ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਇੱਕ ਮਾਣ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੀ ਟ੍ਰਾਂਸਪੋਰਟ ਏਜੰਸੀ ਵਾਕਾ ਕੋਟਾਹੀ ਨੇ ਪਿਛਲੇ ਦਿਨੀ ਇੱਕ ਅਜਿਹਾ ਕਦਮ ਚੁੱਕਿਆ ਹੈ ਜਿਸ ਬਾਰੇ ਜਾਣ ਤੁਹਾਨੂੰ ਵੀ ਮਾਣ ਮਹਿਸੂਸ ਹੋਵੇਗਾ। ਦਰਅਸਲ ਟ੍ਰਾਂਸਪੋਰਟ ਏਜੰਸੀ ਨੇ ਪਹਿਲੀ ਵਾਰ ਕੋਈ ਸੂਚਨਾ ਪੰਜਾਬੀ ਭਾਸ਼ਾ ਵਿੱਚ ਜਾਰੀ ਕੀਤੀ ਹੈ। ਇਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦ ਕਾਰਨ ਇਹ ਹੈ ਕਿ ਨਿਊਜ਼ੀਲੈਂਡ ਜਨਗਨਣਾ ਦੌਰਾਨ 42,000 ਪੰਜਾਬੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖੀ ਸੀ ਤੇ ਓਸੇ ਕਾਰਨ ਹੁਣ ਟ੍ਰਾਂਸਪੋਰਟ ਏਜੰਸੀ ਨੇ ਵੀ ਜਾਣਕਾਰੀ ਸਾਂਝੀ ਕਰਨ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ ਹੈ।
ਟ੍ਰਾਂਸਪੋਰਟ ਏਜੰਸੀ ਨੇ ਇੱਕ ਪੋਸਟ ‘ਚ ਲਿਖਿਆ ਕਿ, “ਤੁਹਾਡੇ ਲਾਇਸੈਂਸ ਨੂੰ ਬਦਲਣ ਲਈ ਤੁਹਾਡੇ ਕੋਲ 18 ਮਹੀਨੇ ਹਨ। ਇਹ ਨਿਊਜ਼ੀਲੈਂਡ ਵਿੱਚ ਤੁਹਾਡੇ ਆਖਰੀ ਦਾਖਲੇ ਤੋਂ ਸ਼ੁਰੂ ਹੁੰਦਾ ਹੈ। ਜੇਕਰ ਤੁਸੀਂ ਇਸ ਸਮੇਂ ਵਿੱਚ ਆਪਣਾ ਲਾਇਸੈਂਸ ਨਹੀਂ ਬਦਲਦੇ ਤਾਂ ਤੁਹਾਨੂੰ ਡਰਾਈਵਿੰਗ ਕਰਨੀ ਰੋਕਣੀ ਪਵੇਗੀ। ਜੇਕਰ ਤੁਹਾਡਾ ਡਰਾਈਵਰ ਲਾਇਸੈਂਸ ਭਾਰਤ ਤੋਂ ਹੈ ਤਾਂ ਤੁਹਾਨੂੰ ਆਪਣੇ ਲਾਇਸੈਂਸ ਨੂੰ ਬਦਲਣ ਲਈ ਲਾਜ਼ਮੀ ਤੌਰ ‘ਤੇ ਇੱਕ ਥਿਊਰੀ (ਲਿਖਤ) ਅਤੇ ਪ੍ਰੈਕਟੀਕਲ (ਪ੍ਰਯੋਗਾਤਮਕ) ਡਰਾਈਵਿੰਗ ਟੈਸਟ ਪਾਸ ਕਰਨਾ ਪਵੇਗਾ। ਸਾਡੀ ਵੈੱਬਸਾਈਟ ‘ਤੇ ਇਸ ਬਾਰੇ ਹੋਰ ਜਾਣਕਾਰੀ ਹੈ ਕਿ ਤੁਹਾਨੂੰ ਆਪਣੇ ਲਾਇਸੈਂਸ ਨੂੰ ਬਦਲਣ ਲਈ ਕੀ ਕਰਨ ਦੀ ਲੋੜ ਹੈ।”