ਭਾਰਤ ‘ਚ ਅਕਸਰ ਹੀ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜਾਂ ਸੜਕੀ ਨਿਯਮ ਤੋੜਦੇ ਦੇਖੇ ਜਾਂਦੇ ਹਨ। ਪਰ ਹੁਣ ਹੈਮਿਲਟਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਇੱਥੇ 13ਵੀਂ ਵਾਰ ਡਰਿੰਕ ਐਂਡ ਡਰਾਈਵ ਮਾਮਲੇ ‘ਚ ਫੜੇ ਗਏ ਇੱਕ ਪੰਜਾਬੀ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ। ਇੱਕ ਸਥਾਨਕ ਰਿਪੋਰਟ ਅਨੁਸਾਰ 4 ਫਰਵਰੀ ਦੀ ਸ਼ਾਮ ਨੂੰ ਪੰਜਾਬੀ ਵਿਅਕਤੀ ਨਸ਼ੇ ਦੀ ਹਾਲਤ ‘ਚ ਇੱਕ ਔਰਤ ਦੇ ਘਰ ਗਿਆ ਜਿਸ ਨੇ ਉਸ ਵਿਰੁੱਧ ਪਹਿਲਾਂ ਹੀ ਪ੍ਰੋਟੈਕਸ਼ਨ ਆਰਡਰ ਲਗਵਾਇਆ ਹੋਇਆ ਸੀ। ਔਰਤ ਨੇ ਦਰਵਾਜ਼ਾ ਬੰਦ ਕਰਕੇ ਪੁਲਿਸ ਨੂੰ ਕਾਲ ਕਰ ਦਿੱਤੀ। ਇਸ ਮਗਰੋਂ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੰਜਾਬੀ ਦੇ ਖੂਨ ਦਾ ਟੈਸਟ ਲਿਆ ਤਾਂ 247ਐਮ ਜੀ ਰੀਡਿੰਗ ਆਈ ਜੋ ਕਿ ਕਾਨੂੰਨੀ ਹੱਦ 50 ਐਮਜੀ ਤੋਂ ਲਗਭਗ 5 ਗੁਣਾ ਵੱਧ ਸੀ। ਇਸੇ ਕਾਰਨ ਪਿਛਲੇ ਹਫ਼ਤੇ ਹੈਮਿਲਟਨ ਡਿਸਟ੍ਰਿਕਟ ਕੋਰਟ ‘ਚ ਇੱਕ ਪੰਜਾਬੀ ਜੱਜ ਦੇ ਵਲੋਂ ਹੀ ਵਿਅਕਤੀ ਨੂੰ 10 ਮਹੀਨੇ ਦੀ ਸਜ਼ਾ ਸੁਣਾਈ ਗਈ। ਬਾਰ-ਬਾਰ ਹੋਈਆਂ ਗਲਤੀਆਂ ਕਾਰਨ ਜੱਜ ਨੇ ਨਸ਼ਾ ਛੱਡਣ ਲਈ ਵੀ ਨਸੀਹਤ ਦਿੱਤੀ।
ਮੁਲਜ਼ਮ ਨੂੰ ਪਹਿਲਾਂ 28 ਮਹੀਨੇ ਦੀ ਸਜਾ ਸੁਣਾਈ ਗਈ ਸੀ, ਜਿਸਨੂੰ ਡਿਸਕਾਉਂਟ ਕਰਦਿਆਂ 10 ਮਹੀਨੇ ਦੀ ਕਰ ਦਿੱਤਾ ਗਿਆ ਤੇ ਉਸਨੂੰ $195.34 ਦੀ ਮੈਡੀਕਲ ਤੇ ਅਨੇਲਸੀਜ਼ ਫੀਸ ਅਦਾ ਕਰਨ ਦੇ ਹੁਕਮ ਵੀ ਹੋਏ ਹਨ। ਵਿਅਕਤੀ ‘ਤੇ ਡਰਾਈਵਿੰਗ ਸਬੰਧੀ 28 ਦਿਨ ਦਾ ਸਟੈਂਡ ਡਾਉਨ ਪੀਰੀਅਡ ਵੀ ਲਾਇਆ ਗਿਆ ਹੈ। ਰਿਪੋਰਟ ਮੁਤਾਬਿਕ ਕੁਝ ਸਾਲ ਪਹਿਲਾਂ ਇੱਕ ਕ਼ੁਆਡ ਬਾਈਕ ਹਾਦਸੇ ‘ਚ ਮੁਲਜ਼ਮ ਦੇ 15 ਸਾਲਾ ਬੇਟੇ ਦੀ ਮੌਤ ਹੋ ਗਈ ਸੀ। ਉਸ ਦੇ ਹੋਰ ਕੁਝ ਪਰਿਵਾਰਕ ਮੈਂਬਰਾਂ ਦੀ ਵੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਉਹ ਮਾਨਸਿਕ ਪੱਖੋਂ ਕਾਫੀ ਪ੍ਰੇਸ਼ਾਨ ਹੈ।