ਪਤੀ-ਪਤਨੀ ਵਿਚਕਾਰ ਅਕਸਰ ਹੀ ਛੋਟਾ ਮੋਟਾ ਝਗੜਾ ਚੱਲਦਾ ਰਹਿੰਦਾ ਹੈ। ਦੋ ਵੱਖ-ਵੱਖ ਵਿਅਕਤੀ ਹਨ, ਇਸ ਲਈ ਉਨ੍ਹਾਂ ਦੀਆਂ ਸਾਰੀਆਂ ਆਦਤਾਂ ਵੀ ਇੱਕ ਦੂਜੇ ਤੋਂ ਵੱਖਰੀਆਂ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਕੋਈ ਆਪਣੇ ਪਤੀ ਤੋਂ ਬਦਲਾ ਲੈਣ ਲਈ ਆਪਣੇ ਪਤੀ ਨੂੰ ਆਨਲਾਈਨ ਨਿਲਾਮ ਕਰ ਦੇਵੇ! ਦਰਅਸਲ ਨਿਊਜ਼ੀਲੈਂਡ ਦੀ ਇੱਕ ਪਤਨੀ ਨੇ ਅਜਿਹਾ ਹੀ ਕੀਤਾ ਹੈ। ਉਸ ਨੇ ਇੱਕ ਇਸ਼ਤਿਹਾਰ ਬਣਾ ਕੇ ਆਪਣੇ ਪਤੀ ਲਈ ਇੱਕ ਸੇਲਿੰਗ ਪ੍ਰੋਫਾਈਲ ਤਿਆਰ ਕੀਤੀ ਅਤੇ ਇਸਨੂੰ ਵਪਾਰਕ ਸਾਈਟ ‘ਟਰੇਡ ਮੀ’ ‘ਤੇ ਪਾ ਦਿੱਤਾ।
ਆਪਣੇ ਪਤੀ ਦੀ ਇੱਧਰ-ਉੱਧਰ ਘੁੰਮਣ ਦੀ ਆਦਤ ਤੋਂ ਪ੍ਰੇਸ਼ਾਨ Rangitikei ਦੀ ਰਹਿਣ ਵਾਲੀ ਲਿੰਡਾ ਮੈਕਐਲਿਸਰ ( Linda McAliser) ਨਾਂ ਦੀ ਔਰਤ ਨੇ ਅਜਿਹਾ ਕਦਮ ਚੁੱਕਿਆ ਹੈ, ਜਿਸ ਬਾਰੇ ਉਸ ਨੇ ਕਦੇ ਸੁਪਨੇ ‘ਚ ਵੀ ਸੋਚਿਆ ਨਹੀਂ ਹੋਵੇਗਾ। ਪਤੀ ਘਰ ਵਿੱਚ ਨਹੀਂ ਸੀ ਅਤੇ ਪਤਨੀ ਨੇ ਉਸਨੂੰ ਵੇਚਣ ਦਾ ਸਾਰਾ ਪ੍ਰਬੰਧ ਕਰ ਲਿਆ। ਪਤੀ ਦੀ ਲੰਮੀ ਚੋੜੀ ਪ੍ਰੋਫਾਈਲ ਬਣਾਈ ਅਤੇ ਇਸ ਨੂੰ ਤਸਵੀਰ ਦੇ ਨਾਲ ‘ਯੂਜ਼ਡ ਕੰਡੀਸ਼ਨ’ ਟੈਗ ਕਰਕੇ ਵਿਕਰੀ ਲਈ ਅੱਪਲੋਡ ਕਰ ਦਿੱਤਾ।
ਲਿੰਡਾ ਮੈਕਐਲਿਸਰ ਨੇ ਆਪਣੇ ਪਤੀ ਜੌਨ ਮੈਕਐਲਿਸਰ ਨਾਲ ਅਜਿਹਾ ਇਸ ਲਈ ਕੀਤਾ ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਸਨ ਅਤੇ ਉਨ੍ਹਾਂ ਨੂੰ ਮਿਲਕੇ ਸੰਭਾਲਣ ਦੀ ਬਜਾਏ ਜੌਨ ਘਰ ਤੋਂ ਬਾਹਰ ਘੁੰਮ ਰਿਹਾ ਸੀ। ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਲਿੰਡਾ ਨੇ ਦੱਸਿਆ ਕਿ ਜੌਨ ਨੂੰ ਘੁੰਮਣਾ-ਫਿਰਨਾ ਬਹੁਤ ਪਸੰਦ ਹੈ ਪਰ ਉਹ ਬੱਚਿਆਂ ਦੀਆਂ ਛੁੱਟੀਆਂ ‘ਚ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਬਿਨਾਂ ਦੱਸੇ ਘਰੋਂ ਚਲਾ ਗਿਆ। ਜੋੜੇ ਨੇ ਸਾਲ 2019 ਵਿੱਚ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦੇ ਦੋ ਬੇਟੇ ਹਨ। ਉਸ ਦਾ ਆਇਰਿਸ਼ ਮੂਲ ਦਾ ਪਤੀ ਬਹੁਤ ਮਜ਼ਾਕੀਆ ਹੈ ਅਤੇ ਉਸ ਨੂੰ ਵੀ ਆਪਣੀ ਪਤਨੀ ਦਾ ਇਹ ਇਸ਼ਤਿਹਾਰ ਬਹੁਤ ਮਜ਼ਾਕੀਆ ਲੱਗਿਆ ਅਤੇ ਉਹ ਇਸ ‘ਤੇ ਬਹੁਤ ਹੱਸੇ।
ਲਿੰਡਾ ਦੇ ਵਿਗਿਆਪਨ ਵਿੱਚ, ਜੌਨ ਨੂੰ ‘ਹਸਬੈਂਡ ਫਾਰ ਸੇਲ’ ਦੇ ਤਹਿਤ ਟਰੇਡ ਮੀ ‘ਤੇ ਸੂਚੀਬੱਧ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਉਹ 6 ਫੁੱਟ 1 ਇੰਚ ਲੰਬਾ ਹੈ ਅਤੇ ਉਸ ਦੀ ਉਮਰ 37 ਸਾਲ ਹੈ। ਉਹ ਪੇਸ਼ੇ ਤੋਂ ਕਿਸਾਨ ਹੈ। ਪਹਿਲਾ ਉਸ ਦੇ ਕਈ ਮਾਲਕ ਰਹਿ ਚੁੱਕੇ ਹਨ ਅਤੇ ਚੰਗੀ ਤਰ੍ਹਾਂ ਖੁਆਉਣ-ਪਿਆਉਣ ਤੋਂ ਬਾਅਦ, ਉਹ ਇਮਾਨਦਾਰ ਸਾਬਿਤ ਹੋਇਆ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਇਨ੍ਹਾਂ ਨੂੰ ਖਰੀਦਦਾ ਹੈ ਤਾਂ ਮੁਫਤ ਸ਼ਿਪਿੰਗ ਵੀ ਕਰਵਾਈ ਜਾਵੇਗੀ। ਉਸ ਨੂੰ ਆਪਣੇ ਵਿਗਿਆਪਨ ਦੇ ਜਵਾਬ ਵਿੱਚ 12 ਬੋਲੀਆਂ ਵੀ ਪ੍ਰਾਪਤ ਹੋਈਆਂ, ਹਾਲਾਂਕਿ ਉਦੋਂ ਤੱਕ ਇਸ ਵਿਗਿਆਪਨ ਨੂੰ ਟਰੇਡ ਮੀ ਦੁਆਰਾ ਸਾਈਟ ਤੋਂ ਹਟਾ ਦਿੱਤਾ ਗਿਆ ਸੀ। ਇਸ ਦੇ ਜਵਾਬ ‘ਚ ਕੁੱਝ ਲੋਕਾਂ ਨੇ ਉਸ ਨੂੰ ਮੈਸੇਜ ਵੀ ਭੇਜੇ, ਜਿਨ੍ਹਾਂ ਦਾ ਲਿੰਡਾ ਨੇ ਕਾਫੀ ਦਿਲਚਸਪ ਜਵਾਬ ਦਿੱਤਾ।