NZ ਪੋਸਟ ਦੇ ਕਰਮਚਾਰੀਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ NZ ਪੋਸਟ ਨੇ ਘੋਸ਼ਣਾ ਕੀਤੀ ਹੈ ਕਿ ਅਗਲੇ ਪੰਜ ਸਾਲਾਂ ਵਿੱਚ 750 ਮੇਲ ਰੋਲ ਕੱਟੇ ਜਾਣਗੇ। ਯਾਨੀ ਕਿ ਸੈਂਕੜੇ ਕਰਮਚਾਰੀਆਂ ਦੀ ਨੌਕਰੀ ਜਾਵੇਗੀ। NZ ਪੋਸਟ ਦੇ ਮੁੱਖ ਕਾਰਜਕਾਰੀ ਡੇਵਿਡ ਵਾਲਸ਼ ਨੇ ਕਿਹਾ ਕਿ ਕੰਪਨੀ ਨੂੰ ਅੱਗੇ ਦੇਖਣ ਦੀ ਲੋੜ ਹੈ ਅੱਜ ਦੇ ਸਮੇਂ ‘ਚ ਜਿਆਦਾ ਕੀਵੀ ਆਨਲਾਈਨ ਸੰਚਾਰ ਕਰਨ ਵੱਲ ਵੱਧ ਰਹੇ ਹਨ।
ਵਾਲਸ਼ ਨੇ ਕਿਹਾ ਕਿ, “ਅਸੀਂ ਜਲਦੀ ਹੀ ਮੇਲ ਦੀ ਲਗਾਤਾਰ ਗਿਰਾਵਟ ਦੇ ਜਵਾਬ ਵਜੋਂ ਮੇਲ ਵਿੱਚ ਸ਼ਾਮਲ ਭੂਮਿਕਾਵਾਂ ਦੀ ਸੰਖਿਆ ਨੂੰ ਘਟਾਉਣ ਦੇ ਦ੍ਰਿਸ਼ਟੀਕੋਣ ਨਾਲ ਸਲਾਹ-ਮਸ਼ਵਰਾ ਸ਼ੁਰੂ ਕਰਾਂਗੇ। ਪਰ ਇਹ ਤਬਦੀਲੀ ਰਾਤੋ-ਰਾਤ ਨਹੀਂ ਹੋਵੇਗੀ। ਇਹ ਇੱਕ ਸਮਾਯੋਜਨ ਹੋਵੇਗਾ ਜੋ ਅਸੀਂ ਅਗਲੇ ਪੰਜ ਸਾਲਾਂ ਵਿੱਚ ਹੌਲੀ-ਹੌਲੀ ਕਰਾਂਗੇ। ਸਾਡਾ ਧਿਆਨ ਸਾਡੇ ਲੋਕਾਂ ‘ਤੇ ਹੋਵੇਗਾ ਅਤੇ ਇਸ ਤਬਦੀਲੀ ਨਾਲ ਉਨ੍ਹਾਂ ਦਾ ਸਮਰਥਨ ਕਰਨਾ ਹੋਵੇਗਾ।”
ਦੋ ਦਹਾਕੇ ਪਹਿਲਾਂ ਨਿਊਜ਼ੀਲੈਂਡ ਦੇ ਲੋਕ ਇੱਕ ਸਾਲ ਵਿੱਚ ਇੱਕ ਅਰਬ ਤੋਂ ਵੱਧ ਮੇਲ ਆਈਟਮਾਂ ਭੇਜ ਰਹੇ ਸਨ। ਹੁਣ, ਇਹ ਸਲਾਨਾ ਅੰਕੜਾ ਲਗਭਗ 220 ਮਿਲੀਅਨ ਮੇਲ ਆਈਟਮਾਂ ਤੱਕ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਚਿੱਠੀ-ਪੱਤਰ ਦੀ ਘਟੀ ਵਰਤੋਂ ਹੀ ਕਰਮਚਾਰੀਆਂ ਦੀ ਇਸ ਕਟੌਤੀ ਦਾ ਸਭ ਤੋਂ ਵੱਡਾ ਕਾਰਨ ਹੈ।