ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 (Chandrayaan 3) ਦੀ ਸਾਫਟ ਲੈਂਡਿੰਗ ਨਾਲ ਭਾਰਤ ਨੇ ਪੁਲਾੜ ‘ਚ ਇਤਿਹਾਸ ਰਚ ਦਿੱਤਾ ਹੈ। ਇਸਰੋ ਮੁਤਾਬਕ ਇਹ ਮਿਸ਼ਨ ਸਮੇਂ ਸਿਰ ਪੂਰਾ ਹੋ ਗਿਆ ਹੈ। ਚੰਦਰਯਾਨ-3 ਦੇ ਸਫਲ ਲੈਂਡਿੰਗ ਨਾਲ ਪੂਰੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ। ਉੱਥੇ ਹੀ ਚੰਦ੍ਰਯਾਨ 3 ਨੂੰ ਸਫਲਤਾ ਪੂਰਬਕ ਚੰਦ ਉੱਤੇ ਭੇਜਣ ਵਾਲੇ ਇਸਰੋ ਦੇ ਵਿਗਿਆਨੀਆਂ ਦੀਆਂ ਫੋਟੋਆਂ ਅਤੇ ਖ਼ਬਰਾਂ ਨਸਰ ਹੋ ਰਹੀਆਂ ਹਨ ਪਰ ਇਸ ਕਾਰਜ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਵਾਲੇ ਇਸਰੋ ਦੇ ਵਿਗਿਆਨੀ ਅਤੇ ਚੰਦ੍ਰਯਾਨ ਪ੍ਰੋਗਰਾਮ ਦਾ ਹਿੱਸਾ ਸਰਦਾਰ ਮਹਿੰਦਰਪਾਲ ਸਿੰਘ (ਬੰਗਲੌਰ) ਬਾਰੇ ਖ਼ਬਰਾਂ ਵਿੱਚ ਕਾਫੀ ਘੱਟ ਚਰਚਾ ਹੋਈ ਹੈ। ਇਸ ਸਿੱਖ ਇੰਜੀਨੀਅਰ ਵਿਗਿਆਨੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਦੱਸ ਦੇਈਏ ਵਿਗਿਆਨੀ ਮਹਿੰਦਰਪਾਲ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ 35 ਸਾਲ ਪੁਲਾੜ ਖੋਜ ਵਿੱਚ ਲਗਾਏ ਹਨ ਅਤੇ ਉਹ ਹੁਣ ਵੀ ਵੱਖ-ਵੱਖ ਪ੍ਰੋਗਰਾਮਾਂ ਦਾ ਹਿੱਸਾ ਹਨ ਤੇ ਪਿਛਲੇ ਦਿਨੀ ਚੰਦ੍ਰਯਾਨ 3 ਦੀ ਸਫਲਤਾ ਵਿੱਚ ਵੀ ਉਨ੍ਹਾਂ ਨੇ ਅਹਿਮ ਰੋਲ ਨਿਭਾਇਆ ਹੈ।
ਮਹਿੰਦਰਪਾਲ ਸਿੰਘ ਪੁਲਾੜ ਖੋਜ ਸੰਗਠਨ (Indian Space Research Organisation) ਦੇ ਕੁਆਲਿਟੀ ਕੰਟਰੋਲਰ ਵਿਭਾਗ ਦੇ ਮੁਖੀ ਹਨ ਅਤੇ ਚੰਦ੍ਰਯਾਨ 3 ਟੀਮ ਦਾ ਅਹਿਮ ਹਿੱਸਾ ਹਨ। ਇੰਨਾਂ ਹੀ ਨਹੀਂ ਮਹਿੰਦਰਪਾਲ ਸਿੰਘ ਜੀ ਇਸ ਤੋਂ ਪਹਿਲਾ ਮੰਗਲਯਾਨ ਦੇ ਪ੍ਰੋਜੈਕਟ ਮਨੈਜਰ ਵੱਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।