ਆਸਟ੍ਰੇਲੀਆ ਤੋਂ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਆਈ 10 ਸਾਲਾ ਬੱਚੀ ਦੀ ਫਿਓਰਡਲੈਂਡ ਨੈਸ਼ਨਲ ਪਾਰਕ ਦੀ ਮੈਰੀਅਨ ਕਰੀਕ ‘ਚ ਡੁੱਬਣ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸਵੇਰੇ 11.40 ਵਜੇ ਕੁੜੀ ਦੇ ਤੇਜ਼ ਵਹਾਅ ਵਾਲੀ ਨਦੀ ਵਿੱਚ ਡਿੱਗਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਥੋੜੀ ਦੇਰ ਬਾਅਦ ਪਾਣੀ ਵਿੱਚੋਂ ਲੱਭ ਕੇ ਬਾਹਰ ਕੱਢ ਲਿਆ ਗਿਆ ਸੀ। ਸੀਪੀਆਰ ਸਹਾਇਤਾ ਦਿੱਤੀ ਗਈ ਸੀ ਪਰ ਉਹ ਮੁੜ ਸੁਰਜੀਤ ਨਹੀਂ ਹੋ ਸਕੀ। ਸਾਊਥਲੈਂਡ ਏਰੀਆ ਕਮਾਂਡਰ ਇੰਸਪੈਕਟਰ ਮਾਈਕ ਬੋਮਨ ਨੇ ਕਿਹਾ, “ਇਹ ਇੱਕ ਦੁਖਦਾਈ ਘਟਨਾ ਸੀ ਅਤੇ ਪੁਲਿਸ ਵਹਾਨਾਊ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਅਸੀਂ ਉਨ੍ਹਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਨਾ ਚਾਹੁੰਦੇ ਹਾਂ।” ਮਾਮਲੇ ਸਬੰਧੀ ਕੋਰੋਨਰ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ।
