ਅਫਰੀਕੀ ਦੇਸ਼ ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ ਇੱਕ ਬੱਸ ‘ਤੇ ਹਮਲਾ ਕਰਕੇ ਘੱਟੋ-ਘੱਟ 19 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਇਹ ਜਾਣਕਾਰੀ ਯਾਤਰੀ ਟਰਾਂਸਪੋਰਟ ਕੰਪਨੀਆਂ ਦੀ ਐਸੋਸੀਏਸ਼ਨ ਨੇ ਵੀਰਵਾਰ ਨੂੰ ਦਿੱਤੀ ਅਤੇ ਦੱਸਿਆ ਕਿ ਘਟਨਾ ਸਥਾਨ ਬੁਰਕੀਨਾ ਫਾਸੋ ਦੀ ਸਰਹੱਦ ਦੇ ਨੇੜੇ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਮੋਟਰਸਾਈਕਲਾਂ ‘ਤੇ ਆਏ ਇੱਕ ਦਰਜਨ ਦੇ ਕਰੀਬ ਜਹਾਦੀਆਂ ਨੇ ਬੁੱਧਵਾਰ ਨੂੰ ਫੋਨੋ ਪਿੰਡ ਨੇੜੇ ਬੱਸ ਨੂੰ ਰੋਕਿਆ ਅਤੇ ਬੱਸ ਨੂੰ ਅੱਗ ਲਾਉਣ ਤੋਂ ਪਹਿਲਾਂ ਸਵਾਰੀਆਂ ਨੂੰ ਗੋਲੀ ਮਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਕਈ ਯਾਤਰੀ ਜ਼ਖਮੀ ਹਨ ਅਤੇ ਕਈ ਲਾਪਤਾ ਹਨ। ਉਨ੍ਹਾਂ ਨੇ ਦੱਸਿਆ ਕਿ ਬੱਸ ਬੁਰਕੀਨਾ ਫਾਸੋ ਦੀ ਰਾਜਧਾਨੀ ਊਗਾਡੌਗੂ ਤੋਂ ਨਾਈਜਰ ਦੀ ਰਾਜਧਾਨੀ ਨਿਆਮੀ ਜਾ ਰਹੀ ਸੀ। ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਬੁਰਕੀਨਾ ਫਾਸੋ ਦੀ ਸਰਹੱਦ ਨਾਲ ਲੱਗਦੇ ਤਿਲਬੇਰੀ ਖੇਤਰ ਵਿੱਚ ਇਸ ਤਰ੍ਹਾਂ ਦੇ ਹਮਲੇ ਅਤੀਤ ਵਿੱਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਸਬੰਧ ਰੱਖਣ ਵਾਲੇ ਜਿਹਾਦੀ ਸਮੂਹਾਂ ਦੁਆਰਾ ਕੀਤੇ ਗਏ ਹਨ।