ਪਾਕਿਸਤਾਨ ਵਿੱਚ 47 ਸਾਲਾਂ ਵਿੱਚ ਸਭ ਤੋਂ ਭਿਆਨਕ ਹੜਾਂ ਆਇਆ ਹੈ। ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦਾ ਤੀਜਾ ਹਿੱਸਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਪਾਕਿਸਤਾਨ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਮੁਤਬਿਕ ਇਹ ਭਿਆਨਕ ਹੜ੍ਹ ਮਾਨਸੂਨ ਦੀ ਭਾਰੀ ਬਾਰਿਸ਼ ਅਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਆਇਆ ਹੈ। 14 ਜੂਨ ਤੋਂ ਹੁਣ ਤੱਕ ਹੜ੍ਹਾਂ ਕਾਰਨ 1265 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ‘ਚ ਪਿਛਲੇ 24 ਘੰਟਿਆਂ ਦੌਰਾਨ 57 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੁਣ ਤੱਕ ਸਾਢੇ 12 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ। ਹੜ੍ਹਾਂ ਕਾਰਨ 3.3 ਕਰੋੜ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ।
ਪਾਕਿਸਤਾਨ ਨੇ ਇਸ ਤਬਾਹੀ ਦੀ ਤੁਲਨਾ 2005 ਵਿੱਚ ਅਮਰੀਕਾ ਵਿੱਚ ਆਏ ‘ਕੈਟਰੀਨਾ’ ਤੂਫ਼ਾਨ ਨਾਲ ਕੀਤੀ ਹੈ, ਜਿਸ ਨੇ ਉੱਥੇ ਭਾਰੀ ਤਬਾਹੀ ਮਚਾਈ ਸੀ। ਪਾਕਿਸਤਾਨ ਸਰਕਾਰ ਨੇ ਹੁਣ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਮਦਦ ਦੇਣ ਦੀ ਅਪੀਲ ਕੀਤੀ ਹੈ। ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਲੈ ਕੇ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਉਥੇ ਜਨਤਾ ਦਾ ਗੁੱਸਾ ਭੜਕ ਸਕਦਾ ਹੈ ਅਤੇ ਇਹ ਸੜਕ ‘ਤੇ ਆ ਸਕਦਾ ਹੈ। ਮਹਿੰਗਾਈ, ਭੁੱਖਮਰੀ, ਲੋਕਾਂ ਦਾ ਉਜਾੜਾ ਅਤੇ ਮਹਾਂਮਾਰੀ ਫੈਲਣ ਦੇ ਡਰ ਨੇ ਦੇਸ਼ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ। ਸਥਿਤੀ ਖਾਨਾਜੰਗੀ ਵਰਗੀ ਹੋ ਗਈ ਹੈ।
ਪਾਕਿਸਤਾਨ ਵਿੱਚ 30,000 ਕਰੋੜ ਰੁਪਏ ਦੀਆਂ ਫਸਲਾਂ ਬਰਬਾਦ ਹੋਈਆਂ ਹਨ। 29 ਲੱਖ ਏਕੜ ਦਾ ਫਸਲੀ ਰਕਬਾ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। 21 ਹਜ਼ਾਰ ਕਰੋੜ ਰੁਪਏ ਦੀ ਕਪਾਹ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ। ਸਿਰਫ਼ ਸਿੰਧ ਵਿੱਚ ਹੀ 5000 ਹਜ਼ਾਰ ਕਰੋੜ ਰੁਪਏ ਦੇ ਚੌਲਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। 340 ਕਰੋੜ ਰੁਪਏ ਦੀ ਗੰਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ। 777 ਕਰੋੜ ਰੁਪਏ ਦੀ ਮਿਰਚਾਂ ਦੀ ਫਸਲ ਵੀ ਨੁਕਸਾਨੀ ਗਈ ਹੈ। 271 ਕਰੋੜ ਰੁਪਏ ਦੇ ਟਮਾਟਰ ਬਰਬਾਦ ਹੋ ਚੁੱਕੇ ਹਨ। ਇੱਕ ਹਜ਼ਾਰ ਕਰੋੜ ਰੁਪਏ ਦਾ ਪਿਆਜ਼ ਬੇਕਾਰ ਹੋ ਗਿਆ ਹੈ।
ਮਰਨ ਵਾਲਿਆਂ ਦੀ ਗਿਣਤੀ 1200 ਤੋਂ ਵੱਧ ਲੋਕਾਂ ਵਿੱਚ 400 ਬੱਚੇ ਸ਼ਾਮਲ ਹਨ। 18 ਹਜ਼ਾਰ ਸਕੂਲ ਬਰਬਾਦ ਹੋ ਚੁੱਕੇ ਹਨ। 1 ਕਰੋੜ 60 ਲੱਖ ਬੱਚੇ ਪ੍ਰਭਾਵਿਤ ਹੋਏ ਹਨ। 34 ਲੱਖ ਬੱਚਿਆਂ ਨੂੰ ਇਸ ਵੇਲੇ ਸਿੱਧੀ ਮਨੁੱਖੀ ਮਦਦ ਦੀ ਲੋੜ ਹੈ। ਅੰਦਾਜ਼ੇ ਮੁਤਾਬਕ ਹੜ੍ਹਾਂ ਕਾਰਨ 20 ਲੱਖ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਸਕਦੀ ਹੈ।