ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ, ਨੂੰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ 3 ਦਿਨ ਦੀ ਹੋਰ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਨੀ 11 ਫਰਵਰੀ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿਚ ਰਹਿਣਗੇ। ਜਲੰਧਰ ਦੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀਮਤੀ ਰੁਪਿੰਦਰਜੀਤ ਕੌਰ ਚਾਹਲ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨੀ ਦੇ ਮਾਮਲੇ ’ਤੇ ਲਗਪਗ ਪੌਣਾ ਘੰਟਾ ਬਹਿਸ ਚੱਲੀ ਜਿਸ ਮਗਰੋਂ ਜੱਜ ਸਾਹਿਬਾ ਨੇ ਫ਼ੈਸਲਾ ਦੁਪਹਿਰ ਤੋਂ ਬਾਅਦ ਲਈ ਰਾਖ਼ਵਾਂ ਰੱਖ ਲਿਆ ਸੀ।
ਉਥੇ ਈਡੀ ਦੇ ਵਕੀਲ ਲੋਕੇਸ਼ ਨਾਰੰਗ ਤੇ ਭੁਪਿੰਦਰ ਸਿੰਘ ਹਨੀ ਦੇ ਵਕੀਲ ਹਰਨੀਤ ਸਿੰਘ ਓਬਰਾਏ ਦਰਮਿਆਨ ਕੇਸ ਦੀਆਂ ਦਲੀਲਾਂ ਨੂੰ ਲੈ ਕੇ ਬਹਿਸ ਹੋਈ। ਈਡੀ ਦੇ ਵਕੀਲ ਨੇ ਭੁਪਿੰਦਰ ਸਿੰਘ ਹਨੀ ਦੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਜੁਡੀਸ਼ੀਅਲ ਕੋਰਟ ਸੈਸ਼ਨ ਜੱਜ ਨੇ 3 ਦਿਨ ਦੇ ਰਿਮਾਂਡ ‘ਤੇ ਭੇਜਿਆ ਹੈ।