ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀਰਵਾਰ ਨੂੰ ਅਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੀ ਜਾਣਕਾਰੀ ਖੁਦ ਉਨ੍ਹਾਂ ਦੇ ਵੱਲੋਂ ਹੀ ਕੁਝ ਸਮਾਂ ਪਹਿਲਾਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ, “ਬੀਤੇ ਦਿਨੀਂ ਅਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ Michael Clarke ਨਾਲ ਮੁਲਾਕਾਤ ਹੋਈ। ਪੰਜਾਬ ਵਿੱਚ ਖੇਡਾਂ ਦੀ ਬਿਹਤਰੀ ਲਈ ਵਿਚਾਰ ਚਰਚਾ ਕੀਤੀ। Michael Clarke ਨੇ ਆਪਣੇ ਇੰਟਰਨੈਸ਼ਨਲ ਖੇਡ ਦੇ ਤਜਰਬੇ ਸਾਂਝੇ ਕੀਤੇ। ਨਾਲ ਹੀ ਗੱਲਬਾਤ ਹੋਈ ਕਿ ਸਾਡੇ ਪੰਜਾਬ ਦੇ ਪਿੰਡਾਂ ਦੇ ਨੌਜਵਾਨ ਮੁੰਡੇ ਕੁੜੀਆਂ ‘ਚ ਬਹੁਤ ਟੈਲੇਂਟ ਹੈ, ਇਸ ਟੈਲੇਂਟ ਨੂੰ ਇੰਟਰਨੈਸ਼ਨਲ ਪੱਧਰ ‘ਤੇ ਲੈ ਕੇ ਜਾਣ ਲਈ ਵਿਚਾਰਾਂ ਸਾਂਝੀਆਂ ਹੋਈਆਂ। Michael Clarke ਨੇ ਇਸ ਬਾਰੇ ਜਾਣ ਕੇ ਖੁਸ਼ੀ ਜਤਾਈ ਤੇ ਹਾਮੀ ਵੀ ਭਰੀ। ਇੱਕ ਖੇਡ ਪ੍ਰੇਮੀ ਅਤੇ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੇਰਾ ਫ਼ਰਜ਼ ਬਣਦਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਦੁਨੀਆ ਦੇ ਹਰ ਕੋਨੇਂ ਵਿੱਚ ਚਮਕੇ ਅਤੇ ਖੇਡਾਂ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣੇ।”
