ਸਮੇਂ ਦੇ ਨਾਲ ਬਦਲਦੀ ਸਾਡੀ ਮਾਨਸਿਕਤਾ, ਕਿਸ ਦਿਸ਼ਾ ਵੱਲ ਲੈ ਕੇ ਜਾਏਗੀ ਸਾਨੂੰ…

0
234

ਅਾਕਲੈਂਡ (18 ਜੁਲਾਈ) : ਇਕ ਗੀਤ ਆਇਆ ਸੀ 2005 ਦੇ ਕਰੀਬ ਅਮਰਿੰਦਰ ਗਿੱਲ ਦਾ । ਉਸ ਗੀਤ ਵਿਚ ਕੁੜੀ ਵੱਲੋਂ ਆਪਣੀ ਮਾਂ ਨੂੰ ਆਪਣੇ ਹੋਣ ਵਾਲੇ ਕੰਤ ਸੰਬੰਧੀ ਕੁਝ ਸ਼ਰਤਾਂ ਦੱਸੀਆਂ ਗਈਆਂ ਸੀ ਜਿਸ ਵਿਚ ਜ਼ਿਕਰ ਸੀ ਕਿ ਨਾ ਉਹ ਦਾਰੂ ਪੀਂਦਾ ਹੋਵੇ, ਨਾ ਜਰਦਾ ਖਾਂਦਾ ਹੋਵੇ ਤੇ ਸੂਟਾ ਵੀ ਨਾ ਲਾਉਂਦਾ ਹੋਵੇ। ਸੂਟੇ ਦੀ ਗੱਲ ਉਹ ਸਮੈਕ ਬਾਰੇ ਕਰਦਾ ਸੀ। ਮੈਨੂੰ ਪੱਕਾ ਪਤਾ ਵੀ ਨੀ ਸ਼ਾਇਦ ਸਮੈਕ ਉਦੋਂ ਕੁ ਈ ਆਈ ਸੀ। ਗੀਤ ਸੁਹਣਾ ਲੱਗਾ ਸੀ।
ਫਿਰ ਇਕ ਗੀਤ ਇਹਦੇ ਨਾਲ ਮਿਲਦਾ ਜੁਲਦਾ 2016 'ਚ ਹੈਪੀ ਰਾਇਕੋਟੀ ਦਾ ਆਇਆ । ਵਿਸ਼ਾ ਦੋਵੇੰ ਗੀਤਾ ਦਾ ਇਕ ਈ ਸੀ ।ਇਸ ਗੀਤ ਵਿਚ ਵੀ ਕੁੜੀ ਵੱਲੋਂ ਮੁੰਡੇ ਲਈ ਸ਼ਰਤਾਂ ਦੱਸੀਆਂ ਜਾਂਦੀਆਂ (ਸ਼ਰਾਬ ਸ਼ਰੂਬ ਪੀਂਦਾ ਹੋਵੇ ਚਲਜੂ ਪਰ ਚਿੱਟੇ ਤੋਂ ਪਰਹੇਜ ਚਾਹੀਦਾ) ਇਨ੍ਹਾਂ 11 ਕੁ ਸਾਲਾਂ ਵਿਚ ਏਨਾ ਕੁ ਫ਼ਰਕ ਆ ਗਿਆ ਕਿ ਜਿੱਥੇ ਪਹਿਲੇ ਗੀਤ ਵਿਚ ਕੁੜੀ ਹਰ ਤਰ੍ਹਾਂ ਦੇ ਨਸ਼ੇ ਤੋਂ ਬਿਲਕੁਲ ਮੁਨਕਰ ਸੀ ਓਥੇ ਇਸ ਗੀਤ ਵਿਚ ਉਹ ਸ਼ਰਾਬ ਨੂੰ ਖੁੱਲ ਦੇ ਰਹੀ ਸੀ। ਇਹ ਦੋਵੇਂ ਗੀਤਾਂ ਨੂੰ ਗਾਉਣ ਵਾਲੇ ਮੁੰਡੇ ਈ ਸਨ ਤੇ ਗੀਤ ਉਹ ਕੁੜੀ ਵੱਲੋਂ ਗਾ ਰਹੇ ਸਨ।
ਤੀਜਾ ਗੀਤ ਆਇਆ 2018 'ਚ ।ਉਹ ਗੀਤ ਇਕ ਕੁੜੀ ਨੇ ਗਾਇਆ। ਇਸ ਗੀਤ ਵਿਚ ਮੁੰਡੇ ਲਈ ਕੋਈ ਸ਼ਰਤਾਂ ਨਈਂ ਸਨ ਸਗੋਂ ਕੁੜੀ ਬੜੇ ਚਾਅ ਨਾਲ ਗਾ ਰਹੀ ਆ " ਸਹੇਲੀਆਂ ਵੀ ਰਹਿੰਦੀਆਂ ਨੇ ਡਰ-ਡਰ ਕੇ ਕੁੜੀ ਵੈਲੀ ਨਾਲ ਮੰਗੀ ਹੈਈ ਆ " ਜਿੱਥੇ ਵੈਲੀ ਸ਼ਬਦ ਆ ਗਿਆ ਓਥੇ ਕਿਹੇ ਵੀ ਤਰ੍ਹਾਂ ਦੇ ਨਸ਼ੇ ਦੀ ਕੋਈ ਪਬੰਦੀ ਨਈਂ ਰਹਿ ਜਾਂਦੀ। ਹੁਣ ਇਕ ਕੁੜੀ ਵੱਲੋਂ "ਵੈਲੀ" ਨੂੰ ਵੀ ਸਵਿਕਾਰਿਆ ਜਾ ਰਿਹਾ ਹੈ।
ਇਹ ਸਾਡੀ ਮਾਨਸਕਿਤਾ ਹੈ ਕਿ ਅਸੀਂ ਕਿਵੇਂ ਸਮੇਂ ਤੇ ਹਲਾਤਾਂ ਦੇ ਅਨੁਸਾਰ ਇਨ੍ਹਾਂ ਅਲਾਮਤਾਂ ਨੂੰ ਕਬੂਲਦੇ ਹਾਂ। ਨਸ਼ੇ ਦੀ ਅਲਾਮਤ ਅੱਜ ਅਜ਼ਰਾਈਲ ਵਾਂਙ ਜਵਾਨੀ ਨੂੰ ਨਿਗਲੀ ਜਾ ਰਹੀ ਹੈ। ਜੇ ਬਾਬੇ ਦੀ ਬਾਣੀ ਦਾ ਆਸਰਾ ਨਾ ਿਲਆ ਤਾਂ ਪਤਾ ਨੀ ਇਸ ਚਿੱਟੇ ਨੇ ਕਿੰਨੇ ਕੁ ਘਰੀਂ ਹੋਰ ਚਿੱਟੀ ਚਾਦਰ ਵਿਛਾ ਮਾਂਵਾਂ ਨੂੰ ਸੱਥਰ 'ਤੇ ਬਿਠਾ ਦੇਣਾਂ ਹੈ |