ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਲੁੱਟਾਂ ਖੋਹਾਂ ਕਾਰਨ ਜਿੱਥੇ ਪਹਿਲਾਂ ਹੀ ਲੋਕਾਂ ਚ ਡਰ ਦਾ ਮਹੌਲ ਹੈ, ਉਥੇ ਹੀ ਹੁਣ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਅਾਇਆ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ ਉਟਾਹੂਹੂ ਦੇ ਇੱਕ ਮੋਬਿਲ ਸਟੇਸ਼ਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਮੋਬਿਲ ਸਟੇਸ਼ਨ ਦੇ ਸਟੋਰ ਵਿੱਚ ਕੰਮ ਕਰਦੇ ਸਟਾਫ ਮੈਂਬਰ ਨੇ ਦੱਸਿਆ ਕਿ ਉਹ ਆਪਣੀ ਜਾਨ ਬਚਾਉਣ ਲਈ ਬਾਥਰੂਮ ਵਿੱਚ ਲੁੱਕ ਗਿਆ ਤੇ ਤੱਦ ਤੱਕ ਬਾਹਰ ਨਹੀਂ ਆਇਆ ਜਦੋਂ ਤੱਕ ਲੁਟੇਰੇ ਮੌਕੇ ਤੋਂ ਚਲੇ ਨਹੀਂ ਗਏ। ਇਹ ਮੋਬਿਲ ਸਟੇਸ਼ਨ ਗਰੇਟ ਸਾਊਥ ਰੋਡ ‘ਤੇ ਸਥਿਤ ਹੈ। ਫਿਲਹਾਲ ਪੁਲਿਸ ਨੇ ਇਸ ਵਾਰਦਾਤ ਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ ਤੇ ਲੁਟੇਰਿਆਂ ਦੀ ਭਾਲ ਜਾਰੀ ਹੈ।
