ਨਿਊਯਾਰਕ ‘ਚ ਇੱਕ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗਣ ਕਾਰਨ 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅਧਿਕਾਰੀਆਂ ਮੁਤਾਬਿਕ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉੱਥੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਜਾਣਕਾਰੀ ਮੁਤਾਬਿਕ ਹਾਲ ਹੀ ਦੇ ਦਿਨਾਂ ‘ਚ ਨਿਊਯਾਰਕ ਦੇ ਕਿਸੇ ਰਿਹਾਇਸ਼ੀ ਇਲਾਕੇ ‘ਚ ਇਸ ਤਰ੍ਹਾਂ ਦੀ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਹੈ।
ਚਸ਼ਮਦੀਦਾਂ ਮੁਤਾਬਕ ਜਦੋਂ ਅੱਗ ਲੱਗੀ ਤਾਂ ਲੋਕ ਬਹੁਮੰਜ਼ਿਲਾ ਇਮਾਰਤ ਦੀ ਖਿੜਕੀ ਤੋਂ ਮਦਦ ਲਈ ਰੌਲਾ ਪਾ ਰਹੇ ਸਨ ਪਰ ਅੱਗ ਇੰਨੀ ਭਿਆਨਕ ਸੀ ਕਿ ਕੁੱਝ ਲੋਕਾਂ ਨੂੰ ਸਮੇਂ ਸਿਰ ਮਦਦ ਨਹੀਂ ਮਿਲੀ। ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਵਿੱਚ ਅੱਗ ਲੱਗਣ ਦੀ ਘਟਨਾ ਪੋਰਟੇਬਲ ਇਲੈਕਟ੍ਰਿਕ ਹੀਟਰ ਕਾਰਨ ਵਾਪਰੀ ਹੈ। ਇਸ ਵਿੱਚ 9 ਬੱਚੇ ਵੀ ਸ਼ਾਮਲ ਹਨ। ਇਹ ਘਟਨਾ ਅਮਰੀਕਾ ਵਿੱਚ ਸਭ ਤੋਂ ਘਾਤਕ ਰਿਹਾਇਸ਼ੀ ਅੱਗ ਹਾਦਸਿਆਂ ਵਿੱਚੋਂ ਇੱਕ ਹੈ। ਮੇਅਰ ਐਰਿਕ ਐਡਮਜ਼ ਨੇ ਦੱਸਿਆ ਕਿ “19 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਕਈਆਂ ਦੀ ਹਾਲਤ ਗੰਭੀਰ ਹੈ।” ਉਨ੍ਹਾਂ ਕਿਹਾ ਕਿ 63 ਲੋਕ ਜ਼ਖਮੀ ਹੋਏ ਹਨ। ਮੇਅਰ ਨੇ ਕਿਹਾ, “ਇਹ ਸਾਡੇ ਇਤਿਹਾਸ ਵਿੱਚ ਸਭ ਤੋਂ ਘਾਤਕ ਅੱਗਾਂ ਵਿੱਚੋਂ ਇੱਕ ਹੈ।”