ਕ੍ਰਾਈਸਚਰਚ ਵਿੱਚ ਇੱਕ ਟੈਕਸੀ ਡਰਾਈਵਰ ਨੂੰ ਚਾਕੂ ਮਾਰਨ ਵਾਲੀ ਔਰਤ ਨੂੰ ਤਿੰਨ ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਆਕਲੈਂਡ ਦੀ ਰਹਿਣ ਵਾਲੀ ਰੰਗੀਮਾਰੀਆ ਸੇਲਰਜ਼ ਨੂੰ ਪਿਛਲੇ ਸਾਲ ਚਾਕੂ ਮਾਰਨ ਦਾ ਦੋਸ਼ੀ ਮੰਨਿਆ ਗਿਆ ਸੀ, ਘਟਨਾ ‘ਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਸੀ। 46 ਸਾਲਾ ਔਰਤ ਨੂੰ ਅੱਜ ਆਕਲੈਂਡ ਦੀ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ 40 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਵਿੱਚ ਜਲਦੀ ਦੋਸ਼ੀ ਮੰਨਣ ਲਈ ਛੋਟ ਵੀ ਸ਼ਾਮਿਲ ਹੈ।
10 ਅਕਤੂਬਰ ਨੂੰ, ਪੀੜਤ ਕਈ ਵਾਰ ਚਾਕੂ ਮਾਰਨ ਤੋਂ ਬਾਅਦ ਮਦਦ ਲੱਭਣ ਲਈ ਰਾਤ 10.30 ਵਜੇ ਮੈਮੋਰੀਅਲ ਐਵੇਨਿਊ ‘ਤੇ ਇੱਕ ਫਾਸਟ ਫੂਡ ਰੈਸਟੋਰੈਂਟ ਗਿਆ ਸੀ। ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਸਟਾਫ ਨੇ ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੱਕ ਮੁੱਢਲੀ ਸਹਾਇਤਾ ਦਿੱਤੀ, ਜਦੋਂ ਤੱਕ ਡਰਾਈਵਰ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ ਸੀ। ਪੁਲਿਸ ਨੇ ਇਸ ਤੋਂ 15 ਮਿੰਟ ਬਾਅਦ ਨੇੜਲੇ ਹੋਟਲ ਵਿੱਚ ਸੇਲਰਜ਼ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੱਸ ਦੇਈਏ ਸੇਲਰਜ਼ ਨੇ ਇਲਜ਼ਾਮ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ ਪੀੜਤ ਨੇ ਉਸਦੀ ਲੱਤ ਨੂੰ ਛੂਹਿਆ ਸੀ – ਹਾਲਾਂਕਿ ਇਹ ਦਾਅਵਾ ਝੂਠਾ ਸਾਬਿਤ ਹੋਇਆ ਸੀ।