੀਮ ਨੂੰ ਲੈਕੇ ਹੈ | ਜਦੋਂ ਯੂਨੈਸਕੋ ਵਰਗੀਆਂ ਸੰਸਥਾਵਾਂ ਹਜ਼ਾਰਾਂ ਸਾਲ ਪੁਰਾਣੀਆਂ ਥਾਵਾਂ ਤੇ ਇਮਾਰਤਾਂ ਨੂੰ ਹੂਬਹੂ ਸਾਂਭਣ ਲਈ ਯਤਨਸ਼ੀਲ ਨੇ ਤਾਂ ਸ਼ਿਰੋਮਣੀ ਕਮੇਟੀ ਦਾ ਭਵਿੱਖੀ ਰੂਟ ਮੈਪ ਕੀ ਹੈ | ਕਾਰ ਸੇਵਾ ਵਾਲੇ ਬਾਬੇ ਆਖਿਰ ਕਿਸ ਯੋਗਤਾ ਤਹਿਤ ਪੁਰਾਣੀਆਂ ਇਮਾਰਤਾਂ ਨੂੰ ਢਾਹ ਕੇ ਨਵੀਂਆਂ ਇਮਾਰਤਾਂ ਬਣਾਉਂਦੇ ਹਨ | ਸ਼ਿਰੋਮਣੀ ਕਮੇਟੀ ਨਵੇਂ ਨਿਰਮਾਣ ਦਾ ਕੰਮ ਕਿਹੜੇ ਅਧਾਰ ਤੇ ਵਿੱਢਦੀ ਹੈ | ਮੰਨਿਆ ਜਾ ਰਿਹਾ ਹੈ ਸ਼ਿਰੋਮਣੀ ਕਮੇਟੀ ਨੇ ਪਿਛਲੇ ਚਾਲੀ ਸਾਲਾਂ ਵਿਚ ਦੋ ਹਿੱਸੇ ਪੁਰਾਣੀਆਂ ਇਮਾਰਤਾਂ ਇਸ ਕਾਰ ਸੇਵਾ ਦੀ ਭੇਟ ਸੰਗਮਰਮਰ ਦੀਆਂ ਸਿੱਲਾਂ ਹੇਠ ਦਫ਼ਨ ਕਰ ਦਿੱਤੀਆਂ ਹਨ | ਅਜੋਕੇ ਸਮੇਂ ਵਿਚ ਸੋਸ਼ਲ ਮੀਡੀਆਂ ਦੇ ਰਾਹੀਂ ਦੁਨੀਆਂ ਭਰ ਦੇ ਨਕਸ਼ ਦੇਖਣ ਤੋਂ ਬਾਅਦ ਆਪਣੇ ਇਤਿਹਾਸਕ ਸਥਾਨਾਂ ਪ੍ਰਤੀ ਲੋਕਾਂ ਦੀ ਦਿਲਚਸਪੀ ਵਧੀ ਹੈ | ਜੋ ਪਹਿਲਾ ਕਾਰਸੇਵਾ ਨਾਂ ਦੀ ਸ਼ਰਧਾ ਵਿਚ ਵਲੀਨ ਹੋ ਜਾਂਦੀ ਸੀ | ਅੱਜ ਸਮੁੱਚੇ ਸੰਸਾਰ ਨੂੰ ਦੇਖਦਿਆਂ ਇਹ ਇੱਕ ਸਮੂਹਿਕ ਫਰਜ਼ ਵੀ ਬਣਦਾ ਹੈ | ਜਿਸਦੇ ਤਹਿਤ ਉਹਨਾਂ ਸਾਜਿਸ਼ਾਂ ਨੂੰ ਸਮਝਿਆਂ ਜਾਵੇ ਜਿਸ ਤਹਿਤ ਇੱਕ ਇਤਿਹਾਸਕ ਕੂਚਾ ਫੇਰ ਕੇ ਬੋਧਿਕ ਕੰਗਾਲੀ ਸਿਰਜੀ ਜਾਂਦੀ ਹੈ ਤੇ ਇਤਿਹਾਸਕ ਪੱਖਾਂ ਰਾਹੀਂ ਸਿਆਸੀ ਹਿੱਤਾਂ ਦੀ ਪੁਸਤਪਨਾਹੀ ਕੀਤੀ ਜਾਂਦੀ ਹੈ | ਇੱਥੇ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਬਿਆਨਬਾਜ਼ੀ ਇੱਕ ਸਿਆਸੀ ਮਸਲੇ ਨੂੰ ਹੱਲ ਕਰਨ ਤੋਂ ਵੱਧਕੇ ਕੁਝ ਨਹੀਂ ਹੈ  ਤੇ ਵਿਰੋਧੀ ਧਿਰਾਂ ਲਈ ਇਸ ਮੌਕੇ ਭੰਡੀ ਪ੍ਰਚਾਰ ਤੋਂ ਵੱਧਕੇ ਵੀ ਨਹੀਂ | ਇਸ ਮੌਕੇ ਲੋੜ ਸਥਾਈ ਦਬਾਓ ਦੀ ਹੈ | ਜੋ ਬਚੇ ਇਤਿਹਾਸਕ ਅਵਸ਼ੇਸ਼ਾਂ ਨੂੰ ਅਗਲੀਆਂ ਪੀੜੀਆਂ ਸਾਹਮਣੇ ਸਾਵੇਂ ਰੂਪ ਵਿਚ ਪੇਸ਼ ਕਰਦਾ ਰਹੇ ,ਨਹੀਂ ਤਾਂ ਸੰਸਾਰ ਸਾਹਮਣੇ ਬੌਣੇ ਹੋ  ਚੁੱਕੇ ਸਾਡੇ ਇਤਿਹਾਸ ਵਿਚੋਂ ਆਉਣ ਵਾਲੀਆਂ ਪੀੜੀਆਂ ਦੇ ਉਲਾਰ ਪ੍ਰਤੀਕਰਮ ਹੀ ਮਿਲਣਗੇ ਅਤੇ ਉਸ ਮੌਕੇ ਅਤੀਤ ਵਾਂਗ ਅਸੀਂ ਦੋਸ਼ੀਆਂ ਦੀ ਪਹਿਚਾਣ ਕਰਨ ਤੋਂ ਵੀ ਅਸਫ਼ਲ ਹੀ ਹੋਵਾਂਗੇ | ਇਸੇ ਲਈ ਲੱਗਦਾ ਪੰਜਾਬੀ ਦਾ ਅਜ਼ੀਮ ਸ਼ਾਇਰ ਡਾਕਟਰ ਜਗਤਾਰ ਆਪਣੇ ਇੱਕ ਬੰਦ ਨਾਲ ਸਾਡੇ ਤੇ ਤਨਜ਼ ਕਸਕੇ ਸਾਨੂੰ ਜੁਆਬਦੇਹ ਬਣਾ ਰਿਹਾ ਹੋਵੇ ਕਿ 
 ''ਸਾਡੇ ਦਮ ਖ਼ਮ ਨਾਲ ਇਹ ਖ਼ਮ ਜਾਣਗੇ,
ਲਿਟ ਕਿਸੇ ਨੇ ਹੋਰ ਸੁਲਝਾਣੀ ਨਹੀਂ ।
  ਸੰਪਰਕ – 0064220491964