ਵਾਨ ਐਲੀਅਟ ਸੁਬਰਿਟਜ਼ਕੀ ਨਾਮ ਦੇ ਵਿਅਕਤੀ ਨੂੰ ਇੱਕ ਪੁਲਿਸ ਅਧਿਕਾਰੀ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਹੈ। ਮੁਲਜ਼ਮ ਨੂੰ ਸੱਤ ਸਾਲ ਦੀ ਸਜ਼ਾ ਹੋਈ ਸੀ ਪਰ ਅਪੀਲ ਅਦਾਲਤ ਨੇ ਉਸਦੀ ਦੋਸ਼ੀ ਦਲੀਲ ‘ਤੇ ਵਿਚਾਰ ਕਰਨ ਤੋਂ ਬਾਅਦ ਉਸਦੀ ਸਜ਼ਾ ਘਟਾ ਦਿੱਤੀ ਹੈ। ਦਰਅਸਲ ਪੁਲਿਸ ਪ੍ਰਤੀ ਸੁਬਰਿਟਜ਼ਕੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨਫ਼ਰਤ ਅਤੇ ਪਿਛਲੀਆਂ ਦੁਖਦਾਈ ਘਟਨਾਵਾਂ ਨੂੰ ਹਮਲੇ ਦੇ ਕਾਰਨ ਮੰਨਿਆ ਗਿਆ ਹੈ। ਵਿਅਕਤੀ ਨੇ ਬਿਨਾਂ ਕਿਸੇ ਚੇਤਾਵਨੀ ਜਾਂ ਭੜਕਾਹਟ ਦੇ ਆਕਲੈਂਡ ਪੁਲਿਸ ਅਧਿਕਾਰੀ ਦੇ ਸਿਰ ਵਿੱਚ ਇੰਨੀ ਜ਼ੋਰ ਨਾਲ ਵਾਰ ਕੀਤਾ ਸੀ ਕਿ ਚਾਕੂ ਵੀ ਟੁੱਟ ਗਿਆ।
ਮਹੀਨਿਆਂ ਬਾਅਦ, ਵਾਨ ਐਲੀਅਟ ਸੁਬਰਿਟਜ਼ਕੀ ਨੇ ਇੱਕ ਮਨੋਵਿਗਿਆਨੀ ਨੂੰ ਦੱਸਿਆ ਕਿ ਉਸਨੂੰ ਅਜੇ ਵੀ ਯਕੀਨ ਨਹੀਂ ਸੀ ਕਿ ਉਸਨੇ ਜੋ ਕੀਤਾ ਹੈ ਉਹ ਗਲਤ ਸੀ। ਜ਼ਖਮੀ ਪੁਲਿਸ ਅਧਿਕਾਰੀ ਨੂੰ ਦੋ ਕੱਟ ਲੱਗੇ ਸਨ- ਇੱਕ 3 ਸੈਂਟੀਮੀਟਰ ਅਤੇ ਇੱਕ 5 ਮਿਲੀਮੀਟਰ – ਜਿਸ ਲਈ ਟਾਂਕੇ ਵੀ ਲਗਾਉਣੇ ਪਏ ਸਨ। ਸੁਬਰਿਟਜ਼ਕੀ ਨੂੰ ਅੰਤ “ਚ ਪੁਰਸ਼ ਕਾਂਸਟੇਬਲ ‘ਤੇ ਹਮਲੇ ਲਈ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ੀ ਮੰਨਿਆ ਗਿਆ ਸੀ। ਸੁਬਰਿਟਜ਼ਕੀ ਨੂੰ ਸੱਤ ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਅਪੀਲ ‘ਤੇ ਉਸ ਸਜ਼ਾ ਨੂੰ ਘਟਾ ਕੇ ਛੇ ਸਾਲ ਅਤੇ ਤਿੰਨ ਮਹੀਨੇ ਕਰ ਦਿੱਤਾ ਗਿਆ। ਇਹ ਘਟਨਾ ਆਕਲੈਂਡ ਦੀ ਕਵੀਨ ਸਟਰੀਟ ਤੇ 12.50 ਵਜੇ 5 ਨਵੰਬਰ, 2022 ਨੂੰ ਵਾਪਰੀ ਸੀ।