ਸਾਲਾਨਾ ਨਤੀਜੇ ਅਤੇ ਖੁਦਕੁਸ਼ੀਆ…

0
448

ਅਾਕਲੈਂਡ (15 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਅੱਜ ਕੱਲ ਦਸਵੀਂ , ਬਾਰ੍ਹਵੀਂ ਅਤੇ ਹੋਰ ਕਈ ਜਮਾਤਾਂ ਦੇ ਸਾਲਾਨਾ ਨਤੀਜੇ ਆ ਰਹੇ ਹਨ ,ਪਰ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਨਤੀਜਿਆਂ ਵਿੱਚ ਨਿਰਾਸ਼ਾਜਨਕ ਪ੍ਰਾਪਤੀਆਂ ਹੋਣ ਕਰਕੇ ਸਾਡਾ ਵਿਦਿਆਰਥੀ ਵਰਗ ਕਈ ਵਾਰੀ ਰਾਹੋਂ ਭਟਕ ਕੇ ਅਤੇ ਤਣਾਅ ਵਿੱਚ ਆ ਕੇ ਖੁਦਕੁਸ਼ੀ ਕਰਨ ਤੱਕ ਦੀ ਗੈਰ ਮਨੁੱਖੀ ਕੋਸ਼ਿਸ਼ ਕਰਦਾ ਹੈ ,ਜੋ ਕਿ ਜ਼ਿੰਦਗੀ ਦੇ ਕਿਸੇ ਵੀ ਪਹਿਲੂ ਤੋਂ ਸਹੀ ਅਤੇ ਉਸਾਰੂ ਨਹੀਂ ਹੈ , ਕਿਉਂਕਿ ਜ਼ਿੰਦਗੀ ਇੱਕ ਪ੍ਰੀਖਿਆ ਦੀ ਤਰ੍ਹਾਂ ਹੀ ਹੁੰਦੀ ਹੈ ਅਤੇ ਜ਼ਿੰਦਗੀ ਵਿੱਚ ਕਈ ਛੋਟੇ – ਵੱਡੇ ਉਤਰਾਅ – ਚੜ੍ਹਾਅ ਵੀ ਆਉਂਦੇ ਜਾਂਦੇ ਰਹਿੰਦੇ ਹਨ , ਪਰ ਸਾਲਾਨਾ ਪੇਪਰਾਂ ਦੇ ਨਤੀਜਿਆਂ ਦੀਆਂ ਨਿਰਾਸ਼ਾਜਨਕ ਪ੍ਰਾਪਤੀਆਂ ਤੋਂ ਘਬਰਾ ਕੇ, ਉਚਾਟ ਹੋ ਕੇ ਜਾਂ ਨਕਾਰਾਤਮਕਤਾ ਗ੍ਰਹਿਣ ਕਰਕੇ ਆਪਣੇ ਆਪ ਨੂੰ ਖ਼ਤਮ ਕਰ ਲੈਣਾ ਕਿਸੇ ਵੀ ਪਾਸੋਂ ਪੱਖੋਂ ਉਚਿਤ ਅਤੇ ਸਹੀ ਨਹੀਂ ਹੈ | ਵਿਦਿਆਰਥੀ ਵਰਗ ਨੂੰ ਇਹ ਵੀ ਸਮਝਣਾ ਜ਼ਰੂਰੀ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਚੁੱਕੇ ਗਏ ਇਸ ਗਲਤ ਕਦਮ ਦੇ ਨਾਲ ਉਹ ਆਪ ਵੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ ਅਤੇ ਉਨ੍ਹਾਂ ਦੇ ਮਾਤਾ – ਪਿਤਾ ਦੇ ਨਾਲ ਪਿੱਛੋਂ ਕੀ ਵਾਪਰਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਸੋਚੇ ਹੋਏ ਸੁਪਨੇ ਮਿੱਟੀ ਵਿੱਚ ਮਿਲ ਜਾਂਦੇ ਹਨ | ਇਸ ਬਾਰੇ ਸੋਚ ਕੇ ਹਰ ਕਿਸੇ ਦਾ ਦਿਲ ਕੁਰਲਾ ਬੈਠਦਾ ਹੈ | ਅਜਿਹੀਆਂ ਖਬਰਾਂ ਸੁਣ ਕੇ , ਪੜ੍ਹ ਕੇ ਤਾਂ ਦੇਖ ਕੇ ਬਹੁਤ ਵੱਡਾ ਦੁੱਖ ਵੀ ਹੁੰਦਾ ਹੈ | ਸੋ ਵਿਦਿਆਰਥੀ ਵਰਗ ਨੂੰ ਆਪਣੇ ਸਾਲਾਨਾ ਪੇਪਰਾਂ ਦੇ ਨਤੀਜਿਆਂ ਵਿੱਚੋਂ ਘੱਟ ਪ੍ਰਾਪਤੀਆਂ ਦੇ ਸਦਕੇ ਖ਼ੁਦਕੁਸ਼ੀਆਂ ਜਿਹੇ ਕਦਮ ਚੁੱਕਣ ਤੋਂ ਹਰ ਹਾਲਤ ਵਿੱਚ ਗੁਰੇਜ਼ ਕਰਨਾ ਚਾਹੀਦਾ ਹੈ | ਖ਼ੁਦਕੁਸ਼ੀ ਕਰਨ ਨਾਲ ਕਿਸੇ ਵੀ ਸਮੱਸਿਆਦਾ ਕੋਈ ਵੀ ਠੋਸ ਹੱਲ ਨਹੀਂ ਹੋ ਸਕਦਾ | ਤੁਸੀਂ ਆਪਣੀ ਵੀ ਜ਼ਿੰਦਗੀ ਨੂੰ ਅਜਾਈ ਨਾ ਗਵਾਓ ਅਤੇ ਆਪਣੇ ਮਾਤਾ – ਪਿਤਾ , ਭੈਣਾਂ , ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਦੀਆਂ ਭਾਵਨਾਵਾਂ , ਸੱਧਰਾਂ ਅਤੇ ਸੋਚੇ ਹੋਏ ਸੁਪਨਿਆਂ ਨੂੰ ਵੀ ਮਿੱਟੀ ਵਿੱਚ ਨਾ ਗਵਾਓ | ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੋ ਕਿ ਇਹ ਜ਼ਿੰਦਗੀ ਮੁੜ ਕੇ ਦੁਬਾਰਾ ਨਹੀਂ ਮਿਲੇਗੀ ਅਤੇ ਤੁਹਾਡੇ ਮਾਤਾ – ਪਿਤਾ, ਪਰਿਵਾਰ , ਭੈਣਾਂ , ਭਰਾਵਾਂ ਨਾਲ ਕੀ ਬੀਤਦੀ ਹੋਵੇਗੀ ?ਜ਼ਿੰਦਗੀ ਵਿੱਚ ਅਨੇਕਾਂ ਚੰਗੇ – ਮਾੜੇ ਸਮੇਂ ਅਤੇ ਦੌਰ ਆਉਂਦੇ ਜਾਂਦੇ ਰਹਿੰਦੇ ਹਨ , ਪਰ ਕਿਸੇ ਵੀ ਛੋਟੀ – ਮੋਟੀ ਗੱਲ ਤੋਂ ਘਬਰਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨਾ ਜਾਂ ਖੁਦਕੁਸ਼ੀ ਕਰਨਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੈ | ਸਾਲਾਨਾ ਨਤੀਜਿਆਂ ਵਿੱਚੋਂ ਘੱਟ ਅੰਕ ਪ੍ਰਾਪਤ ਹੋਣਾ ਜਾਂ ਫੇਲ੍ਹ ਹੋ ਜਾਣਾ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੋ ਸਕਦੀ | ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਦੁਬਾਰਾ ਫਿਰ ਵਧੀਆ ਅੰਕ ਪ੍ਰਾਪਤ ਕਰਨ ਅਤੇ ਸਾਲਾਨਾ ਨਤੀਜਿਆਂ ਵਿੱਚੋਂ ਪਾਸ ਹੋਣ ਦੇ ਮੌਕੇ ਮਿਲ ਜਾਂਦੇ ਹਨ , ਪਰ ਜ਼ਿੰਦਗੀ ਗਵਾ ਲੈਣ ਤੋਂ ਬਾਅਦ ਕੋਈ ਵੀ ਮੌਕਾ ਨਹੀਂ ਮਿਲਦਾ ਅਤੇ ਮਾਤਾ – ਪਿਤਾ ਨਾਲ ਬਹੁਤ ਵੱਡਾ ਧੋਖਾ ਹੋ ਜਾਂਦਾ ਹੈ | ਇਸ ਲਈ ਵਿਦਿਆਰਥੀ ਵਰਗ ਨੂੰ ਇਹ ਪੁਰਜ਼ੋਰ ਬੇਨਤੀ ਹੈ ਕਿ ਅਜਿਹਾ ਰਾਹ ਕਦੇ ਨਾ ਅਪਣਾਓ ਅਤੇ ਅਗਲੇ ਵਰ੍ਹੇ ਸਖ਼ਤ ਮਿਹਨਤ ਕਰਕੇ ਵੱਧ ਅੰਕ ਪ੍ਰਾਪਤ ਕਰੋ ਅਤੇ ਦੁਨੀਆਂ ਵਿੱਚ ਨਾਮਣਾ ਖੱਟ ਕੇ ਮਾਤਾ – ਪਿਤਾ ਦਾ ਨਾਂ ਵੀ ਉੱਚਾ ਕਰਕੇ ਦੱਸੋ | ਇਸ ਵਿੱਚ ਹੀ ਤੁਹਾਡੀ ਬਹਾਦਰੀ, ਤੁਹਾਡੀ ਸਫ਼ਲਤਾ ,ਤੁਹਾਡੀ ਕਾਮਯਾਬੀ , ਤੁਹਾਡੀ ਲਿਆਕਤ ਅਤੇ ਤੁਹਾਡੀ ਇੱਜ਼ਤ ਹੈ , ਨਾ ਕਿ ਖ਼ੁਦਕੁਸ਼ੀ ਕਰਨ ਵਿੱਚ| 
ਮਾਸਟਰ ਸੰਜੀਵ ਧਰਮਾਣੀ, ਸ੍ਰੀ ਆਨੰਦਪੁਰ ਸਾਹਿਬ