ਫ਼ਤਹਿਵੀਰ ਹੀ ਨਹੀਂ ਪੂਰਾ ਪੰਜਾਬ ਬੋਰਵੈਲ ਵਿਚ ਹੈ |

0
133

ਆਕਲੈਂਡ (17 ਜੂਨ) : ਤਰਨਦੀਪ ਬਿਲਾਸਪੁਰ 
ਅਸੀਂ ਸਾਰੇ ਜਾਣਦੇ ਹਾਂ ਪੰਜਾਬ ਇਸ ਸਮੇਂ ਆਪਣੇ ਸਭ ਤੋਂ ਮਾੜੇ ਦੌਰ ਵਿਚੋਂ ਨਿੱਕਲ ਰਿਹਾ ਹੈ | ਦੌਰ ਇਸਤੋਂ ਪਹਿਲਾਂ ਵੀ ਮਾੜੇ ਰਹੇ ਹਨ | ਪਰ ਉਦੋਂ ਹਮਲੇ ਸਦਾ ਇੱਕ ਤਰਫ਼ਾ ਸਨ , ਚਾਹੇ ਅਜ਼ਾਦੀ ਸੰਗਰਾਮ ਦੀ ਗੱਲ ਹੋਵੇ | ਗੱਲ ਮੁਜਾਹਰਾ ਲਹਿਰ ਦੀ ਹੋਵੇ ,ਨਕਸਲਵਾੜੀ ਦੌਰ ਦਾ ਤਸ਼ੱਦਦ ਹੋਵੇ ਜਾਂ ਖਾਲਿਸਤਾਨੀ ਲਹਿਰ ਦਾ ਅਣਕਿਆਸਾ ਦੌਰ ਵੀ  ਹੋਵੇ | ਪਰ ਇਸ ਸਮੇਂ ਅਸੀਂ ਜਿਸ ਮੋੜ ਤੇ ਹਾਂ | ਓਥੇ ਧਰਤੀ 150 ਫੁੱਟ ਤੱਕ ਬਿਲਕੁਲ ਮਾਰੂਥਲ ਹੋ ਚੁੱਕੀ ਹੈ | ਉੱਥੇ ਪੰਜਾਬ ਦੇ ਖੇਤ ਵਹਿਕਾ ਸਭ ਰੁੰਡ ਮੁਰੰਡੀਆ ਨੇ | ਹਵਾ ਵਿਚ ਜ਼ਹਿਰ ਹੈ | ਜਵਾਨੀ ਦਾ ਖੂਨ ਨਸ਼ੇ ਨਾਲ ਦੂਸ਼ਿਤ ਹੈ | ਚਾਲੀਵਾਂ ਸਾਲ ਡਾਇਬਟੀਜ਼ ,ਕਾਲਾ ਪੀਲੀਆ ,ਗੁਰਦਿਆਂ ਦੀ ਬਿਮਾਰੀ ਤੇ ਕੈਂਸਰ ਦੀ ਬਿਮਾਰੀ ਨਾਲ ਦਸਤਕ ਦਿੰਦਾ ਹੈ | ਚੇਹਰੇ ਜਰਦ ਨੇ ,ਲੋਕ ਸਿਆਸਤਦਾਨਾਂ ਨੂੰ ਸਮੇਂ ਦਾ ਦੁਸ਼ਮਣ ਮੰਨਦੇ ਹਨ ਤੇ ਸਿਆਸਤਦਾਨ ਲੋਕਾਂ ਦੀ ਮੂਰਖਤਾਈ ਤੇ ਆਪਣਾ ਵਕਤ ਟਪਾ ਰਹੇ ਹਨ | ਸਮਾਜ ਯੋਜਨਾ ਹੀਣ ਨਜ਼ਰ ਆ ਰਿਹਾ ਹੈ | ਜਸਪਾਲ ਸਿੰਘ ਨਾਮ ਦਾ ਮੁੰਡਾ ਜ਼ਿੰਦਗੀ ਦੇ ਸਭ ਤੋਂ ਹੁਸੀਨ ਤੇ ਕਾਰਜਸ਼ੀਲ ਵਰ੍ਹਿਆਂ ਵਿਚ ਪੁਲਿਸ ਠਾਣੇ ਵਿਚ ਆਪਣੀ ਮੌਤ ਸਹੇੜ ਲੈਂਦਾ ਹੈ | ਉਸਦੀ ਮੌਤ ਦਾ ਰੋਹ ਕੁਝ ਰੁਪਈਆਂ ਤੇ ਆਰਜ਼ੀ ਨੌਕਰੀ ਨਾਲ ਢੱਕ ਲਿਆ ਜਾਂਦਾ ਹੈ | ਲੋਕ ਜਸਪਾਲ ਨੂੰ ਹਫ਼ਤੇ ਵਿਚ ਹੀ ਭੁੱਲਣ ਲੱਗਦੇ ਹਨ ਤਾਂ ਅਠਾਰਾਂ ਵਰ੍ਹਿਆਂ ਦੇ ਜਸਪਾਲ ਦੀ ਥਾਂ ਦੋ ਵਰ੍ਹਿਆਂ ਦਾ ਫ਼ਤਹਿਵੀਰ ਸਿੰਘ ਲੈ ਲੈਂਦਾ ਹੈ | ਉਹ ਫ਼ਤਹਿਵੀਰ ਜਿਸਦੇ ਅਲਫਾਜ਼ ਅਜੇ ਤੋਤਲੇ ਸਨ | ਜਿਸਦੀ ਨਜ਼ਰ ਉਸਦੇ ਪਰਿਵਾਰ ਦੀ ਨਜ਼ਰ ਨਾਲ ਆਲਾ ਦੁਆਲਾ ਦੇਖਦੀ ਸੀ | ਜਦੋਂ ਉਹ ਆਪਣੇ ਬਾਲ ਮਨ ਦੀ ਕਰਦਾ ਹੈ ਤਾਂ ਆਪਣੇ ਪਰਿਵਾਰ ਦੇ ਪੱਟੇ ਖੂਹ ਵਿਚ ਜਾ ਡਿੱਗਦਾ ਹੈ ਜਿਸਨੂੰ ਆਧੁਨਿਕ ਦੌਰ ਵਿਚ ਬੋਰਵੈਲ ਕਹਿੰਦੇ ਹਨ  | 
ਇਹ ਖੂਹ ਪਿਛਲੇ ਚਾਲੀ ਵਰ੍ਹਿਆਂ ਦੇ ਉਸ ਪ੍ਰਬੰਧ ਦੀ ਸਾਂਝੀ ਦੇਣ ਹੈ | ਜਿਸਨੂੰ ਸਿਰਜਣ ਵਿਚ ਅਸੀਂ ਸਭ ਬਰਾਬਰ ਦੇ ਜਿੰਮੇਵਾਰ ਹਾਂ | ਅੱਜ ਸੋਸ਼ਲ ਮੀਡੀਆ ਪੰਜਾਬ ਸਰਕਾਰ ਤੇ ਉਸਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਜਿੰਮੇਵਾਰ ਦਰਸਾ ਰਿਹਾ ਹੈ | ਜਿਸਨੂੰ ਭੁੰਨਣ ਵਿਚ ਅਕਾਲੀ ਦਲ ਦਾ ਸਦੀਵੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਸੇ ਰਾਹ ਤੇ ਤੁਰਿਆ ਹੋਇਆ ਹੈ | ਜਿਸ ਤਰਾਂ ਕੋਟ ਕਪੂਰਾ ਵਿਚ ਬਰਗਾੜੀ ਬੇਅਦਵੀ ਕਾਂਡ ਦਾ ਵਿਰੋਧ ਕਰ ਰਹੇ ਕ੍ਰਿਸਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਪੁਲਸੀਆ ਗੋਲੀ ਨਾਲ ਹੋਈ ਮੌਤ ਨੂੰ ਸੱਤਾ ਦੀ ਲੜਾਈ ਵਿਚ ਕਾਂਗਰਸ ਨੇ ਭੁੰਨਿਆ ਸੀ | ਫ਼ਤਹਿਵੀਰ ਜਿਸ ਤਰਾਂ ਗਿਆ ,ਉਹ ਸਾਡੇ ਤੇ ਸਵਾਲ ਛੱਡ ਕਿ ਗਿਆ ਕਿ ਅਸੀਂ ਅਗਲੇ ਦੌਰ ਵਿਚ ਆਪਣੀ ਸਮਾਜਿਕ ,ਸਿਆਸੀ ,ਵਿਗਿਆਨਕ ਤੇ ਭੋਗੋਲਿਕ ਸੋਚ ਸਮਝ ਕਿਵੇਂ ਲਿਖਣੀ ਹੈ | 
ਪਿਛਲੇ ਦਿਨੀਂ ਇੱਕ ਬਾਲੀਵੁੱਡ ਮਾਰਕਾ ਫਿਲਮ ਆਈ ਸੀ, ਸੋਨਚਿੜੀਆਂ ਜਿਸਨੂੰ ਕਿ ਪ੍ਰਤਿਭਾਸ਼ਾਲੀ ਨਿਰਦੇਸ਼ਕ ਅਭਿਸ਼ੇਕ ਚੌਬੇ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਸੀ | ਉਕਤ ਫਿਲਮ 1975 ਦੇ ਦੌਰ ਦੀ ਇੱਕ ਅਸਲ ਕਹਾਣੀ ਦਾ ਵਿਆਖਿਆਨ ਹੈ | ਜਿਸ ਵਿਚ ਮੱਧ ਪ੍ਰਦੇਸ਼ ਦੇ ਚੰਬਲ ਇਲਾਕੇ ਦਾ ਇੱਕ ਡਾਕੂ ਮਾਨ ਸਿੰਘ  ਜੋ ਆਪਣੇ ਆਪ ਨੂੰ ਬਾਗੀ ਕਹਾਉਂਦਾ ਹੈ | ਜਿਸਨੇ ਕਿ ਸੈਂਕੜੇ ਕਤਲ ਕੀਤੇ ਹੁੰਦੇ ਹਨ | ਪਰ ਇੱਕ ਦਿਨ ਅਚਾਨਕ ਇੱਕ ਮੁਖਬਰ ਨੂੰ ਸੋਧਣ ਗਿਆ | ਰਾਤ ਦੇ ਹਨੇਰੇ ਵਿਚ ਮੁਖਬਰ ਦੇ ਦੋ ਬੱਚੇ ਮਾਰ ਦਿੰਦਾ ਹੈ | ਇਹ ਬੱਚੇ ਉਸਦੇ ਦਿਨ ਰਾਤ ਖਿਆਲਾਂ ਵਿਚ ਆਉਣ ਲੱਗਦੇ ਹਨ | ਉਸਨੂੰ ਟਿਕਣ ਨਹੀਂ ਦਿੰਦੇ ਤੇ ਉਹ ਮਰਨਾ ਚਾਹੁੰਦਾ ਹੈ | ਪਰ ਖ਼ੁਦਕੁਸ਼ੀ ਉਸਦਾ ਮੁਕਾਮ ਨਹੀਂ ਹੁੰਦੀ ਤੇ ਉਹ ਖੁਦ ਪੁਲਿਸ ਨੂੰ ਸੂਹ ਦਿੰਦਾ ਹੈ ਤੇ ਕਹਿੰਦਾ ਹੈ ਕਿ ਪੁਲਿਸ ਵੱਡਾ ਜੱਥਾ ਲੈ ਕੇ ਆਵੇ | ਮਾਨ ਸਿੰਘ ਪੁਲਿਸ ਨਾਲ ਲੜਕੇ ਮਰਦਾ ਹੈ ਤੇ ਇਹੀ ਉਸਦਾ ਉਹਨਾਂ ਦੋ ਬੱਚਿਆਂ ਦੇ ਕਤਲ ਦਾ ਪਛਤਾਵਾ ਹੁੰਦਾ ਹੈ | ਸੋ ਜਿਸ ਦੌਰ ਵਿਚ ਅਸੀਂ ਹਾਂ ਅਸੀਂ ਸਾਰੇ ਡਾਕੂ ਮਾਨ ਸਿੰਘ ਹਾਂ | ਜਿਹਨਾਂ ਰਲਕੇ ਫ਼ਤਹਿਵੀਰ ਸਿੰਘ ਦਾ ਕਤਲ ਕੀਤਾ | ਹੁਣ ਵੀ ਮੌਕਾ ਹੈ ਡਾਕੂ ਮਾਨ ਸਿੰਘ ਵਾਂਗ ਆਪਣੀਆਂ ਗਲਤੀਆਂ ਨੂੰ ਮੰਨਦੇ ਹੋਏ ਲੜਾਈ ਲੜੀਏ |
 ਕਿਓਂਕਿ ਅਸੀਂ ਰਲਕੇ ਖੇਤੀ ਲਈ ਸੰਪੂਰਨ ਬਿਜਲੀ ਸਬਸਿਡੀਆਂ  ਨਾਲ ਮਾਹੌਲ ਸਿਰਜਿਆ | ਅਸੀਂ ਮੁਫ਼ਤ ਬਿਜਲੀ ਨੂੰ ਵੋਟ ਪਾਈ | ਅਸੀਂ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਕਦੇ ਵੀ ਬਦਲਵੀਂ ਖੇਤੀ ,ਵਾਜਿਬ ਰੇਟਾਂ ,ਨਵੀਆਂ ਤਕਨੀਕ ,ਪੈਕ ਹਾਊਸ ਰੁਜਗਾਰਾਂ ਦੀ ਮੰਗ ਨਹੀਂ ਕੀਤੀ | ਅੱਜ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਫ਼ਤਹਿਵੀਰ ਨੂੰ ਬੋਰਵੈਲ ਵਿਚੋਂ ਜਿਉਂਦਾ ਨਾਂ ਕੱਢਣ ਤੇ ਅਸਫ਼ਲ ਰਹਿਣ ਦਾ ਪ੍ਰਸ਼ਾਸਨਿਕ ਦੋਸ਼ ਲਾ ਰਹੇ ਹਾਂ | ਜਿਸਦਾ ਸਰਕਾਰ ਕੋਲ ਹਮੇਸ਼ਾਂ ਦੀ ਤਰਾਂ ਬਦਲਵਾ ਰਾਹ ਹੈ | ਜਿਸਨੂੰ ਮੁਆਵਜ਼ਾ ਕਹਿੰਦੇ ਹਨ | ਇਹ ਮੁਆਵਜ਼ਾ ਲੋਕਾਂ ਦੇ ਇਕੱਠ ਤਹਿ ਕਰਦੇ ਹਨ | ਜਿਹਨਾਂ ਲੋਕ ਰੋਹ ਉਹਨਾਂ ਵੱਡਾ ਮੁਆਵਜ਼ਾ | ਪਰ ਉਸ ਪਿਆਰੇ ਨਿੱਕੇ ਫੁੱਲ ਫ਼ਤਹਿਵੀਰ ਨੂੰ ਅਸਲ ਸਰਧਾਂਜਲੀ ਇਹੀ ਹੋਵੇਗੀ ਕਿ ਪੰਜਾਬ ਦੀ ਆਬੋ ਹਵਾ ,ਜਮੀਨ ,ਪਾਣੀ ,ਖੇਤੀ ਤੇ ਜਵਾਨੀ ਨੂੰ ਮੁੜ ਲੀਹ ਤੇ ਲਿਆਉਣ ਲਈ ਸਰਕਾਰ ਤੇ ਲੋਕ ਦਬਾਓ ਬਣਾਇਆ ਜਾਵੇ | ਕਿਓਂਕਿ ਫ਼ਤਹਿਵੀਰ ਸਾਡੇ ਨਵੇਂ ਸਿਰਜੇ ਪੰਜਾਬ ਦਾ ਉਹ ਸ਼ਹੀਦ ਹੈ | ਜਿਸਦੀ ਕਿ ਸ਼ਹੀਦੀ ਤੇ ਸਾਡੀਆਂ ਅੱਖਾਂ ਨਾ ਖੁੱਲੀਆਂ ਤਾਂ ਅਸੀਂ ਲੱਖਾਂ ਫ਼ਤਹਿਵੀਰਾਂ ਦੇ ਕਾਤਲ ਹੋਵਾਂਗੇ | ਜਿਹਨਾਂ ਅਜੇ ਜਨਮ ਲੈਣਾ ਹੈ ਜਾਂ ਐਸੇ ਪੰਜਾਬ ਵਿਚ ਜਨਮ ਲੈ ਚੁੱਕੇ ਹਨ | ਜਿਸਤੇ ਅੰਧੇਰ ਨਗਰੀ ਚੌਪਟ ਰਾਜਾ ਵਾਲੀ ਕਹਾਵਤ ਢੁਕਵੀਂ ਜਾਪਦੀ ਹੈ |
 ਕਰਿੱਡ ਦੇ ਅੰਕੜਿਆਂ ਮੁਤਾਬਿਕ 2015 ਵਿਚ ਪੰਜਾਬ ਵਿਚ 15 ਲੱਖ ਟਿਊਬਵੈਲ ਜੋ ਕੰਮ ਕਰਦੇ ਸਨ | ਐਨਾ ਹੀ ਨਹੀਂ 2005 ਤੋਂ 2010 ਵਿਚਕਾਰ ਹੋਏ   ਤਕਰੀਬਨ ਚਾਰ ਲੱਖ ਬੋਰਵੈਲ ਵਿਚੋਂ ਅੱਧੇ 10 ਸਾਲਾਂ ਵਿਚ ਖੜ ਚੁੱਕੇ ਹਨ | ਪੰਜਾਬ ਦੇ 138 ਬਲਾਕਾਂ ਵਿਚੋਂ 40 ਬਲਾਕ ਧਰਤੀ ਹੇਠਲੇ ਪਾਣੀ ਦੇ ਮਾਮਲੇ ਵਿਚ ਅਤਿ ਮਾੜੇ ਦੌਰ ਵਿਚ ਹਨ ਤੇ ਫ਼ਤਹਿਵੀਰ ਦਾ ਪਿੰਡ ਭਗਵਾਨਪੁਰਾ ਅਜਿਹੇ ਹੀ ਇੱਕ ਬਲਾਕ ਸੁਨਾਮ ਦਾ ਹਿੱਸਾ ਹੈ | ਜੇ ਸਰਕਾਰ ਤੇ ਲੋਕਾਂ ਨੇ ਨਵੀਆਂ ਯੋਜਨਾਵਾਂ ਉੱਤੇ ਕੰਮ ਨਾ ਕੀਤਾ ਤਾਂ ਆਉਂਦੇ ਦੋ ਤਿੰਨ ਸਾਲਾਂ ਤੱਕ ਹਰ ਮੋੜ ਦੇ ਅਜਿਹੇ ਬੋਰਵੈਲ ਦਿਖਦੇ ਮਿਲਣਗੇ | ਹੋ ਸਕਦਾ ਫਿਰ ਸਰਕਾਰ ਨੂੰ ਹਰ ਜਿਲਾ ਪੱਧਰ ਤੇ ਬੋਰਵੈਲ ਵਿਚੋਂ ਕੱਢਣ ਵਾਲੀਆਂ ਮਸ਼ੀਨਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੇ ਕਹਿਣ ਤੇ ਵਿਦੇਸ਼ ਤੋਂ ਮੰਗਵਾਉਣੀਆਂ ਹੀ ਪੈਣ !