ਕਿਸਾਨਾਂ ਦੇ ਹੱਕ ‘ਚ ਟਰੈਕਟਰ ‘ਤੇ ਸੰਸਦ ਭਵਨ ਪਹੁੰਚੇ ਰਾਹੁਲ ਗਾਂਧੀ, ਕਿਹਾ – ‘ਵਾਪਿਸ ਲਾਓ ਖੇਤੀਬਾੜੀ ਕਾਨੂੰਨ’

rahul gandhi reaches parliament with tractor

ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਲਗਾਤਾਰ ਹੋ ਰਹੇ ਹੰਗਾਮੇ ਦੇ ਵਿਚਕਾਰ ਸੋਮਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਇੱਕ ਵਾਰ ਫਿਰ ਸੁਰਖੀਆਂ ਬਟੋਰ ਰਹੇ ਹਨ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਉਸ ਸਮੇਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਹ ਸਵੇਰੇ-ਸਵੇਰੇ ਦਿੱਲੀ ਦੀਆਂ ਸੜਕਾਂ ਉੱਤੇ ਟਰੈਕਟਰ ਚਲਾਉਂਦੇ ਦਿਖਾਈ ਦਿੱਤੇ। ਰਾਹੁਲ ਗਾਂਧੀ ਸੋਮਵਾਰ ਨੂੰ ਟਰੈਕਟਰ ਚਲਾ ਸੰਸਦ ਭਵਨ ਪਹੁੰਚੇ, ਉਨ੍ਹਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ। ਪਰ ਖਾਸ ਗੱਲ ਇਹ ਹੈ ਕਿ ਬਾਅਦ ਵਿੱਚ ਦਿੱਲੀ ਪੁਲਿਸ ਨੇ ਇਹ ਟਰੈਕਟਰ ਹੀ ਜ਼ਬਤ ਕਰ ਲਿਆ। ਰਾਹੁਲ ਗਾਂਧੀ ਦੇ ਸੰਸਦ ਭਵਨ ਤੋਂ ਜਾਣ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਂਗਰਸੀ ਨੇਤਾਵਾਂ ਰਣਦੀਪ ਸੁਰਜੇਵਾਲਾ, ਸ੍ਰੀਨਿਵਾਸ ਬੀ.ਵੀ. ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ।

ਇਸ ਦੌਰਾਨ ਰਣਦੀਪ ਸੁਰਜੇਵਾਲਾ, ਦੀਪਿੰਦਰ ਹੁੱਡਾ ਅਤੇ ਹੋਰ ਕਈ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਨਾਲ ਟਰੈਕਟਰ ‘ਤੇ ਸਵਾਰ ਦਿਖਾਈ ਦਿੱਤੇ। ਟਰੈਕਟਰ ਦੇ ਅੱਗੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅਤੇ ਕਿਸਾਨਾਂ ਦੇ ਹੱਕ ਵਿੱਚ ਇੱਕ ਪੋਸਟਰ ਲਗਾਇਆ ਗਿਆ ਸੀ। ਇਸ ਮੌਕੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਿਸਾਨਾਂ ਦੀ ਆਵਾਜ਼ ਹੈ, ਕਿਸਾਨਾਂ ਦੀ ਨਹੀਂ ਸੁਣੀ ਜਾ ਰਹੀ। ਸਰਕਾਰ ਨੂੰ ਇਹ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਿਸ ਲੈਣੇ ਪੈਣਗੇ, ਇਹ ਕਾਲੇ ਕਾਨੂੰਨ ਹਨ । ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ‘ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਗਿਆ ਹੈ।

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਪਿਛਲੇ ਇੱਕ ਸਾਲ ਤੋਂ ਹੰਗਾਮਾ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਦਕਿ ਹੁਣ ਜੰਤਰ ਮੰਤਰ ਵਿਖੇ ਕਿਸਾਨਾਂ ਨੇ ਕਿਸਾਨ ਸੰਸਦ ਵੀ ਸ਼ੁਰੂ ਕੀਤੀ ਹੈ। ਜਦੋਂ ਤੱਕ ਮੌਨਸੂਨ ਸੈਸ਼ਨ ਚੱਲੇਗਾ ਓਦੋਂ ਤੱਕ ਜੰਤਰ ਮੰਤਰ ਵਿਖੇ ਕਿਸਾਨਾਂ ਵੱਲੋ ਕਿਸਾਨ ਸੰਸਦ ਚਲਾਈ ਜਾਵੇਗੀ। ਇਸ ਦੌਰਾਨ ਤਕਰੀਬਨ 200 ਕਿਸਾਨਾਂ ਨੂੰ ਇਥੇ ਰਹਿਣ ਦੀ ਆਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਵੀ ਖੇਤੀਬਾੜੀ ਕਾਨੂੰਨ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਸੰਸਦ ‘ਚ ਵੀ ਹੰਗਾਮਾ ਹੋਇਆ ਹੈ।

Leave a Reply

Your email address will not be published. Required fields are marked *