ਆਕਲੈਂਡ ਟਰਾਂਸਪੋਰਟ ਦੇ ਹੌਪ ਕਾਰਡ ਸਿਸਟਮ ਨੂੰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਸਟਮ ਹੈਕ ਕਰਨ ਦਾ ਦਾਅਵਾ ਕਰਨ ਵਾਲਾ ਇੱਕ ਰੈਨਸਮਵੇਅਰ ਗੈਂਗ ਧਮਕੀ ਦੇ ਰਿਹਾ ਹੈ ਕਿ ਉਹ ਹੈਕ ਵਿੱਚ ਚੋਰੀ ਕੀਤੀ ਗਈ ਜਾਣਕਾਰੀ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਡੰਪ ਕਰ ਦੇਵੇਗਾ, ਜੇਕਰ ਉਨ੍ਹਾਂ ਨੂੰ $1 ਮਿਲੀਅਨ ਦੀ ਫਿਰੌਤੀ ਦਾ ਭੁਗਤਾਨ ਨਹੀਂ ਕੀਤਾ ਗਿਆ। ਵਿਕਲਪਕ ਤੌਰ ‘ਤੇ ਇਹ ਗੈਂਗ ਉਸੇ ਰਕਮ ਲਈ ਹੈਕ ਤੋਂ ਜਾਣਕਾਰੀ ਵੇਚਣ ਦੀ ਧਮਕੀ ਦੇ ਰਿਹਾ ਹੈ।
ਮੈਡੂਸਾ ਗੈਂਗ ਦੁਆਰਾ ਡਾਰਕ ਵੈੱਬ ‘ਤੇ ਪੋਸਟ ਕੀਤੇ ਗਏ ਨੋਟਿਸ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਸੀ ਕਿ ਇਹ ਮੰਗ ਸੰਯੁਕਤ ਰਾਜ ਡਾਲਰ ‘ਚ ਹੈ ਜਾਂ ਨਿਊਜ਼ੀਲੈਂਡ ਡਾਲਰ ਵਿੱਚ, ਪਰ ਆਕਲੈਂਡ ਟ੍ਰਾਂਸਪੋਰਟ ਨੇ ਸਪੱਸ਼ਟ ਕੀਤਾ ਕਿ ਇਹ ਭੁਗਤਾਨ ਨਹੀਂ ਕਰੇਗਾ। ਕਿਉਂਕ ਆਕਲੈਂਡ ਟ੍ਰਾਂਸਪੋਰਟ ਦਾ ਮੰਨਣਾ ਹੈ ਕਿ ਗ੍ਰਾਹਕਾਂ ਦਾ ਡਾਟਾ ਚੋਰੀ ਕੀਤੇ ਜਾਣ ਦੀ ਇਹ ਚਿਤਾਵਨੀ ਝੂਠੀ ਹੈ।